ਉਤਰੀ-ਪੱਛਮੀ ਤਸਮਾਨੀਆ ਵਿੱਚ ਬੀਤੇ ਕੱਲ੍ਹ ਬੱਚਿਆਂ ਦੇ ਹਵਾ ਨਾਲ ਭਰੇ ‘ਜੰਪਿੰਗ ਕਾਸਲ’ ਵਿੱਚ ਹੋਈ ਦੁਰਘਟਨਾ ਕਾਰਨ 5 ਸਕੂਲੀ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਦਰਦਨਾਕ ਅੰਤ ਹੋਇਆ ਜਿਸ ਨਾਲ ਕਿ ਸਮੁੱਚੇ ਰਾਜ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਹੀ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ।
ਬੀਤੇ ਦਿਨ, ਵੀਰਵਾਰ ਨੂੰ, ਡੋਵਨਪੋਰਟ ਵਿਖੇ, ਹਿਲਕ੍ਰੈਸਟ ਪ੍ਰਾਇਮਰੀ ਸਕੂਲ ਦੇ ਇਹ ਬੱਚੇ ਹਵਾ ਨਾਲ ਭਰੇ ਗੁਭਾਰੇ ਨੂੰਮਾ ਜੰਪਿੰਗ ਕਾਸਲ ਵਿੱਚ ਮੌਜ-ਮਸਤੀ ਕਰ ਰਹੇ ਸਨ ਜਦੋਂ ਇਹ ਗੁਭਾਰੇ ਨੁੰਮਾ ਖੇਡਣ ਵਾਲਾ ਯੰਤਰ ਫਟ ਗਿਆ ਅਤੇ ਖ਼ਤਰਨਾਕ ਦੁਰਘਟਨਾ ਵਾਪਰ ਗਈ।
ਜੰਪਿੰਗ ਕਾਸਲ ਫਟ ਕੇ ਹਵਾ ਵਿੱਚ ਉਛਲ ਗਿਆ ਸੀ ਅਤੇ 10 ਮੀਟਰ ਦੀ ਉਚਾਈ ਤੋਂ ਬੱਚੇ ਥੱਲੇ ਗਿਰੇ ਜਿਸ ਨਾਲ ਕਿ ਛੋਟੇ ਛੋਟੇ 5 ਬੱਚਿਆਂ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਅਤੇ ਇਸ ਦੇ ਨਾਲ ਹੀ 4 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ। ਜ਼ਖ਼ਮੀ ਬੱਚਿਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਇਲਾਜ ਹਨ।
ਜ਼ਿਕਰਯੋਗ ਹੈ ਕਿ ਸਕੂਲੀ ਬੱਚਿਆਂ ਦੁਆਰਾ, ਪੂਰਾ ਸਾਲ ਪੜ੍ਹਾਈ ਕਰਨ ਮਗਰੋਂ ਬੀਤੇ ਕੱਲ੍ਹ ਨੂੰ ਸਕੂਲ ਦਾ ਆਖਰੀ ਦਿਨ ਮਨਾਇਆ ਜਾ ਰਿਹਾ ਸੀ ਅਤੇ ਬੱਚੇ ਮੌਜ ਮਸਤੀ ਵਿੱਚ ਵਿਅਸਤ ਸਨ ਕਿ ਆਹ ਅਣਹੋਣੀ ਵਾਪਰ ਗਈ।
ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵਿਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਸਮੇਤ ਹਰ ਪਾਸੋਂ ਹੀ ਲੀਡਰਾਂ ਅਤੇ ਹੋਰ ਸਨਮਾਨਿਤ ਸ਼ਖ਼ਸੀਅਤਾਂ ਦੇ ਸ਼ੋਕ ਸੰਦੇਸ਼ ਆ ਰਹੇ ਹਨ ਜਿਨ੍ਹਾਂ ਰਾਹੀਂ ਕਿ ਵਾਪਰ ਚੁਕੀ ਇਸ ਦੁਰਘਟਨਾ ਬਾਰੇ ਗਹਿਰਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ।