ਬ੍ਰਿਸਬੇਨ ਵਿਖੇ ‘ਤਾਸਮਨ’ ਮੈਗਜ਼ੀਨ ਲੋਕ ਅਰਪਣ

ਹਰਮਨ ਦੀ ਪੰਜਾਬੀ ਸੂਫ਼ੀਆਨਾ ਗਾਇਕੀ ਅਤੇ ਗੁਰਪ੍ਰੀਤ ਬਠਿੰਡਾ ਦੀਆਂ ਪੇਂਟਿੰਗਾਂ ਦੀ ਸਲਾਹਣਾ 

(ਬ੍ਰਿਸਬੇਨ) ਇੱਥੇ ਮਾਂ ਬੋਲੀ ਪੰਜਾਬੀ ਦੇ ਸਾਹਤਿਕ ਪਸਾਰੇ ਲਈ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ’ ਵੱਲੋਂ ਬ੍ਰਿਸਬੇਨ ਵਿਖੇ ‘ਤਾਸਮਨ’ ਮੈਗਜ਼ੀਨ ਲੋਕ ਅਰਪਣ ਅਤੇ ਪੰਜਾਬੀ ਸੂਫ਼ੀਆਨਾ ਗਾਇਕੀ ਨੂੰ ਸਮਰਪਿਤ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਬੈਠਕ ਵਿੱਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਸੂਫ਼ੀ ਗਾਇਕ ਹਰਮਨ ਸਿੰਘ ਅਤੇ ਸਾਥੀਆਂ ਵੱਲੋਂ ਸੰਗੀਤ ਨਾਲ ਕੀਤੀ ਗਈ। ਰਾਬਤਾ ਰੇਡੀਓ ਤੋਂ ਰੌਬੀ ਬੈਨੀਪਾਲ ਨੇ ‘ਤਾਸਮਨ’ ਮੈਗਜ਼ੀਨ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਾਹਿਤ ਪ੍ਰੇਮੀਆਂ ਲਈ ਸਾਹਤਿਕ ਪੁੱਲ ਦੱਸਿਆ। ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਚੰਗੇ ਸਾਹਿਤ ਨੂੰ ਲੋਕਾਂ ਤੱਕ ਪਹੁੰਚਦਾ ਕਰਨਾ ਸਮੇਂ ਦੀ ਮੰਗ ਹੈ ਅਤੇ ਇਹ ਕੰਮ ਲੋਕਾਂ ਲਈ ਸਾਹਿਤ ਪ੍ਰਤੀ ਸੰਜੀਦਗੀ ਦੀ ਮੰਗ ਵੀ ਕਰਦਾ ਹੈ। ਲੇਖਕ ਅਮਨਪ੍ਰੀਤ ਭੰਗੂ ਨੇ ‘ਤਾਸਮਨ’ ਨੂੰ ਵੱਖ ਵੱਖ ਵਿਚਾਰਧਾਰਾਵਾਂ ਦਾ ਸਾਂਝਾ ਮੰਚ ਦੱਸਦਿਆਂ ਕਿਹਾ ਕਿ ਇੱਥੇ ਸਥਾਪਿਤ ਲੇਖਕਾਂ ਦੇ ਨਾਲ ਨਾਲ ਨਵੇਂ ਲੇਖਕਾਂ ਨੂੰ ਵੀ ਥਾਂ ਦਿੱਤੀ ਜਾ ਰਹੀ ਹੈ। ‘ਤਾਸਮਨ’ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਵੱਲੋਂ ਮੈਗਜ਼ੀਨ ਨਾਲ ਜੁੜੀਆਂ ਸ਼ਖਸ਼ੀਅਤਾਂ ਨਾਲ ਤੁਆਰਫ਼ ਕਰਵਾਇਆ ਅਤੇ ਮੈਨੇਜਰ ਵਰਿੰਦਰ ਅਲੀਸ਼ੇਰ ਨੇ ਇਸਦੀ ਮੈਂਬਰਸ਼ਿਪ ਅਤੇ ਭਵਿੱਖੀ ਵਿਉਂਤਬੰਦੀ ਬਾਰੇ ਵਿਸਥਾਰ ਜਾਣਕਾਰੀ ਦਿੱਤੀ।

ਅਦਾਰਾ ਜਗਬਾਣੀ ਤੋਂ ਪੱਤਰਕਾਰ ਸੁਰਿੰਦਰ ਖੁਰਦ ਵੱਲੋਂ ਸਾਹਿਤਕ ਪੱਤ੍ਰਿਕਾ ਦੇ ਮਜ਼ੂਦਾ ਸਮਾਜ ਵਿੱਚ ਰੋਲ ਬਾਰੇ ਚਾਨਣਾ ਪਾਇਆ। ਕਮਲਪ੍ਰੀਤ ਚਿਮਨੇਵਾਲਾ ਨੇ ਇਤਿਹਾਸ ਦੇ ਪੰਨਿਆਂ ਨੂੰ ਫ਼ਰੋਲਦਿਆਂ ‘84 ਦੇ ਕਤਲੇਆਮ ਅਤੇ ਮਜ਼ੂਦਾ ਕਿਸਾਨੀ ਸਘੰਰਸ਼ ਬਾਰੇ ਖੁਲਾਸੇ ਕੀਤੇ। ਹੋਰਨਾਂ ਤੋਂ ਇਲਾਵਾ ਬੈਠਕ ਵਿੱਚ ਰੱਬੀ ਤੂਰ, ਹਰਜਿੰਦ ਕੌਰ ਮਾਂਗਟ, ਪਰਨਾਮ ਹੇਅਰ, ਪ੍ਰਿੰਸ, ਹਰਜੀਤ ਲਸਾੜਾ, ਬਲਵਿੰਦਰ ਮੋਰੋਂ, ਰਵਿੰਦਰ ਨਾਗਰਾ, ਗੁਰਪ੍ਰੀਤ ਬਰਾੜ, ਰਾਜੀਵ ਚੌਹਾਨ, ਬਲਰਾਜ ਸਿੰਘ, ਰਣਜੀਤ ਸਿੰਘ, ਜਤਿੰਦਰ ਰਹਿਲ, ਜਗਜੀਤ ਖੋਸਾ, ਅਭਿਸ਼ੇਕ ਭੰਡਾਰੀ, ਮਨ ਖਹਿਰਾ, ਜਤਿੰਦਰ ਸਿੰਘ, ਅਮਨਦੀਪ, ਨਵਦੀਪ ਸਿੰਘ ਸਿੱਧੂ, ਦੇਵ ਸਿੱਧੂ, ਗੁਰਵਿੰਦਰ ਰੰਧਾਵਾ, ਹਰਦੀਪ ਵਾਗਲਾ, ਕਵਿਤਾ ਖੁੱਲਰ, ਨਵੀਨ ਪਾਸੀ, ਗੁਰਮੁਖ ਭੰਦੋਲ ਆਦਿ ਨੇ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਕਵਿਤਾ ਖੁੱਲਰ ਵੱਲੋਂ ਬਾਖੂਬੀ ਕੀਤਾ ਗਿਆ। ਸਮਾਰੋਹ ਵਿੱਚ ਸਾਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਅਤੇ ਵੱਡੀ ਗਿਣਤੀ ਵੱਲੋਂ ਮੈਗਜ਼ੀਨ ਦੀ ਮੈਂਬਰਸ਼ਿਪ ਲੈਣੀ ਚੰਗਾ ਭਵਿੱਖੀ ਸੁਨੇਹਾ ਦੇ ਗਈ। ਇੰਡੋਜ਼ ਟੀਵੀ ਆਸਟਰੇਲੀਆ ਵੱਲੋਂ ਸਮਾਰੋਹ ਦਾ ਲਾਈਵ ਪ੍ਰਸਾਰਨ ਕੀਤਾ ਗਿਆ। ਗੁਰਪ੍ਰੀਤ ਬਠਿੰਡਾ ਦੀਆਂ ਬਣਾਈਆਂ ਪੇਂਟਿੰਗਾਂ ਨੂੰ ਹਾਜ਼ਰੀਨ ਨੇ ਪਸੰਦ ਕੀਤਾ ਅਤੇ ਸਮੁੱਚੀ ਪ੍ਰਦਰਸ਼ਨੀ ਚੰਗਾ ਉਪਰਾਲਾ ਹੋ ਨਿੱਬੜੀ।

Install Punjabi Akhbar App

Install
×