ਹਾਲੀਵੁੱਡ ਦਾ ਇੱਕੋ ਇੱਕ ਸਿੱਖ ਪ੍ਰੋਡਿਊਸਰ ਤੇ ਡਾਇਰੈਕਟਰ, ਤਰਸੇਮ ਸਿੰਘ ਧੰਦਵਾਲ

ਤਰਸੇਮ ਸਿੰਘ ਧੰਦਵਾਲ ਹਾਲੀਵੁੱਡ ਦਾ ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ, ਸੰਗੀਤ ਨਿਰਦੇਸ਼ਕ ਅਤੇ ਸਕਰੀਨ ਰਾਈਟਰ ਹੈ ਜਿਸ ਨੇ ਹਾਲੀਵੁੱਡ ਦੀਆਂ ਪੰਜ ਹਿੱਟ ਫਿਲਮਾਂ, ਦੀ ਸੈੱਲ (2000), ਦੀ ਫਾਲ (2006), ਇੰਮੌਰਟਲਜ਼ (2011), ਮਿਰਰ ਮਿਰਰ (2012) ਅਤੇ ਸੈਲਫਲੈੱਸ (2015) ਤੋਂ ਇਲਾਵਾ ਅਨੇਕਾਂ ਲਘੂ ਫਿਲਮਾਂ, ਡਾਕੂਮੈਂਟਰੀਆਂ ਤੇ ਨਾਈਕੀ, ਕੋਕਾ ਕੋਲਾ ਅਤੇ ਪੈਪਸੀ ਵਰਗੀਆਂ ਸੰਸਾਰ ਪ੍ਰਸਿੱਧ ਕੰਪਨੀਆਂ ਲਈ ਮਸ਼ਹੂਰੀਆਂ ਨਿਰਦੇਸ਼ਤ ਕੀਤੀਆਂ ਹਨ। 2017 ਵਿੱਚ ਉਸ ਵੱਲੋਂ ਨਿਰਦੇਸ਼ਤ ਟੀ.ਵੀ. ਸ਼ੋਅ ਐਮਰਾਲਡ ਸਿਟੀ, ਟੌਪ ਟੈੱਨ ਵਿੱਚ ਰਿਹਾ ਹੈ। ਤਰਸੇਮ ਸਿੰਘ ਦਾ ਜਨਮ 26 ਮਈ 1961 ਨੂੰ ਜਲੰਧਰ ਵਿਖੇ ਹੋਇਆ ਸੀ ਤੇ ਉਸ ਦਾ ਪਿਤਾ ਭਾਰਤੀ ਹਵਾਈ ਫੌਜ ਦਾ ਸੀਨੀਅਰ ਇੰਜੀਨੀਅਰ ਸੀ। ਤਰਸੇਮ ਸਿੰਘ ਨੇ ਬਿਸ਼ਪ ਕਾਟਨ ਸਕੂਲ ਸ਼ਿਮਲਾ, ਹੰਸ ਰਾਜ ਕਾਲਜ ਦਿੱਲੀ ਅਤੇ ਆਰਟ ਸੈਂਟਰ ਕਾਲਜ ਆਫ ਡਿਜ਼ਾਈਨ ਪਾਸਾਡੇਨਾ (ਕੈਲੀਫੋਰਨੀਆਂ) ਤੋਂ ਵਿਦਿਆ ਹਾਸਲ ਕੀਤੀ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਿਊਜ਼ਿਕ ਐਲਬਮਾਂ ਦੇ ਨਿਰਦੇਸ਼ਕ ਵੱਜੋਂ ਸ਼ੁਰੂ ਕੀਤੀ ਤੇ ਹੁਣ ਤੱਕ 13 ਮਿਊਜ਼ਿਕ ਐਲਬਮ ਨਿਰਦੇਸ਼ਤ ਕਰ ਚੁੱਕਾ ਹੈ। ਉਸ ਵੱਲੋਂ ਨਿਰਦੇਸ਼ਤ ਐਲਬਮ ਹੋਲਡ ਔਨ (ਗਾਇਕ ਐੱਨ ਵੋਗ) ਨੇ 1990 ਵਿੱਚ ਗਰੈਮੀ ਅਵਾਰਡ ਅਤੇ ਐਲਬਮ ਲੂਜ਼ਿੰਗ ਮਾਈ ਰਿਲੀਜ਼ਨ (ਗਾਇਕ ਆਰ.ਈ.ਐੱਮ) ਨੇ 1991 ਵਿੱਚ ਐਮ.ਟੀ.ਵੀ. ਮਿਊਜ਼ਿਕ ਅਵਾਰਡ ਜਿੱਤਿਆ ਸੀ। ਕਈ ਸਾਲਾਂ ਬਾਅਦ 2020 ਵਿੱਚ ਤਰਸੇਮ ਸਿੰਘ ਨੇ ਦੁਬਾਰਾ ਮਿਊਜ਼ਿਕ ਵਰਲਡ ਵਿੱਚ ਕਦਮ ਰੱਖਿਆ ਤੇ ਅਮਰੀਕਾ ਦੀ ਸਭ ਤੋਂ ਪ੍ਰਸਿੱਧ ਗਾਇਕਾ ਲੇਡੀ ਗਾਗਾ ਦੀ ਸੁਪਰ ਹਿੱਟ ਐਲਬਮ (911) ਨੂੰ ਨਿਰਦੇਸ਼ਤ ਕੀਤਾ ਹੈ।
2000 ਵਿੱਚ ਉਸ ਨੇ ਆਪਣੀ ਸਭ ਤੋਂ ਪਹਿਲੀ ਫਿਲਮ, ਦੀ ਸੈੱਲ ਫਿਲਮ ਜਗਤ ਦੀ ਝੋਲੀ ਪਾਈ ਜਿਸ ਦੀ ਹੀਰੋਇਨ ਹਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਜੈਨੀਫਰ ਲੋਪੇਜ਼ ਅਤੇ ਹੀਰੋ ਵਿੰਸ ਵਾਉਗਨ ਸੀ। ਇਸ ਫਿਲਮ ਨੇ ਬਾਕਸ ਆਫਿਸ ‘ਤੇ 10 ਕਰੋੜ 40 ਲੱਖ ਡਾਲਰ (ਕਰੀਬ 750 ਕਰੋੜ ਰੁਪਏ) ਦੀ ਕਮਾਈ ਕੀਤੀ। ਉਸ ਦੀ ਦੂਸਰੀ ਫਿਲਮ ਦੀ ਫਾਲ ਵਿੱਚ ਲੀ ਪੇਜ਼, ਕੈਨਟੀਨਕਾ ਅਤੇ ਜਸਟਿਨ ਵੈਡਲ ਆਦਿ ਨੇ ਕੰਮ ਕੀਤਾ। ਇਹ ਫਿਲਮ ਕੁਝ ਢਿੱਲੀ ਰਹੀ ਤੇ ਇਸ ਨੇ ਬਾਕਸ ਆਫਿਸ ‘ਤੇ 37 ਲੱਖ ਡਾਲਰ (ਕਰੀਬ 27 ਕਰੋੜ 75 ਲੱਖ ਰੁਪਏ) ਦੀ ਕਮਾਈ ਕੀਤੀ। ਤਰਸੇਮ ਸਿੰਘ ਦੀ ਤੀਸਰੀ ਫਿਲਮ ਇੰਮੌਰਟਲਜ਼ ਸੁਪਰ ਹਿੱਟ ਰਹੀ। ਇਸ ਵਿੱਚ ਹੈਨਰੀ ਕਾਵਿਲ, ਸਟੀਫਨ ਡੌਰਫ ਅਤੇ ਲੀਊਕ ਈਵਾਜ਼ ਆਦਿ ਸਿਤਾਰਿਆ ਨੇ ਕੰਮ ਕੀਤਾ ਤੇ ਇਸ ਨੇ 23 ਕਰੋੜ ਡਾਲਰ (ਕਰੀਬ 1725 ਕਰੋੜ ਰੁਪਏ) ਦੀ ਕਮਾਈ ਕੀਤੀ। ਚੌਥੀ ਫਿਲਮ ਮਿਰਰ ਮਿਰਰ ਵਿੱਚ ਸੁਪਰ ਸਟਾਰ ਜੂਲੀਆ ਰਾਬਟਰਜ਼, ਲਿੱਲੀ ਕਾਲਿਨਜ਼ ਅਤੇ ਸੀਨ ਬੀਨ ਆਦਿ ਨੇ ਕੰਮ ਕੀਤਾ ਤੇ ਇਸ ਨੇ 18 ਕਰੋੜ 30 ਲੱਖ ਡਾਲਰ (ਕਰੀਬ 1350 ਕਰੋੜ ਰੁਪਏ) ਦੀ ਕਮਾਈ ਕੀਤੀ। ਪੰਜਵੀਂ ਫਿਲਮ ਸੈਲਫਲੈੱਸ, ਜੋ ਇੱਕ ਸਾਇੰਸ ਫਿਕਸ਼ਨ ਫਿਲਮ ਸੀ, ਵੀ ਠੀਕ ਠਾਕ ਹੀ ਰਹੀ। ਇਸ ਵਿੱਚ ਰਿਆਨ ਰੇਨੌਲਡਜ਼, ਨਾਟਾਲੀ ਮਾਰਟੀਨੇਜ਼ ਅਤੇ ਬੇਨ ਕਿਗਜ਼ਲੇ (1982 ਦੀ ਸੁਪਰ ਹਿੱਟ ਇੰਗਲਿਸ਼ ਫਿਲਮ ਗਾਂਧੀ ਦਾ ਹੀਰੋ) ਆਦਿ ਨੇ ਕੰਮ ਕੀਤਾ ਤੇ ਇਸ ਨੇ 3 ਕਰੋੜ 5 ਲੱਖ ਡਾਲਰ (ਕਰੀਬ 225 ਕਰੋੜ ਰੁਪਏ) ਦੀ ਕਮਾਈ ਕੀਤੀ। ਤਰਸੇਮ ਸਿੰਘ ਦੀਆਂ ਫਿਲਮਾਂ ਵਿੱਚ ਹਾਲੀਵੁੱਡ ਦੇ ਸੁਪਰ ਸਟਾਰ ਕੰਮ ਕਰਨ ਲਈ ਮਾਣ ਮਹਿਸੂਸ ਕਰਦੇ ਹਨ।
ਫਿਲਮਾਂ ਤੋਂ ਇਲਾਵਾ ਉਸ ਨੂੰ ਸਭ ਤੋਂ ਵੱਧ ਮੁਹਾਰਤ ਅੰਤਰਰਾਸ਼ਟਰੀ ਕੰਪਨੀਆਂ ਲਈ ਮਸ਼ਹੂਰੀਆਂ (ਐਡਜ਼) ਤਿਆਰ ਕਰਨ ਵਿੱਚ ਹਾਸਲ ਹੈ। 2003 ਵਿੱਚ ਤਰਸੇਮ ਸਿੰਘ ਨੇ ਪੈਪਸੀ ਕੋਲਾ ਕੰਪਨੀ ਲਈ ਇੱਕ ਮਸ਼ਹੂਰੀ ਨਿਰਦੇਸ਼ਤ ਕੀਤੀ ਸੀ ਜੋ ਅੱਜ ਤੱਕ ਦੀ ਸਭ ਤੋਂ ਪ੍ਰਸਿੱਧ ਪੈਪਸੀ ਮਸ਼ਹੂਰੀ ਸਾਬਤ ਹੋਈ ਹੈ। ਇਸ ਮਸ਼ਹੂਰੀ ਵਿੱਚ ਹਾਲੀਵੁੱਡ ਦੇ ਸੁੱਪਰ ਸਟਾਰ ਐਨਰਿੱਕ ਇਗਲੈਸੀਆ ਨੇ ਅਭਿਨੈ ਕੀਤਾ ਸੀ। 2021 ਵਿੱਚ ਉਸ ਦੀ ਟੌਇਟਾ ਆਟੋਮੋਬਾਇਲਜ਼ ਲਈ ਬਣਾਈ ਗਈ ਮਸ਼ਹੂਰੀ ਨੇ ਸੰਸਾਰ ਪੱਧਰ ‘ਤੇ ਕਈ ਇਨਾਮ ਹਾਸਲ ਕੀਤੇ ਹਨ। ਹੁਣ ਤੱਕ ਉਹ ਲੈਵੀਜ਼ ਜੀਨਜ਼, ਨਾਈਕੀ ਫੁੱਟਵੇਅਰ, ਫਿਲਿਪਜ਼ ਇਲੈੱਕਟਰੋਨਿਕਸ, ਵੌਕਸਵੈਗਨ ਆਟੋਮੋਬਾਇਲ, ਵੌਲਵੋ ਆਟੋਮੋਬਾਇਲ, ਪੈਪਸੀ, ਮਾਊਂਟੇਨ ਡਿਊ, ਟੀ ਮੋਬਾਇਲ, ਇੰਟੈਲ ਸਾਫਵੇਅਰ, ਰੀਨੌਲਟ ਆਟੋਮੋਬਾਇਲ , ਗੈਟੋਰੇਡ ਐਨਰਜੀ ਡਰਿੰਕ, ਸੋਨੀ ਇਲੈੱਕਟਰੋਨਿਕਸ, ਬੀ.ਐਮ.ਡਬਲਿਊ ਆਟੋਮੋਬਾਇਲ, ਸੈਮਸੰਗ ਇਲੈੱਕਟਰੋਨਿਕਸ, ਡਵ ਸਾਬਣ, ਮੈੱਕਡਾਨਲਜ਼ ਬਰਗਰ ਅਤੇ ਮਰਸੀਡੀਜ਼ ਸਮੇਤ ਸੰਸਾਰ ਦੀਆਂ ਸੈਂਕੜੇ ਚੋਟੀ ਦੀਆਂ ਕੰਪਨੀਆਂ ਲਈ ਮਸ਼ਹੂਰੀਆਂ ਨਿਰਦੇਸ਼ਿਤ ਕਰ ਚੁੱਕਾ ਹੈ। ਅੱਜ ਕਲ੍ਹ ਉਸ ਆਪਣੀ ਪਤਨੀ ਐਨਾਲੀਜ਼ਾ ਸਿੰਘ ਅਤੇ ਬੱਚਿਆਂ ਸਮੇਤ ਲਾਸ ਏਂਜਲਜ਼ (ਕੈਲੀਫੋਰਨੀਆਂ) ਵਿੱਚ ਰਹਿ ਰਿਹਾ ਹੈ ਤੇ ਇੱਕ ਅਨਾਮ ਫਿਲਮ ਦੀ ਸ਼ੂਟਿੰਗ ਵਿੱਚ ਰੁੱਝਾ ਹੋਇਆ ਹੈ।

Install Punjabi Akhbar App

Install
×