ਬੱਲੇ ਓ ਚਲਾਕ ਸੱਜਣਾ! ਟੈਕਸ ਨੰਬਰ ਲੋਕਾਂ ਦਾ ਖਾਤਾ ਨੰਬਰ ਆਪਣਾ: -2,60,000 ਡਾਲਰ ਦੇ ਟੈਕਸ ਦੀ ਚੋਰੀ -120 ਲੋਕਾਂ ਦੇ ਟੈਕਸ ਨੰਬਰ ਵਰਤੇ

NZ PIC 23 April-1ਨਿਊਜ਼ੀਲੈਂਡ ‘ਚ ‘ਬੇਅ ਆਫ ਪਲੈਂਟੀ’ ਖੇਤਰ ਜੋ ਕਿ ਕੀਵੀ ਦੀ ਖੇਤੀਬਾੜੀ ਲਈ ਮਸ਼ਹੂਰ ਹੈ ਅਤੇ ਪੰਜਾਬੀਆਂ ਲਈ ਮਿਹਨਤ ਨਾਲ ਕਮਾਈ ਕਰਨ ਦਾ ਇਕ ਵਧੀਆ ਢੰਮ ਹੈ, ਵਿਖੇ ਇਕ 36 ਸਾਲਾ ਭਾਰਤੀ ਠੇਕੇਦਾਰ ਨੇ ਸਰਕਾਰ ਦੇ ਟੈਕਸ ਵਿਭਾਗ ਨਾਲ 2,60,000 ਡਾਲਰ ਦੀ ਹੇਰਾਫੇਰੀ ਕੀਤੀ ਹੈ। ਇਸ ਅਪਰਾਧ ਬਦਲੇ ਬੀਤੇ ਕੱਲ੍ਹ ਹਮਿਲਟਨ ਜ਼ਿਲ੍ਹਾ ਅਦਾਲਤ ਵੱਲੋਂ ਇਸ ਭਾਰਤੀ ਨੂੰ 10 ਮਹੀਨੇ ਦੀ ਘੇਰਲੂ ਸਜ਼ਾ ਸੁਣਾਈ ਗਈ ਹੈ। ਇਸ ਠੇਕੇਦਾਰ ਨੇ ਲਗਪਗ 120 ਯੋਗ ਅਤੇ ਅਯੋਗ ਲੋਕਾਂ ਦੇ ਟੈਕਸ ਨੰਬਰ (ਆਈ.ਆਰ.ਡੀ.) ਵਰਤ ਕੇ ਅਤੇ ਕਾਗਜ਼ਾਂ ਵਿਚ ਉਨ੍ਹਾਂ ਨੂੰ ਮਿਹਨਤਾਨਾ ਦਿੱਤਾ ਦਿਖਾ ਕੇ ਸਰਕਾਰ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਕੁਝ ਲੋਕਾਂ ਨੂੰ ਟੈਕਸ ਸਟੇਟਮੈਂਟਾਂ ਰਾਹੀਂ ਪਤਾ ਲੱਗਿਆ ਕਿ ਉਨ੍ਹਾਂ ਦਾ ਐਨਾ ਜਿਆਦਾ ਟੈਕਸ ਕਿੱਥੋਂ ਚਲਾ ਗਿਆ ਹੈ ਤਾਂ ਉਨ੍ਹਾਂ ਟੈਕਸ ਵਿਭਾਗ ਕੋਲ ਸ਼ਿਕਾਇਤ ਕੀਤੀ।  ਟੈਕਸ ਵਿਭਾਗ ਤੁਰੰਤ ਹਰਕਤ ਵਿਚ ਆਇਆ ਅਤੇ ਅਗਲੀ ਜਾਂਚ-ਪੜ੍ਹਤਾਲ ਹੋਈ ਤੇ ਠੇਕੇਦਾਰ ਦੋਸ਼ੀ ਪਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਕਈ ਉਨ੍ਹਾਂ ਲੋਕਾਂ ਦੇ ਵੀ ਟੈਕਸ ਨੰਬਰ ਵਰਤ ਲਏ ਗਏ ਜਿਹੜੇ ਕਾਨੂੰਨੀ ਤੌਰ ‘ਤੇ ਇਥੇ ਕੰਮ ਕਰਨ ਦੇ ਹੱਕਦਾਰ ਵੀ ਨਹੀਂ ਸਨ। ਬਹੁਤ ਸਾਰੇ ਕਾਮੇ ਥੋੜ੍ਹੇ ਸਮੇਂ ਲਈ ਆਰਜ਼ੀ ਰੱਖੇ ਗਏ ਸਨ ਪਰ ਉਨ੍ਹਾਂ ਨੂੰ ਵੀ ਕਾਗਜ਼ਾਂ ਦੇ ਵਿਚ ਪੱਕੇ ਕਾਮੇ ਵਿਖਾ ਕੇ ਟੈਕਸ ਅਤੇ ਤਨਖਾਹ ਨਾਲ ਹੇਫਾ-ਫੇਰੀ ਕੀਤੀ ਜਾਂਦੀ ਰਹੀ। ਕੁਝ ਪੱਕੇ ਕਾਮਿਆਂ ਨੂੰ ਸਰਕਾਰ ਦੇ ਕੁਝ ਲਾਭ ਭੱਤੇ ਲੈਣ ਦੇ ਯੋਗ ਬਣਾਈ ਰੱਖਣ ਲਈ ਘੱਟ ਆਮਦਨ ਵੀ ਵਿਖਾਈ ਗਈ। ਕਈ ਲੋਕ ਜਿਹੜੇ ਵਰਕ ਵੀਜ਼ੇ ‘ਤੇ ਆ ਕੇ ਵਾਪਿਸ ਆਪਣੇ ਵਤਨ ਪਰਤ ਗਏ ਹਨ ਉਹ ਹੁਣ ਵਾਪਿਸ ਆਉਣ ਤੋਂ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਦਾ ਟੈਕਸ ਨੰਬਰ ਵੀ ਦਾਗੀ ਹੋ ਚੁੱਕਾ ਹੈ।
ਵਰਨਣਯੋਗ ਹੈ ਕਿ ਇਸ ਤਰ੍ਹਾਂ ਦੇ ਕਾਰੇ ਪਹਿਲਾਂ ਵੀ ਭਾਰਤੀ ਕਰਦੇ ਰਹੇ ਹਨ ਅਤੇ ਸੁਧਾਰ ਘਰਾਂ ਦੇ ਵਿਚ ਸਜ਼ਾਵਾਂ ਵੀ ਕੱਟ ਚੁੱਕੇ ਹਨ ਪਰ ਸੁਧਾਰ ਜਾਂ ਸੁਧਰ ਜਾਣਾ ਅਜੇ ਵੀ ਦੂਰ ਲਗਦਾ ਹੈ। ਅਜਿਹੀਆਂ ਖਬਰਾਂ ਦੇ ਇਥੇ ਦੇ ਰਾਸ਼ਟਰੀ ਮੀਡੀਏ ਵਿਚ ਪੜ੍ਹ ਕੇ ਤਾਂ ਸਾਰੇ ਇਹੀ ਕਹਿੰਦੇ ਹੋਣਗੇ ਬੱਲੇ ਓ ਚਲਾਕ ਸੱਜਣਾ! ਟੈਕਸ ਨੰਬਰ ਲੋਕਾਂ ਦਾ ਤੇ ਖਾਤਾ ਨੰਬਰ ਆਪਣਾ।