ਹਾਬਰਟ ਹਵਾਈ ਅੱਡੇ ਉਪਰ ਅੱਜ ਸਵੇਰ ਤੋਂ ਹੀ ਬੜੇ ਭਾਵੁਕ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਕਿ ਤਸਮਾਨੀਆ ਵਿੱਚ ਆਸਟ੍ਰੇਲੀਆ ਦੇ ਦੂਸਰੇ ਹਿੱਸਿਆਂ ਤੋਂ ਲੋਕ ਆ ਆ ਕੇ ਆਪਣਿਆਂ ਨੂੰ ਤਕਰੀਬਨ 22 ਮਹੀਨਿਆਂ ਦੇ ਸਮੇਂ ਤੋਂ ਬਾਅਦ ਮਿਲ ਰਹੇ ਹਨ। ਪ੍ਰੀਮੀਅਰ ਪੀਟਰ ਗਟਵਿਨ ਨੇ ਆਪਣੇ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਸੀ ਕਿ ਰਾਜ ਦੇ ਬਾਰਡਰ, ਜੋ ਕਿ ਤਕਰੀਬਨ 2 ਸਾਲ ਤੋਂ ਹੀ ਕਰੋਨਾ ਕਾਰਨ ਬੰਦ ਪਏ ਸਨ, ਨੂੰ ਮੁੜ ਤੋਂ ਆਸਟ੍ਰੇਲੀਆਈਆਂ ਲਈ ਖੋਲ੍ਹ ਦਿੱਤਾ ਗਿਆ ਹੈ।
ਹਾਈ ਰਿਸਕ ਵਾਲੇ ਖੇਤਰਾਂ ਵਿੱਚੋਂ ਆਉਣ ਵਾਲੇ ਯਾਤਰੀਆਂ ਲਈ ਤਾਕੀਦ ਹੈ ਕਿ ਉਹ ਇੱਥੇ ਆਉਣ ਤੋਂ 72 ਘੰਟੇ ਪਹਿਲਾਂ ਆਪਣਾ ਕੋਵਿਡ ਟੈਸਟ ਕਰਵਾ ਕੇ ਆਉਣ ਅਤੇ ਆਪਣੀ ਨੈਗੇਟਿਵ ਰਿਪੋਰਟ ਨੂੰ ਪੇਸ਼ ਕਰਨ।
ਰਾਜ ਵਿੱਚ ਜ਼ਿਆਦਾ ਭੀੜ ਵਾਲੀਆਂ ਥਾਂਵਾਂ ਆਦਿ ਉਪਰ ਮੂੰਹ ਉਪਰ ਮਾਸਕ ਲਗਾਉਣ ਨੂੰ ਲਾਜ਼ਮੀ ਕੀਤਾ ਗਿਆ ਹੈ।
ਪ੍ਰੀਮੀਅਰ ਨੇ ਕਿਹਾ ਕਿ ਅਸੀਂ ਬਾਰਡਰ ਖੋਲ੍ਹ ਦਿੱਤੇ ਹਨ ਕਿਉਂਕਿ ਰਾਜ ਦੀ ਅਰਥ ਵਿਵਸਥਾ ਹੁਣ ਤੱਕ ਕਾਫੀ ਨੁਕਸਾਨ ਝੇਲ ਚੁਕੀ ਹੈ ਅਤੇ ਇਹ ਨੁਕਸਾਨ ਲਗਾਤਾਰ ਜਾਰੀ ਵੀ ਹੈ। ਪਰੰਤੂ ਓਮੀਕਰੋਨ ਦਾ ਖ਼ਤਰਾ ਵੀ ਬਰਕਰਾਰ ਹੈ ਅਤੇ ਇਸ ਵਾਸਤੇ ਸਾਨੂੰ ਸਭ ਨੂੰ ਅਹਿਤਿਆਦ ਰੱਖਣੇ ਬਹੁਤ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਅਸੀਂ ਆਪਣੀ ਅਰਥ ਵਿਵਸਥਾ ਦੀ ਗੱਡੀ ਨੂੰ ਮੁੜ ਤੋਂ ਲੀਹਾਂ ਉਪਰ ਜਲਦੀ ਹੀ ਲੈ ਆਵਾਂਗੇ ਅਤੇ ਇਸ ਵਾਸਤੇ ਸਭ ਦਾ ਸਹਿਯੋਗ ਜ਼ਰੂਰੀ ਹੈ।