ਲਿਖਤੁਮ ਤਾਇਆ ਰੱਬ ਸਿਹੁੰ- ਆਗੇ ਮਿਲੇ ਬਾਬਾ ਨਾਨਕ

ਬਾਬਾ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ 550ਵੇਂ ‘ਹੈਪੀ ਬਰਥ ਡੇ’। ਵੈਸੇ ਤਾਂ ਇਤਿਹਾਸਕ ਤੱਥਾਂ ਅਨੁਸਾਰ ਆਪ ਜੀ ਦਾ ਜਨਮ ਵੈਸਾਖ ਕੇ ਮਹੀਨੇ ਮੇਂ ਹੋਇਆ ਥਾ, ਪਰ ਥੋਡ੍ਹੇ ਪੂਜਾਰੀਆਂ ਨੇ ਆਪਣੀ ਸੁੱਖ ਸਹੂਲਤ ਔਰ ਸੰਗਤ ਕਾ ਇਕੱਠ ਦੇਖਤੇ ਹੋਏ ਕੱਤਕ ਕੀ ਪੂਰਨਮਾਸ਼ੀ ਪਰ ਹੀ ਮਨਾਉਂਣਾ ਸ਼ੁਰੂ ਕਰ ਦਿੱਤਾ ਹੋਵੇਗਾ। ਵੇਸੈ ਤੋ ਸਾਡੇ ਵੱਡੇ-ਵੱਡੇਰੇ ਅਨਮੱਤੀਆਂ ਵਿਚੋਂ ਹੀ ਉਪਜੇ ਹੈਂ, ਸ਼ਾਇਦ ਇਸੇ ਕਾਰਨ ਹੀ ਆਪਣੇ ਧਰਮ ਕੀ ਹਰ ਬਾਤ ਕੋ ਥਿੱਤਾਂ, ਵਾਰਾਂ, ਮਹੂਰਤਾਂ, ਸੰਗਰਾਂਦਾਂ, ਮੱਸਿਆ ਅਤੇ ਪੁੰਨਿਆਂ ਸੇ ਜੋੜ ਕਰ ਦੇਖਤੇ ਹੈਂ। ਪੁੰਨਿਆਂ ਕਾ ਦਿਨ ਤਾਂ ਵੈਸੇ ਭੀ ਪੁੰਨ ਵਾਲਾ ਦਿਨ ਹੋਤਾ ਹੈ। ਇਸੇ ਕਰਕੇ ਹੀ ਬਾਕੀ ਅਵਤਾਰੀ ਪੁਰਖੋਂ ਕੀ ਤਰਹ ਆਪ ਜੀ ਕਾ ‘ਹੈਪੀ ਵਾਲਾ ਬਰਥ ਡੇ’ ਪੁੰਨਿਆਂ ਵਾਲੇ ਦਿਨ ਹੀ ਆਤਾ ਹੈ। ਨਾਲੇ ਬਾਬਾ ਜੀ ਪੁਰਾਣੇ ਸਮੇਂ ਵਿਚ ਵੈਸਾਖ ਵਾਲਾ ਮਹੀਨਾ ਤਾਂ ਏਸ ਕਰਕੇ ਰੁਝੇਵੇਂ ਵਾਲਾ ਹੁੰਦਾ ਸੀ, ਕਿਉਂਕਿ ਉਸ ਟੈਮ ਪੂਰੇ ਸਾਲ ਮੇਂ ਹੋਣੇ ਵਾਲੀ ਏਕੋ ਏਕ ਫਸਲ ਕਣਕ ਕੀ ਕਟਾਈ ਕੀ ਤਿਆਰੀ ਕਾ ਸਮਾਂ ਹੋਤਾ ਥਾ। ਜੱਟ ਔਰ ਪਿੰਡ ਕੇ ਹੋਰ ਲੋਗ ਇਸੀ ਫਸਲ ਪੇ ਨਿਰਭਰ ਕਰਤੇ ਥੇ। ਉਸ ਟੈਮ ਕੇ ਲੋਗੋਂ ਨੇ ਸੋਚਿਆ ਹੋਵੇਗਾ ਕਿ ਬਾਬੇ ਕਾ ਜਨਮ ਦਿਨ ਵੇਹਲੇ ਟੈਮ ਮਨਾ ਲਿਆ ਜਾਵੇ। ਸੋ ਆਪ ਜੀ ਕੇ ਪੰਥ ਨੇ ਪੰਡਿਤ ਜੀ ਸੇ ਮਹੂਰਤ ਖੁੱਲਵਾਇਆ ਹੋਵੇਗਾ, ਜੋ ਕੱਤਕ ਕੀ ਪੂਰਨਮਾਸ਼ੀ ਕੋ ਆਪ ਜੀ ਕੇ ‘ਹੈਪੀ ਵਾਲੇ ਬਰਥ ਡੇ’ ਕੀ ਰੀਤ ਬਣ ਗਈ। ਮਨਮਤਿ-ਜਿੰਦਾਬਾਦ!
ਬਾਬਾ ਜੀ, ਵੇਸੈ ਭੀ ਕੱਤਕ ਕੇ ਮਹੀਨੇ ਕਾ ਮੌਸਮ ਵਧੀਆ ਹੋਤਾ ਹੈ। ਵਧੀਆ ਵਧੀਆ ਲੰਗਰ ਬਣਤੇ ਹੈਂ ਔਰ ਛੱਕਣ-ਛਕਾਣ ਕਾ ਮੂਡ ਭੀ ਅੱਛਾ ਬਣਤਾ ਹੈ। ਤੇਰੇ ਸਿੱਖਾਂ ਪਾਸ ਸਿੱਖੀ ਕੀ ਏਕ ਪ੍ਰੰਪਰਾ ਹੀ ਤੋ ਸਦਾ ਬਹਾਰ ਕਾਇਮ ਹੈ, ਵੋਹ ਹੈ ਲੰਗਰ ਕੀ ਸੇਵਾ। ਕਿਸੇ ਸਿੱਖ ਨੂੰ ਤੇਰੀ ਬਾਣੀ ਸੇ ਕੋਈ ਵਾਹ ਵਾਸਤਾ ਹੀ ਨਹੀਂ, ਬੱਸ ਜਬ ਪੂਛੋ ਕਿਥੇ ਗਏ ਸੀ? – ਲੰਗਰ ਛੱਕਣੇ। ਕੀ ਸੇਵਾ ਕਰ ਰਹੇ ਹੋ? – ਲੰਗਰ ਬਨਾਣੇ ਕੀ। ਕਿਥੋਂ ਆਏ ਹੋ? -ਲੰਗਰ ਛੱਕ ਕੇ। ਬਸ ਯਿਹ ਸਿੱਖ ਲੋਗ ਤਾਂ ਲੰਗਰ ਤੱਕ ਹੀ ਸੀਮਤ ਹੋ ਗਏ ਹੈਂ। ਆਪੇ ਲੰਗਰ ਬਣਾ ਲੀਆ ਔਰ ਆਪੇ ਹੀ ਛੱਕ ਲੀਆ। ਗੁਰਪੁਰਬਾਂ ‘ਤੇ ਵੀ ਗੁਰਬਾਣੀ ਕੀ ਬਾਤ ਕਮ ਔਰ ਲੰਗਰ ਕੀ ਬਾਤ ਜਿਆਦਾ ਚਲਤੀ ਹੈ।
‘ਅਮਕੇ ਗੁਰਦੁਆਰੇ ਲੰਗਰ ਬੜਾ ਵਧੀਆ ਬਣਿਆ ਸੀ।’
‘ਫਲਾਣੀ ਪੱਤੀ ਵਾਲਿਆਂ ਕਾ ਲੰਗਰ ਤਾਂ ਐਂਵੇ ਈਂ ਸੀ।’
‘ਚਲ ਓਏ ਲੰਗਰ ਛੱਕਣ ਚਲੀਏ, ਲੱਭੂ ਹੁਰਾਂ ਨੇ ਚਾਹ ਪਕੌੜਿਆਂ ਕਾ ਲੰਗਰ ਲਾਇਐ।’
‘ਵੱਡੇ ਪਿੰਡ ਖੀਰ ਅਤੇ ਜਲੇਬੀਆਂ ਦਾ ਲੰਗਰ ਲਗਾ ਈ।’
ਹੋਰ ਤਾਂ ਹੋਰ ਕੁਝ ਸਾਲ ਪਹਿਲਾਂ 300 ਸਾਲਾ ਗੁਰਪੁਰਬ ‘ਤੇ ਇਕ ਸਿੱਖ ਬਾਬੇ ਨੇ ਲੰਗਰ ਵਿਚ 300 ਤਰ੍ਹਾਂ ਦੇ ਪਕਵਾਨ ਬਣਾਏ ਸਨ। ਕਈ ਕਿਸਮ ਕੇ ਡੋਸੇ, ਬਰਗਰ, ਨੂਡਲ, ਪੀਜ਼ੇ ਔਰ ਭੀ ਬਹੁਤ ਕੁਝ ਪਕਵਾਨ ਬਣਾਏ ਥੇ।
ਬਾਬਾ ਜੀ ਮੇਰੇ ਕੋ ਯਿਹ ਬਾਤ ਭੀ ਸਮਝ ਨਹੀਂ ਆ ਰਹੀ ਹੈ ਕਿ ਤੁਸੀਂ ਤਾਂ 20 ਰੁਪਏ ਖਰਚ ਕੇ ਭੁੱਖੇ ਸਾਧੂਆਂ ਕੋ ਲੰਗਰ ਛਕਾਇਆ ਥਾ। ਅਬ ਤੇਰੇ ਸਿੱਖ ਤਾਂ ਲੋਕਾਂ ਪਾਸੋਂ 20 ਲੱਖ ਜਬਰੀ ਉਗਰਾਹੀ ਕਰਕੇ ਆਪੇ ਹੀ ਲੰਗਰ ਬਣਾ ਲੈਤੇਂ ਹੈਂ ਤੇ ਫਿਰ ਆਪੇ ਹੀ ਛੱਕ ਲੇਤੇ ਹੈਂ, ਪਰ ਕਹਿਤੇ ਹੈਂ ਕਿ ਬਾਬੇ ਕੀ 20 ਰੁਪਏ ਵਾਲੀ ਐਫ. ਡੀ. ਸੇ ਲੰਗਰ ਚਲਤਾ ਹੈਂ। “ਲੰਗਰ – ਜਿੰਦਾਬਾਦ!”
ਹੋਰ ਕੀ ਕਹਾਂ ਬਾਬਾ ਜੀ, ਤੇਰੇ ਆਜ ਕੇ ਬਹੁਤੇ ਸਿੱਖ ਤੋ ਕਿਰਤ ਕਰਨਾ, ਨਾਮ ਜੱਪਣਾ ਔਰ ਵੰਡ ਛੱਕਣ ਕੇ ਖੂਬ ਬਖ੍ਹੀਏ ਉਦੇੜ੍ਹ ਰਹੇ ਹੈਂ। ਕਿਰਤ ਤੋ ਕਰਤੇ ਹੈਂ, ਪਰ ਮਲਕ ਭਾਗੋ ਵਾਲੀ। ਰਾਤੋ-ਰਾਤ ਅਮੀਰ ਹੋਣੇ ਲਈ ਆਪਣੀ ਜ਼ਮੀਰ ਵੀ ਵੇਚ ਦੇਤੇ ਹੈਂ। ਵੈਸੇ ਤੋ ਫਾਇਦਾ ਹੈ ਕਿ ਇਸ ਸੇ ਗਰੀਬ ਲਾਲੋਆਂ ਕੀ ਗਿਣਤੀ ਵੱਧ ਰਹੀ ਹੈ, ਪਰ ਭਾਈ ਲਾਲੋ ਜੈਸਾ ਸਿਦਕ ਔਰ ਨਿਯਮ ਕਿਸੇ ਕਿਸੇ ਕੇ ਪਾਸ ਹੈ ਜੀ। ਹਾਂ ਨਾਮ ਜਪਣ ਕੀ ਜਰੂਰਤ ਤੋ ਰਹੀ ਨਹੀਂ, ਚਾਹੇ ਜਦੋਂ ਮਰਜ਼ੀ 5100 ਯਾ 11000 ਰੁਪਏ ਭੇਟਾ ਕਰਕੇ ਆਖੰਡ ਪਾਠ ਕਾ ਫਲ ਖਰੀਦ ਸਕਤੇ ਹੈਂ। ਏਕ ਗੱਲ ਬਾਬਾ ਬੜੀ ਰੜਕਦੀ ਹੈ ਕਿ ਜਬ ਸਿੱਖਾਂ ਕੇ ਘਰ ਕੱਚੇ ਥੇ, ਤਾਂ ਦਿਲ ਬੜੇ ਸੱਚੇ ਥੇ। ਅਬ ਇਹਨਾਂ ਕੇ ਘਰ ਤਾਂ ਸੰਗਮਰਮਰ ਕੇ ਪਥਰੋਂ ਸੇ ਪੱਕੇ ਹੋ ਗਏ ਹੈਂ ਔਰ ਦਿਲ ਕੱਚੇ ਹੋ ਗਏ ਹੈਂ। ਰਹੀ ਬਾਤ ‘ਵੰਡ ਛੱਕਣ’ ਕੀ, ਵੋਹ ਤੋ ਗਰੀਬ ਕੀ ਜੇਬ ਸੇ ਨਿਕਾਲਾ ਹੋਇਆ ਪੈਸਾ ਐਨ ਨੀਚੇ ਸੇ ਊਪਰ ਤੱਕ ਵੰਡ ਕੇ ਛੱਕਤੇ ਹੈਂ। “ਮਾਇਆ-ਜਿੰਦਾਬਾਦ!”
ਬਾਬਾ ਇਕ ਗੱਲ ਮੇਰੇ ਕੋ ਸਮਝ ਨਹੀਂ ਆ ਰਹੀ ਕਿ ਤੇਰੀਆਂ ਉਦਾਸੀਆਂ ਟੈਮ ਵੇਲੇ ਤੇਰੀ ਸਿੱਖੀ ਮੇਂ ਸ਼ਾਮਿਲ ਹੋਣ ਵਾਲੇ ਲੋਗ ਤਾਂ ਆਪਣੀ ਸਾਰੀ ਉਮਰ ਤੇਰੀ ਸਿੱਖੀ ਕੇ ਪ੍ਰਚਾਰ ਮੇਂ ਹੀ ਲਗਾ ਦੇਤੇ ਥੇ, ਸ਼ਾਇਦ ਇਸੇ ਕਰਕੇ ਹੀ ਇਕ ਮੁਸਲਮਾਨ ਲੇਖਕ ਨੇ ਤੇਰੇ ਟੈਮ ਮੇਂ ਤਿੰਨ ਕਰੋੜ ਲੋਗੋਂ ਕੋ ਸਿੱਖੀ ਕੀ ਦਾਤ ਦੇ ਕਰ ਸਿੱਖ ਬਣਾਨੇ ਕੀ ਬਾਤ ਕਾ ਜ਼ਿਕਰ ਕੀਆ ਹੈ। ਮਰਦਾਨਾ ਸਾਰੀ ਉਮਰ ਤੇਰੇ ਸਾਥ ਸੁੱਖ-ਦੁੱਖ ਝੇਲਤਾ ਰਹਾ ਔਰ ਵੋਹ ਤੇਰਾ ਭਾਈ ਮਰਦਾਨਾ ਹੀ ਰਹਾ, ਸੰਤ ਨਹੀਂ ਬਣਿਆ, ਬਲਕਿ ਤੇਰੇ ਦੱਸ ਜਾਮਿਆਂ ਮੇਂ ਬਾਬਾ ਬੁੱਢਾ ਜੀ ਸਮੇਤ ਕੋਈ ਔਰ ਸਿੱਖ ਭੀ ਸੰਤ ਨਹੀਂ ਬਣਿਆ। ਪਰ ਅੱਜਕਲ ਤੋ ਇੱਟ ਪੁਟਿਆਂ ਸੰਤ ਮਿਲ ਜਾਤੇ ਹੈਂ, ਮੈਂਨੇ ਤੋ ਯਿਹ ਭੀ ਸੁਣਾ ਹੈ ਕਿ ਹਰੇਕ ਇੱਟ ਕੇ ਊਪਰ ਭੀ ਦੋ-ਚਾਰ ਸੰਤ ਬੈਠੇ ਮਿਲ ਜਾਤੇ ਹੈਂ। ਸੰਤ ਭਾਈ ਗੁਰਦਾਸ ‘ਘਰ-ਘਰ ਅੰਦਰ ਧਰਮਸਾਲ’ ਵਾਲੀ ਬਾਤ ਤੋ ਬਿਲਕੁਲ ਸੱਚ ਸਾਬਿਤ ਹੋ ਰਹੀ ਹੈ। ਅਭ ਤੋ ਹਰੇਕ ਮੁਹੱਲੇ ਮੇਂ ਡੇਰਾ ਹੈ, ਬਲਕਿ ਹਰੇਕ ਡੇਰੇ ਮੇਂ ਕਈ ਕਈ ਡੇਰੇ ਬਣੇ ਹੂਏ ਹੈਂ। “ਸੰਤਵਾਦ-ਜਿੰਦਾਬਾਦ!”
ਅਬ ਤਾਂ ਸੰਤ ਬਾਬੇ ਐਸੀ ਐਸੀ ਕਰਤੂਤਾਂ ਕਰ ਰਹੇ ਹੈਂ ਕਿ ਸ਼ਰਮ ਸੇ ਸਿਰ ਝੁੱਕ ਜਾਤਾ ਹੈ। ਕਭੀ ਕੋਈ ਸੰਤ ਬਾਬਾ ਕੁੜੀਉਂ ਕੀ ਇੱਜ਼ਤ ਸੇ ਖੇਡ ਰਿਹਾ ਹੈ, ਕੋਈ ਸੁਪਨੇ ਮੇਂ ਸੋਨੇ ਕੇ ਖਜ਼ਾਨੇ ਕੀ ਭਵਿੱਖਬਾਣੀ ਕਰ ਰਿਹਾ ਹੈ, ਕੋਈ ਕਾਰ-ਸੇਵਾ ਕੀ ਆੜ ਮੇਂ ਨਸ਼ਿਆਂ ਕੀ ਸਮਗਲਿੰਗ ਕਰ ਰਿਹਾ ਹੈ, ਕੋਈ ਹੱਥ ਕੀ ਸਫਾਈ ਸੇ ਜਾਦੂ ਦਿਖਲਾਅ ਕੇ ਲੋਗੋਂ ਕੋ ਬੁੱਧੂ ਬਣਾ ਰਿਹਾ ਹੈ ਯਾ ਇਵੇਂ ਕਹਿ ਲਵੋ ਕਿ ਹਰੇਕ ਬਾਬਾ ਕਿਸੀ ਨਾ ਕਿਸੀ ਢੰਗ ਸੇ ਭੋਲੀ ਭਾਲੀ ਜਨਤਾ ਕੋ ਲੁੱਟ ਔਰ ਕੁੱਟ ਰਿਹਾ ਹੈ। ਬਾਬੇ ਲੁੱਟੀ ਜਾਤੇ ਹੈਂ, ਦੁਨੀਆਂ ਲੁਟਾਈ ਜਾ ਰਹੀ ਹੈ। ‘ਮਾਈਆਂ ਰੱਬ ਰਜ਼ਾਈਆਂ’ ਵਾਲੀ ਬਾਤ ਤਾਂ ਆਜ ਕੱਲ ਪੂਰੀ ਤਰਹ ਠੀਕ ਸਾਬਿਤ ਹੋ ਰਹੀ ਹੈ। ਬਹੁਤ ਸਾਰੀਆਂ ਸਿੱਖ ਬੀਬੀਆਂ ਏਨ੍ਹੀਆਂ ਰੱਜ ਗਈਆਂ ਹਨ ਕਿ ਐਤਵਾਰ ਔਰ ਮਸਿਆ-ਪੁੰਨਿਆਂ ਵਾਲੇ ਦਿਨ ਜੁਆਕਾਂ ਦੇ ਮੂੰਹ ਵਿਚੋਂ ਦੁੱਧ ਖੋਹ ਕੇ ਬਾਬਿਓਂ ਕੇ ਡੇਰੇ ਮੇਂ ਬਦਾਮਾਂ ਵਾਲੀ ਖੀਰ ਬਣਾ ਕੇ ਲੈ ਜਾਤੀ ਹੈਂ। ਵੈਸੇ ਭੀ ਕਹਿਤੇ ਹੈਂ ਕਿ ਬੀਬੀਓਂ ਕਾ ਬਾਬਾ ਕਭੀ ਭੂਖਾ ਨਹੀਂ ਮਰਤਾ। ਜਿਨ ਬੀਬੀਓਂ ਨੇ ਘਰ ਮੇਂ ਕਈ-ਕਈ ਨੌਕਰ ਰਖੇ ਹੋਤੇ ਹੈਂ, ਵੋਹ ਭੀ ਬਾਬਿਓਂ ਕੇ ਡੇਰੇ ਮੇਂ ਝਾੜੂ ਦੇ ਰਹੀ ਹੋਤੀ ਹੈਂ।” ਬੀਬੀਓਂ ਕੇ ਬਾਬੇ-ਜਿੰਦਾਬਾਦ!”
ਬਾਬਾ ਜੀ, ਕੁਝ ਦਿਨ ਪਹਿਲੇ ਆਪ ਜੀ ਕੇ ਸਿੱਖਾਂ ਨੇ ਥੋਡ੍ਹਾ ਵਿਆਹ ਪੁਰਬ ਵੀ ਮਨਾਇਆ ਥਾ। ਬਾਬਾ ਜੀ ਆਪ ਕੀ ਤੋ ਮੌਜੇਂ ਹੈਂ ਔਰ ਸਾਥ-ਸਾਥ ਸੰਗਤ ਕੀ ਭੀ। ਮਾਤਾ ਸੁਲੱਖਣੀ ਕੇ ਸ਼ਹਿਰ ਬਟਾਲੇ ਵਾਲੀ ਸੰਗਤ ਜਦੋਂ ਆਪ ਜੀ ਕੋ ਸ਼ਗਨ ਲਾਉਂਣ ਤੋਂ ਬਾਅਦ ਸੁਲਤਾਨਪੁਰ ਲੋਧੀ ਤੋਂ ਵਾਪਸ ਆ ਰਹੀ ਥੀ ਤਾਂ ਨਜ਼ਾਰਾ ਵੇਖਣੇ ਹੀ ਵਾਲਾ ਬਣਤਾ ਥਾ। ਬਾਬਾ ਜੀ ਆਪ ਕੀ ਬਰਾਤ ਕੇ ਆਗੇ ਆਗੇ ਨੌਜਵਾਨ ਮੁੰਡੀਰ ਪੂਰੀ ਖਰਮਸਤੀ ਨਾਲ ਬਾਈਕਾਂ ਕੇ ਸਾਇਲੈਂਸਰ ਉਤਾਰ ਕੇ ਪਟਾਖੇ ਪਾ ਕੇ ਆਪ ਕੀ ਬਾਰਾਤ ਕੇ ਆਗੇ ਆਗੇ ਜਾ ਰਹੀ ਥੀ। ਰਸਤੇ ਮੇਂ ਬਰਾਤੀਓਂ ਕੇ ਲਈ ਸਵਾਗਤੀ ਗੇਟਾਂ ਔਰ ਲੰਗਰਾਂ ਕੀ ਭਰਮਾਰ ਥੀ। ਵਿਆਹ ਮੇਂ ਸ਼ਾਮਿਲ ਬਰਾਤੀ ਏਕ ਦੂਸਰੇ ਸੇ ਆਗੇ ਨਿਕਲ ਕੇ ਚਾਹ-ਪਕੌੜਿਆਂ, ਠੰਡਿਆਂ ਅਤੇ ਜਲੇਬੀਆਂ ਕੇ ਮਜ਼ੇ ਲੈ ਰਹੇ ਸਨ। ਬਾਬਾ ਜੀ ਆਪ ਕੀ ਵੋਹ ਬਰਾਤ ਤੋ ਭੂਖੇ ਨੰਗੇ ਸਾਧੂਆਂ ਕੀ ਕਹੀ ਜਾਤੀ ਥੀ ਔਰ ਯਿਹ ਸਲਾਨਾ ਬਰਾਤ ਭੀ ਭੁੱਖੜ ਸਿੱਖਾਂ ਕੀ ਲਗ ਰਹੀ ਥੀ। ਬਟਾਲੇ ਕੋ ਦੁਲਹਨ ਕੀ ਤਰ੍ਹਾਂ ਸਜਾਇਆ ਗਿਆ ਥਾ ਔਰ ਚਿੱਟੀ ਗਰਾਉਂਡ ਮੇਂ ਤੋ ਬਰਾਤੀਓਂ ਕੇ ਮਨੋਰੰਜਨ ਲਈ ਭੰਗੂੜੇ, ਸਰਕਸ, ਗੋਲ-ਗੱਪੇ, ਨਿਊਡਲਜ਼, ਟਿੱਕੀਆਂ, ਕੰਜਰੀਉਂ ਕਾ ਨਾਚ ਗਾਣਾ ਔਰ ਜੂਆ ਖੇਡਣ ਕਾ ਪੂਰਾ ਪੂਰਾ ਬੰਦੋਬਸਤ ਥਾ। ਏਕ ਬਾਤ ਅੱਛੀ ਥੀ ਕਿ ਸ਼ਾਰਾਬ ਕੇ ਠੇਕੇ ਬੰਦ ਥੇ, ਪਰ ਚੋਰੀ-ਚੋਰੀ ਸਾਰੇ ਨਸ਼ੇ ਹੀ ਵਿੱਕ ਰਹੇ ਥੇ। ਅਗਰ ਵਿਆਹ-ਸ਼ਾਦੀ ਮੇਂ ਪੈਗ-ਸੈਗ ਨਹੀਂ ਲਗਾਇਆ ਤੋ ਖਰਮਸਤੀ ਕੈਸੇ ਹੋਗੀ? ਬਾਬਾ ਜੀ ਆਪ ਜੀ ਕਾ ਵਿਆਹ ਵੇਖਣ ਕਾ ਤੋ ਬਹੁਤ ਮਜ਼ਾ ਆਇਆ, ਪਰ ਇਸ ਮੌਕੇ ਪੇ ਬਾਬਾ ਨਾਨਕ ਜੀ ਆਪ ਖੁਦ ਔਰ ਆਪ ਕੀ ਬਾਣੀ ਕੇ ਸਿਧਾਂਤ ਗਾਇਬ ਹੀ ਰਹੇ। “ਬਾਬੇ ਕਾ ਵਿਆਹ-ਜਿੰਦਾਬਾਦ!”
ਅੱਛਾ ਬਾਬਾ ਜੀ ਅਬ ਚਿੱਠੀ ਬੰਦ ਕਰਤਾ ਹੂੰ, ਕਿਉਂਕਿ ਸੰਗਤ ਕਾਹਲੀ ਪੈ ਰਹੀ ਹੈ ਕਿ “ਹੈਪੀ ਬਰਥ ਡੇ” ਵਾਲੇ ਕੇਕ ਕਾ ਬਾਬਾ ਜੀ ਕੋ ਭੋਗ ਲਗਾਨਾ ਹੈ। ਫਿਰ ਹਮ ਸਾਰੇ ਮਿਲ ਕੇ ਆਪ ਜੀ ਕਾ ਭੋਗ ਲਗਿਆ ਸੀਤ ਕੇਕ ਛੱਕੇਂਗੇ। ਇਕ ਗੱਲ ਹੋਰ ਚੇਤੇ ਆ ਗਈ ਆਜ ਕੱਲ ਕੇ ਸਿੱਖ ਡੇਰੇਦਾਰੋਂ ਕੀ ਦੇਖਾ ਦੇਖੀ ਮੂਰਤੀਆਂ ਵਾਂਗੂ ਕੜਾਹ ਪ੍ਰਸ਼ਾਦ ਸਮੇਤ ਸਾਰੇ ਪਦਾਰਥਾਂ ਕੋ ਆਪ ਜੀ ਕਾ ਭੋਗ ਲਗਾ ਕੇ ਛੱਕਤੇ ਹੈਂ। ਮੈਨੂੰ ਤਾਂ ਕਈ ਵਾਰ ਖਦਸ਼ਾ ਹੋਤਾ ਹੈ ਕਿ ਯਿਹ ਲੋਗ ਪ੍ਰਗਟ ਗੁਰਾਂ ਕੀ ਦੇਹ ਸ਼ਬਦ ਗੁਰੂ ਸਾਹਿਬ ਕੇ ਅੰਗਾਂ ਕੋ ਕੜਾਹ ਪ੍ਰਸ਼ਾਦ ਕਾ ਭੋਗ ਹੀ ਲਗਾਨਾ ਨਾ ਸ਼ੁਰੂ ਕਰ ਦੇਵੇਂ। ਮੁਝੇ ਤੋ ਯਿਹ ਭੀ ਸ਼ੱਕ ਹੈ ਕਿਸੀ ਦਿਨ ਯਿਹ ਲੋਗ ਗੁਰੂ ਗਰੰਥ ਸਾਹਿਬ ਜੀ ਕੋ ਅੰਮ੍ਰਿਤ ਵੇਲੇ ਕਾ ਇਸ਼ਨਾਨ ਹੀ ਨਾ ਕਰਵਾ ਦੇਵੇਂ, ਕਿਉਂਕਿ ਗਰਮੀਓਂ ਮੇਂ ਏ.ਸੀ. ਔਰ ਸਰਦੀਓਂ ਮੇਂ ਗਰਮ ਕੰਬਲ ਦੇਣੇ ਕਾ ਰੁਝਾਨ ਤੋ ਸ਼ੁਰੂ ਹੋ ਚੁੱਕਾ ਹੈ। “ਬਾਬੇ ਦਾ ਭੋਗ-ਜ਼ਿੰਦਾਬਾਦ!”
ਬਾਬਾ ਜੀ ਚਿੱਠੀ ਬੰਦ ਕਰਤਾ ਹੂੰ, ਕਿਉਂਕਿ ਬਾਹਰ ਗਲੀ ਮੇਂ ਖੜਾਕ ਸਾ ਹੂਆ ਹੈ। ਕਿਉਂਕਿ ਡਰ ਜਿਹਾ ਲਗ ਰਹਾ ਹੈ ਕਿ ਕੋਈ ਸਤਿਕਾਰ ਜਥਾ ਆ ਕਰ ਮੇਰੀ ਹੱਡੀ ਪਸਲੀ ਏਕ ਨਾ ਕਰ ਦੇਵੇ ਕਿ ਬਾਬਾ ਜੀ ਕੋ ਚਿੱਠੀ ਲਿਖ ਕਰ ਸ਼ਿਕਾਇਤ ਕਿਉਂ ਕੀ ਹੈ। ਹਾਂ ਇਸ ਸੇ ਪਹਿਲੇ ਮੇਰੀ ਬਿਨਤੀ ਹੈ ਕਿ ਬਾਬਾ ਨਾਨਕ ਜੀ ਆਪ ਆਪਣੇ ਇਹਨਾਂ ਭੱਟਕੇ ਹੂਏ ਸਿੱਖਾਂ ਕੋ ਸੁਮੱਤ ਬਖਸ਼ ਦਿਓ ਕਿ ਯਿਹ ਤੁਮਹਾਰੇ ਉਪਦੇਸ਼ਾਂ ਔਰ ਸਿਧਾਂਤਾਂ ਕੋ ਅਪਨਾ ਲੇਵੇਂ। ਜਲਦੀ ਜਲਦੀ ਮੇਂ ਮੇਰੇ ਵੱਲੋਂ ਮਾਤਾ ਸੁਲੱਖਣੀ ਕੋ ਔਰ ਬੇਬੇ ਨਾਨਕੀ ਕੋ ਪੈਰੀਂ ਪੈਣਾ। ਭਾਈਆ ਜੈ ਰਾਮ ਔਰ ਸਭੀ ਪਰਿਵਾਰ ਕੋ ਪਿਆਰ ਭਰੀ ਯਾਦ! ਹਾਂ ਮਰਦਾਨੇ ਕੋ ਕਹਿਣਾ ਕਿ ਕਭੀ ਮੌਕਾ ਮਿਲੇ ਤੋ ਅਖੌਤੀ ਸੰਤ ਲੋਗੋਂ ਕੋ ਸਮਝਾਏ ਕਿ ਬਾਬੇ ਨਾਨਕ ਕਾ ਭਾਈ ਬਣਨ ਮੇਂ ਜੋ ਮਜ਼ਾ ਹੈ, ਵੋਹ ਸੰਤ ਬਨਣੇ ਮੇਂ ਨਹੀਂ। “ਬਾਬੇ ਦੇ ਸ਼ਰਧਾਲੂ-ਜ਼ਿੰਦਾਬਾਦ!”
ਸਤਿ ਕਰਤਾਰ!

ਦਲਜੀਤ ਸਿੰਘ ਮਹਿਤਾ ਚੌਂਕ +919 878 278 007

Install Punjabi Akhbar App

Install
×