ਆਸਟ੍ਰੇਲੀਆ ਦੇ 501 ਵਾਲੇ ਮਾਮਲਿਆਂ ਵਿੱਚ, ਨਿਊਜ਼ੀਲੈਂਡ ਦੀ 41 ਸਾਲਾਂ ਦੀ ਟੈਰਿਨ ਵੀ ਹੋਈ ਡੀਪੋਰਟ -ਸਰਕਾਰ ਖ਼ਿਲਾਫ਼ ਮੁਕੱਦਮਾ ਕਰਨ ਦੇ ਰੋਂਅ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 41 ਸਾਲਾਂ ਦੀ ਨਿਊਜ਼ੀਲੈਂਡ ਦੀ ਜੰਮਪਲ਼, ਟੈਰਿਨ, ਜੋ ਕਿ 1988 ਤੋਂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਆਈ ਸੀ ਅਤੇ ਇੱਥੇ ਹੀ ਵੱਸ ਗਈ ਸੀ। ਉਹ ਹਮੇਸ਼ਾ ਆਪਣੇ ਆਪ ਨੂੰ ਆਸਟ੍ਰੇਲੀਆਈ ਨਾਗਰਿਕ ਹੀ ਸਮਝਦੀ ਸੀ। ਪਰੰਤੂ 2014 ਵਿੱਚ ਆਸਟ੍ਰੇਲੀਆਈ ਸਰਕਾਰ ਨੇ ਕੁੱਝ ਕਾਨੂੰਨਾਂ ਵਿੱਚ ਬਦਲ ਕਰਦਿਆਂ ਇਹ ਕਾਨੂੰਨ ਲਾਗੂ ਕਰ ਦਿੱਤਾ ਸੀ ਕਿ ਜੇਕਰ ਕੋਈ ਵੀ ਬਾਹਰੀ ਵਿਅਕਤੀ, ਆਸਟ੍ਰੇਲੀਆ ਅੰਦਰ ਗੈਰ-ਕਾਨੂੰਨੀ ਕਾਰਿਆਂ ਤਹਿਤ 12 ਮਹੀਨੇ ਜਾਂ ਇਸਤੋਂ ਵੱਧ ਦੀ ਸਜ਼ਾ ਕੱਟਦਾ ਹੈ ਤਾਂ ਉਸਨੂੰ ਡੀਪੋਰਟ ਕਰਕੇ ਉਸਦੇ ਮੁਲਕ ਵਾਪਿਸ ਭੇਜਿਆ ਜਾਵੇਗਾ। ਇਸੇ ਦੇ ਤਹਿਤ ਸਾਲ 2019 ਵਿੱਚ ਵੀ ਟੈਰਿਨ ਵੀ ਨਸ਼ਿਆਂ ਦੇ ਮਾਮਲੇ ਵਿੱਚ ਕਾਨੂੰਨ ਦੇ ਅੜਿੱਕੇ ਚੜ੍ਹ ਗਈ ਅਤੇ ਉਸਨੂੰ 18 ਮਹੀਨਿਆਂ ਦੀ ਸਜ਼ਾ ਕੱਟਣੀ ਪਈ ਅਤੇ ਬਾਅਦ ਵਿੱਚ 501 ਵਾਲੇ ਮਾਮਲਿਆਂ ਤਹਿਤ ਉਸਨੂੰ ਡੀਪੋਰਟ ਕਰਕੇ ਨਿਊਜ਼ੀਲੈਂਡ ਵਾਪਿਸ ਭੇਜ ਦਿੱਤਾ ਗਿਆ।
ਅਜਿਹੀਆਂ ਸੈਂਕੜੇ ਹੀ ਹੁਣ ਤੱਕ ਕਹਾਣੀਆਂ ਜਾਂ ਆਪਬੀਤੀਆਂ ਬਣ ਚੁਕੀਆਂ ਹਨ। ਜਦੋਂ ਤੋਂ ਸਾਲ 2014 ਤੋਂ ਉਕਤ ਕਾਨੂੰਨ ਬਣਿਆ ਹੈ, ਹੁਣ ਤੱਕ 501ਵਿਆਂ ਦੇ ਅਧੀਨ 2,300 ਤੋਂ ਵੀ ਜ਼ਿਆਦਾ ਲੋਕ ਡੀਪੋਰਟ ਕੀਤੇ ਜਾ ਚੁਕੇ ਹਨ ਅਤੇ ਸਾਲ 2020 ਵਿੱਚ ਹੀ ਆਸਟ੍ਰੇਲੀਆਈ ਬਾਰਡਰ ਫੋਰਸ ਨੇ 346 ਨਿਊਜ਼ੀਲੈਂਡਰਾਂ ਨੂੰ ਡੀਪੋਰਟ ਕਰਕੇ ਵਾਪਿਸ ਭੇਜਿਆ ਹੈ।
ਹੁਣ ਇਹ ਸਭ ਮਿਲ ਕੇ ਆਸਟ੍ਰੇਲੀਆਈ ਸਰਕਾਰ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣ ਦਾ ਫੈਸਲਾ ਕਰ ਚੁਕੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਅਤੇ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਆਸਟ੍ਰੇਲੀਆ ਅੰਦਰ ਬਿਤਾਈ ਹੈ ਅਤੇ ਨਿਊਜ਼ੀਲੈਂਡ ਵਿੱਚ ਉਨ੍ਹਾਂ ਦਾ ਕੋਈ ਰਹਿਣ ਬਹਿਣ ਦਾ ਠਿਕਾਣਾ ਨਹੀਂ ਅਤੇ ਨਾ ਹੀ ਕੋਈ ਦੋਸਤ ਮਿੱਤਰ। ਉਹ ਇਕੱਲਤਾ ਦੀ ਜ਼ਿੰਦਗੀ, ਜੋ ਕਿ ਜੇਲ੍ਹ ਤੋਂ ਵੀ ਬੱਤਰ ਹੈ, ਜੀ ਰਹੇ ਹਨ ਅਤੇ ਇਸ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਜਾ ਰਹੇ ਹਨ।

Install Punjabi Akhbar App

Install
×