
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਘੱਟੋ ਘੱਟ 7 ਮਹੀਨੇ ਲਗਾਤਾਰ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਤੋਂ ਬਾਅਦ ਤਸਮਾਨੀਆ ਸਰਕਾਰ ਨੇ ਰਾਜ ਦੇ ਬਾਰਡਰ ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਐਨ.ਟੀ. ਅਤੇ ਏ.ਸੀ.ਟੀ. ਦੇ ਨਾਲ ਨਾਲ ਨਿਊਜ਼ੀਲੈਂਡ ਵਾਲਿਆਂ ਵਾਸਤੇ ਵੀ ਖੋਲ੍ਹ ਦਿੱਤੇ ਹਨ। ਸਿਹਤ ਮੰਤਰੀ ਸਾਰਾਹ ਕਰਟਨੇ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਰਾਜਾਂ ਦੇ ਲੋਕਾਂ ਨੂੰ ਹਾਲੇ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ ਅਤੇ ਉਹ ਉਮੀਦ ਕਰਦੇ ਹਨ ਕਿ ਉਕਤ ਦੋਹਾਂ ਰਾਜਾਂ ਵਿੱਚ ਹੀ ਸਹੀ ਹਾਲਾਤ ਪੈਦਾ ਹੋ ਰਹੇ ਹਨ ਅਤੇ ਇਨ੍ਹਾਂ ਨਾਲ ਵੀ ਸੀਮਾਵਾਂ ਛੇਤੀ ਹੀ ਖੋਲ੍ਹ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਤਸਤਾਨੀਆ ਵਿੱਚ ਆਉਣ ਵਾਲੇ ਸਾਰੇ ਹੀ ਯਾਤਰੀਆਂ ਦਾ ਮੈਡੀਕਲ ਚੈਕਅਪ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਵਿੱਚ ਕਰੋਨਾ ਆਦਿ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸਨੂੰ ਤੁਰੰਤ ਅਗਲੇ ਨਤੀਜਿਆਂ ਦੇ ਆਉਣ ਤੱਕ ਆਈਸੋਲੇਟ ਕੀਤਾ ਜਾਵੇਗਾ। ਵੈਸੇ ਆਉਣ ਵਾਲੀ 2 ਨਵੰਬਰ ਨੂੰ ਨਿਊ ਸਾਊਥ ਵੇਲਜ਼ ਦੀਆਂ ਸੀਮਾਵਾਂ ਬਾਰੇ ਮੁੜ ਤੋਂ ਖੋਲ੍ਹਣ ਦਾ ਵਿਚਾਰ ਹੋ ਵੀ ਸਕਦਾ ਹੈ ਪਰੰਤੂ ਵਿਕਟੋਰੀਆ ਨਾਲ ਹਾਲ ਦੀ ਘੜੀ ਇੰਤਜ਼ਾਰ ਕਰਨਾ ਹੀ ਪਵੇਗਾ। ਉਨ੍ਹਾਂ ਰਾਜ ਦੇ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਲਈ ਕੀਤੀ ਜਾ ਰਹੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ 400-500 ਲੋਕਾਂ ਦੇ ਹੀ ਰੌਜ਼ਾਨਾ ਕੋਵਿਡ-19 ਦੇ ਟੈਸਟ ਹੋ ਰਹੇ ਹਨ ਜੋ ਕਿ ਬਹੁਤ ਘੱਟ ਹਨ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਤੁਰੰਤ ਆਪਣਾ ਕੋਵਿਡ-19 ਟੈਸਟ ਕਰਵਾਉਣ ਅਤੇ ਖਾਸ ਕਰ ਕਿ ਉਹ ਲੋਕ ਜਿਨਾ੍ਹਂ ਨੂੰ ਕਿਸੇ ਕਿਸਮ ਦਾ ਵੀ ਕੋਈ ਮਾਮੂਲੀ ਲੱਛਣ ਵੀ ਹੈ ਤਾਂ ਉਹ ਤਾਂ ਜ਼ਰੂਰ ਹੀ ਆਪਣੇ ਨਜ਼ਦੀਕੀ ਮੈਡੀਕਲ ਅਧਿਕਾਰੀਆਂ ਨਾਲ ਸੰਪਰਕ ਕਰੇ ਅਤੇ ਆਪਣਾ ਟੈਸਟ ਕਰਵਾਏ।