ਕੀ ਧਰਮ ਵਿਗਿਆਨ ਤੋਂ ਉੱਪਰ ਹੈ?

Megh Raj Mitter 180712eee

‘ਆਸੀ ਕਲਾਂ’ ਦੇ ਇੱਕ ਵਿਅਕਤੀ ਗੁਣਹੀਣ ਨੇ 13 ਅਕਤੂਬਰ 2010 ਦੇ ਸਪੋਕਸਮੈਨ ਅਖ਼ਬਾਰ ਰਾਹੀਂ ਤਰਕਸ਼ੀਲਾਂ ਤੇ ਨਾਸਤਿਕਾਂ ‘ਤੇ ਕਾਫ਼ੀ ਨੁਕਤੇ ਉਠਾਏ ਸਨ। ਮੈਂ ਉਸਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਸਨੇ ਬੀ.ਟੈਕ ਦੀ ਪੜ੍ਹਾਈ ਕੀਤੀ ਹੋਈ ਸੀ। ਇਸ ਨਾਲ ਮੈਨੂੰ ਹੋਰ ਵੀ ਅਫਸੋਸ ਹੋਇਆ ਕਿ ਇੱਕ ਵਿਗਿਆਨ ਪੜ੍ਹਿਆ ਵਿਅਕਤੀ ਲੋਕਾਂ ਨੂੰ ਗੈਰ ਵਿਗਿਆਨਕ ਸੋਚ ਰਾਹੀਂ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਸੀ। ਹੇਠਾਂ ਮੈਂ ਉਸ ਦੁਆਰਾ ਉਠਾਏ ਕੁੱਝ ਨੁਕਤਿਆਂ ਤੇ ਤਰਕਸ਼ੀਲ ਨਜ਼ਰੀਏ ‘ਤੇ ਵਿਚਾਰ ਚਰਚਾ ਕਰ ਰਿਹਾ ਹਾਂ।

ਉਹ ਧਰਮ ਨੂੰ ਵਿਗਿਆਨ ਤੋਂ ਉੱਪਰ ਵਿਖਾਉਣ ਦਾ ਯਤਨ ਕਰਦਾ ਹੈ। ਅਸਲ ਵਿੱਚ ਇਹ ਅਸਲੀਅਤ ਨਹੀਂ ਕਿ ਧਰਮ ਤੇ ਵਿਗਿਆਨ ਦਾ ਰਸਤਾ ਇੱਕੋ ਹੀ ਹੈ। ਸਮੁੱਚੇ ਬ੍ਰਹਿਮੰਡ ਵਿੱਚ ਅਰਬਾਂ ਰਹੱਸ ਹਨ। ਇੱਥੇ ਹਰ ਜਗ੍ਹਾ ਰਹੱਸਾਂ ਨਾਲ ਭਰੀ ਪਈ ਹੈ। ਵਿਗਿਆਨ ਇਨ੍ਹਾਂ ਰਹੱਸਾਂ ਤੋਂ ਪਰਦਾ ਉਠਾਉਣ ਦਾ ਯਤਨ ਕਰ ਰਿਹਾ ਹੈ ਅਤੇ ਬਹੁਤ ਸਾਰੇ ਰਹੱਸਾਂ ਤੋਂ ਪਰਦੇ ਲਾਹ ਦਿੱਤੇ ਗਏ ਹਨ। ਰਹਿੰਦਿਆਂ ਦੇ ਆਉਣ ਵਾਲੀਆਂ ਕੁੱਝ ਸਦੀਆਂ ਵਿੱਚ ਲਹਿ ਜਾਣੇ ਹਨ। ਇਹ ਤਾਂ ਵਿਗਿਆਨ ਦਾ ਰਸਤਾ ਹੈ।

ਬਹੁਤ ਸਾਰੇ ਧਰਮਾਂ ਨੇ ਤਾਂ ਲਿਟਰੇਚਰ ਪੜ੍ਹਨ ‘ਤੇ ਹੀ ਪਾਬੰਦੀ ਲਾਈ ਹੋਈ ਹੈ। ਸਲਮਾਨ ਰਸ਼ਦੀ ਅਤੇ ਤਸਲੀਮਾ ਵਰਗੇ ਤਰਕਸ਼ੀਲ ਲੇਖਕਾਂ ਦੀਆਂ ਕਿਤਾਬਾਂ ਉੱਤੇ ਪਾਬੰਦੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਚਾਰਲਸ ਡਾਰਵਿਨ ਦੀ ਕਿਤਾਬ ‘ਜੀਵਾਂ ਦੀ ਉਤਪਤੀ’ ਲਗਭਗ ਅੱਸੀ ਵਰ੍ਹੇ ਇਸਾਈਆਂ ਵੱਲੋਂ ਲਾਈ ਪਾਬੰਦੀ ਦਾ ਸ਼ਿਕਾਰ ਰਹੀ ਹੈ।

ਪੰਜਾਬ ਦੀ ਅਕਾਲੀ ਬੀ.ਜੇ.ਪੀ. ਸਰਕਾਰ ਨੇ 2008 ਵਿੱਚ ਤਰਕਸ਼ੀਲ ਕਿਤਾਬਾਂ ‘ਤੇ ਪਾਬੰਦੀ ਲਾਉਣ ਦਾ ਯਤਨ ਕੀਤਾ ਸੀ। ਵਿਗਿਆਨਕ ਖੋਜ਼ਾਂ ਕਰਨ ਵਾਲੇ ਵੀ ਧਾਰਮਿਕ ਆਗੂਆਂ ਦੇ ਤਸੀਹਿਆਂ ਦਾ ਸ਼ਿਕਾਰ ਹੁੰਦੇ ਰਹੇ ਹਨ। ਸਰੀਰ ਦੀ ਚੀਰਫਾੜ ਵਿਗਿਆਨ ਦੇ ਮੋਢੀ ਵਾਸਲੀਅਸ ਨੂੰ ਆਪਣੀ ਮਾਂ ਦੇ ਮ੍ਰਿਤਕ ਸਰੀਰ ਦੀ ਚੀਰਫਾੜ ਕਰਨ ਕਰਕੇ ਉਸਨੂੰ ਸਜ਼ਾ ਦੇ ਤੌਰ ‘ਤੇ ਧਾਰਮਿਕ ਯਾਤਰਾ ‘ਤੇ ਭੇਜ ਦਿੱਤਾ ਸੀ। ਉਸ ਸਮੇਂ ਹਜ਼ਾਰਾਂ ਕਿਲੋਮੀਟਰ ਦੀਆਂ ਯਾਤਰਾਵਾਂ ਬਹੁਤ ਕਠਿਨਾਈਆਂ ਭਰਪੂਰ ਸਨ। ਜਿਸ ਕਾਰਨ ਉਸੇ ਯਾਤਰਾ ਦੌਰਾਨ ਉਸ ਦੀ ਮੌਤ ਹੋ ਗਈ। ਵਿਲੀਅਮ ਹਾਰਵੇ ਦਾ ਹਸ਼ਰ ਵੀ ਕਿਸੇ ਤੋਂ ਭੁੱਲਿਆ ਨਹੀਂ। ਕਦੇ ਸ਼ੁਕਰਾਤ ਨੂੰ ਜ਼ਹਿਰ ਦਾ ਪਿਆਲਾ ਭੇਂਟ ਕੀਤਾ ਜਾਂਦਾ ਹੈ, ਕਦੇ ਗਲੀਲੀਓ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹ ਕੋਈ ਇਕ ਜਾਂ ਦੋ ਘਟਨਾਵਾਂ ਦਾ ਸਿਲਸਿਲਾ ਨਹੀਂ, ਸਗੋਂ ਦੁਨੀਆਂ ਦਾ ਇਤਿਹਾਸ ਅਜਿਹੇ ਧਾਰਮਿਕ ਜ਼ੁਲਮਾਂ, ਜਲੂਸਾਂ ਤੇ ਬੰਦਸ਼ਾਂ ਨਾਲ ਭਰਿਆ ਪਿਆ ਹੈ। ਜਿਹੜੀਆਂ ਲੜਾਈਆਂ ਧਰਮ ਦੇ ਨਾਂ ‘ਤੇ ਲੜੀਆਂ ਗਈਆਂ ਤੇ ਮਾਰੇ ਗਏ ਵਿਅਕਤੀਆਂ ਦਾ ਜ਼ਿਕਰ ਅਜਿਹੇ ਲੇਖਕ ਕਦੇ ਨਹੀਂ ਕਰਦੇ ਅਤੇ ਨਾ ਹੀ ਕਰਨਗੇ। ਸੋ ਧਰਮ ਦਾ ਮੁੱਖ ਉਦੇਸ਼ ਮਨੁੱਖੀ ਤਰੱਕੀ ਦੇ ਰਾਹ ਵਿੱਚ ਰੋੜਾ ਬਣਨਾ ਹੈ ਅਤੇ ਵਿਗਿਆਨ ਦਾ ਰਸਤਾ ਸਮੁੱਚੀ ਮਨੁੱਖ ਜਾਤੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅੱਜ ਜੋ ਸੁੱਖ ਸਹੂਲਤਾਂ ਮੱਧ ਸ਼੍ਰੇਣੀ ਮਨੁੱਖੀ ਜਾਤੀ ਮਾਣ ਰਹੀ ਹੈ, ਉਹ ਇੱਕ ਸਦੀ ਪਹਿਲਾਂ ਮਹਾਰਾਜਾ ਪਟਿਆਲਾ ਦੇ ਬਜ਼ੁਰਗਾਂ ਕੋਲ ਵੀ ਨਹੀਂ ਸਨ। ਅੱਜ ਜੇ ਸਾਡੇ ਦੇਸ਼ ਦੇ ਬਹੁ ਸੰਮਤੀ ਲੋਕ ਗਰੀਬੀ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਤਾਂ ਉਨ੍ਹਾਂ ਦੇ ਪਛੜੇਪਣ ਦੇ ਕਾਰਨ ਵੀ ਜਦੋਂ ਫਰੋਲੇ ਜਾਣਗੇ ਤਾਂ ਧਰਮ ਦਾ ਰੋੜਾ ਹੀ ਇਨ੍ਹਾਂ ਪਿੱਛੇ ਇੱਕ ਕਾਰਨ ਹੋਵੇਗਾ।

ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ?
ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜ਼ਾਂ ਬੋਧੀਆਂ ਦੀ ਧਰਤੀ ‘ਤੇ ਹੋਈਆਂ ਸਨ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿੱਚ ਨਹੀਂ ਹੈ। ਧਰਮ ਤਾਂ ਭੂਤਾਂ-ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ, ਪੁਨਰ ਜਨਮ, ਸਵਰਗਾਂ ਨਰਕਾਂ, ਜਮਦੂਤਾਂ, ਜੂਨੀਆਂ, ਆਵਾਗਮਨ ਆਦਿ ਦੀਆਂ ਗੱਲਾਂ ਕਰਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਇਸ ਲਈ ਨਾ ਤਾਂ ਵਿਗਿਆਨ ਦਾ ਕੋਈ ਰਸਤਾ ਧਰਮ ਤੋਂ ਨਿਕਲਦਾ ਹੈ ਤੇ ਨਾ ਹੀ ਧਰਮ ਤੋਂ ਸ਼ੁਰੂ ਹੁੰਦਾ ਹੈ। ਧਰਮ ਤਾਂ ਮਨੁੱਖ ਜਾਤੀ ਨੂੰ ਡੂੰਘੀਆਂ ਖੱਡਾਂ ਵਿੱਚ ਲਿਜਾਣ ਦਾ ਯਤਨ ਕਰਦਾ ਹੈ ਜਦ ਕਿ ਵਿਗਿਆਨ ਰਾਕਟਾਂ ਰਾਹੀਂ ਚੰਦਰਮਾਂ ਅਤੇ ਤਾਰਿਆਂ ‘ਤੇ ਲੈ ਜਾਣ ਲਈ ਯਤਨਸ਼ੀਲ ਹੈ। ਮੈਂ ਇੱਕ ਤਰਕਸ਼ੀਲ ਹਾਂ, ਜਿਸ ਨੇ ਲਗਭਗ ਸਾਰੀ ਜ਼ਿੰਦਗੀ ਕਿਸੇ ਧਰਮ ਤੋਂ ਬਗੈਰ ਪੂਰੀ ਵਧੀਆ ਲੰਘਾਈ ਹੈ। ਕੀ ਕੋਈ ਧਾਰਮਿਕ ਵਿਅਕਤੀ ਜਾਂ ਗੁਣਹੀਣ ਇਹ ਦਾਅਵਾ ਕਰ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਵਿਗਿਆਨਕ ਢੰਗ ਨਾਲ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰੇਗਾ। ਸੋ ਵਿਗਿਆਨ ਧਰਤੀ ‘ਤੇ ਮੌਜੂਦ ਹੋਣ ਕਰਕੇ ਵਿਅਕਤੀ ਦੇ ਜੀਵਨ ਦਾ ਇੱਕ ਅੰਗ ਹੈ। ਪਰ ਦੁਨੀਆਂ ਦੀ ਅੱਧੀ ਆਬਾਦੀ ਇਹਨਾਂ ਸਹੂਲਤਾਂ ਤੋਂ ਬਗੈਰ ਜ਼ਿੰਦਗੀ ਜਿਉਂ ਰਹੀ ਹੈ। ਇਹ ਕਹਿਣਾ ਕਿ ਵਿਗਿਆਨ ਜਿੱਥੋਂ ਸ਼ੁਰੂ ਹੁੰਦਾ ਹੈ, ਉੱਥੋਂ ਅਧਿਆਤਮ ਸ਼ੁਰੂ ਹੁੰਦਾ ਹੈ, ਵੀ ਗਲਤ ਹੈ ਕਿਉਂਕਿ ਵਿਗਿਆਨ ਚੇਤਨਸ਼ੀਲ ਮਨਾਂ ਵਿੱਚ ਸਦਾ ਸੀ, ਸਦਾ ਹੈ, ਸਦਾ ਰਹੇਗਾ। ਇਸ ਦਾ ਮਤਲਬ ਇਹ ਹੋਇਆ ਕਿ ਅਧਿਆਤਮ ਕਦੇ ਨਹੀਂ ਸੀ, ਨਾ ਹੈ ਨਾ ਹੀ ਇਹ ਹੋਵੇਗਾ। ਅਸਲ ਵਿੱਚ ਦੁਨੀਆਂ ‘ਤੇ ਮੌਜੂਦ ਪੂਰੀ ਖਲਕਤ ਦੋ ਭਾਗਾਂ ਵਿੱਚ ਵੰਡੀ ਹੋਈ ਹੈ। ਇੱਕ ਨੂੰ ਯਕੀਨ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਕਾਰਜ ਸ਼ਕਤੀ ਪ੍ਰਾਕ੍ਰਿਤਕ ਨਿਯਮ ਹਨ। ਦੂਜੀ ਨੂੰ ਯਕੀਨ ਹੈ ਕਿ ਅਦਿੱਖ ਸ਼ਕਤੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ। ਜਿਸ ਨੂੰ ਪਾਠ ਪੂਜਾ ਰਾਹੀਂ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿਸ ਦਾ ਉਪਰੋਕਤ ਢੰਗ ਨਾਲ ਥਾਹ ਪਾਇਆ ਜਾ ਸਕਦਾ ਹੈ।

ਕੀ ਖੋਜ਼ਾਂ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੁੰਦੀਆਂ ਹਨ?
ਹਰ ਧਰਮ ਦਾ ਸਾਂਝਾ ਗੁਣ ਹੁੰਦਾ ਹੈ। ਉਹ ਦਾਅਵੇ ਕਰਦਾ ਹੈ ਕਿ ਦੁਨੀਆਂ ਦੀ ਹਰ ਖੋਜ਼ ਉਨ੍ਹਾਂ ਦੇ ਧਾਰਮਿਕ ਗ੍ਰੰਥ ਵਿੱਚ ਪਹਿਲਾਂ ਹੀ ਦਰਜ ਹੈ। ਜੇ ਇਹ ਹੁੰਦਾ ਤਾਂ ਦੁਨੀਆਂ ਦੇ ਵੱਡੇ-ਵੱਡੇ ਧਾਰਮਿਕ ਪੁਜਾਰੀਆਂ ਨੇ ਹੀ ਇਹ ਖੋਜ਼ਾਂ ਕੀਤੀਆਂ ਹੁੰਦੀਆਂ। ਧਰਮਾਂ ਦੇ ਗ੍ਰੰਥ ਪੰਜ ਹਜ਼ਾਰ ਸਾਲ ਪਹਿਲਾਂ ਤੋਂ ਇੱਥੇ ਮੌਜੂਦ ਹਨ। ਕਰੋੜਾਂ ਲੋਕ ਹਰ ਸਾਲ ਪਲੇਗ ਅਤੇ ਟੀ.ਬੀ. ਵਰਗੀਆਂ ਬਿਮਾਰੀਆਂ ਨਾਲ ਮਰਦੇ ਰਹੇ। ਕੀ ਸਾਡੇ ਧਾਰਮਿਕ ਆਗੂਆਂ ਨੇ ਉਨ੍ਹਾਂ ਗ੍ਰੰਥਾਂ ਵਿੱਚੋਂ ਦਵਾਈਆਂ ਲੱਭ ਕੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਕੋਈ ਯਤਨ ਕੀਤੇ? 1935 ਵਿੱਚ ਭਾਰਤੀਆਂ ਦੀ ਔਸਤ ਉਮਰ 35 ਵਰੇ ਸੀ, ਜੋ ਅੱਜ ਇਹ 68 ਵਰ੍ਹਿਆਂ ਨੂੰ ਪੁੱਜ ਗਈ ਹੈ। ਇਹ ਵਿਗਿਆਨਕ ਸੋਚ ਨਾਲ ਹੀ ਸੰਭਵ ਹੋਇਆ ਹੈ ਨਾ ਕਿ ਧਾਰਮਿਕ ਬੰਦਸ਼ਾਂ ਜਾਂ ਰਹੁ ਰੀਤਾਂ ਨਾਲ।

ਕੀ ਮਨੁੱਖ ਨੂੰ ਮਰਨ ਕਿਨਾਰੇ ਪੁੱਜ ਕੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ?
ਮਨੁੱਖੀ ਮਨ ਹਮੇਸ਼ਾਂ ਹੀ ਕਲਪਨਾਸ਼ੀਲ ਹੁੰਦਾ ਹੈ। ਕੱਚੀ ਨੀਂਦ ਵਿੱਚ ਕੀਤੀਆਂ ਕਲਪਨਾਵਾਂ ਸੁਪਨੇ ਬਣ ਜਾਂਦੀਆਂ ਹਨ। ਮਰਨ ਕਿਨਾਰੇ ਬੰਦਾ ਜਦੋਂ ਪੁੱਜ ਜਾਂਦਾ ਹੈ ਤਾਂ ਉਸਨੂੰ ਕੁੱਝ ਧੁੰਦਲੀਆਂ ਕਲਪਨਾਵਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਇਹ ਹਕੀਕਤਾਂ ਨਹੀਂ ਹੁੰਦੀਆਂ। ਧਾਰਮਿਕ ਵਿਅਕਤੀ ਇਸ ਨੂੰ ਪ੍ਰਮਾਤਮਾ ਦੇ ਦਰਸ਼ਨ ਸਮਝ ਲੈਂਦੇ ਹਨ। ਨਾਸਤਿਕਾਂ ਤੇ ਤਰਕਸ਼ੀਲਾਂ ਲਈ ਇਹ ਦ੍ਰਿਸ਼ਟੀਭਰਮ ਹੁੰਦੇ ਹਨ। ਅਜਿਹਾ ਸਭ ਕੁੱਝ ਨਸ਼ੇ ਦੀ ਹਾਲਤ ਵਿੱਚ ਵੀ ਹੋ ਜਾਂਦਾ ਹੈ। ਸੁੱਖੇ ਵਾਲੇ ਪਕੌੜੇ ਖਾ ਕੇ ਕਿਸੇ ਵਿਅਕਤੀ ਨੂੰ ਆਪਣਾ ਸਰੀਰ ਹਵਾ ਵਿੱਚ ਉੱਡਦਾ ਨਜ਼ਰ ਆ ਸਕਦਾ ਹੈ ਪਰ ਕੀ ਤੁਸੀਂ ਕਿਸੇ ਨਸ਼ਈ ਵਿਅਕਤੀ ਨੂੰ ਉਡਾਰੀ ਮਾਰਦੇ ਵੇਖਿਆ ਹੈ?

ਘਟਨਾਵਾਂ ਸਿਰਫ਼ ਨੰਗੀ ਅੱਖ ਨਾਲ ਹੀ ਦੇਖੀਆਂ ਜਾ ਸਕਦੀਆਂ ਹਨ?
ਧਰਤੀ ‘ਤੇ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ, ਜਿੰਨ੍ਹਾਂ ਨੂੰ ਮਾਪਣ ਲਈ ਜਾਂ ਵੇਖਣ ਲਈ ਯੰਤਰਾਂ ਦੀ ਲੋੜ ਪੈਂਦੀ ਹੈ। ਕੋਈ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ, ਕੋਈ ਇਲੈਕਟਰੋਨਿਕ ਮਾਈਕਰੋਸਕੋਪ ਨਾਲ ਵੇਖੀ ਜਾ ਸਕਦੀ ਹੈ, ਕਿਸੇ ਨੂੰ ਵੇਖਣ ਲਈ ਟੈਲੀਸਕੋਪ ਦੀ ਵਰਤੋਂ ਕੀਤੀ ਜਾਂਦੀ ਹੈ, ਕਿਸੇ ਨੂੰ ਤਾਪਮਾਨ ਦੀ ਘਾਟ-ਵਾਧ ਨਾਲ, ਕਿਸੇ ਨੂੰ ਕਿਰਨਾਂ ਰਾਹੀਂ ਵੇਖਿਆ ਜਾ ਸਕਦਾ ਹੈ, ਕੁੱਝ ਨੂੰ ਵੇਖਣ ਲਈ ਅਜੇ ਤੱਕ ਯੰਤਰ ਵੀ ਨਹੀਂ ਬਣੇ। ਇਸ ਤਰ੍ਹਾਂ ਇਨ੍ਹਾਂ ਵੱਖ-ਵੱਖ ਢੰਗਾਂ ਰਾਹੀਂ ਚੀਜ਼ਾਂ ਵੇਖੀਆਂ ਜਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਪਰ ਜਿਸ ਢੰਗ ਨਾਲ ਪ੍ਰਮਾਤਮਾ ਨੂੰ ਮਹਿਸੂਸ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ, ਉਹ ਗਲਤ ਹੈ। ਮੈਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ 40-40 ਜਾਂ 50-50 ਸਾਲ ਭਗਤੀ ਕਰਨ ਵਾਲੇ ਮਨੁੱਖਾਂ ਨੂੰ ਮਿਲਿਆ ਹਾਂ। ਸਭ ਦਾ ਇਕਬਾਲ ਕਿ ਅਜੇ ਤੱਕ ਪ੍ਰਮਾਤਮਾ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ। ਜੇ ਕਿਸੇ ਨੂੰ ਇਹ ਹੋ ਵੀ ਜਾਣ ਤਾਂ ਵੀ ਇਹ ਹਕੀਕਤ ਨਹੀਂ ਹੋਵੇਗੀ। ਕਿਉਂਕਿ ਸਭ ਦਾ ਉਸ ਬਾਰੇ ਵਰਨਣ ਵੱਖ-ਵੱਖ ਹੋਵੇਗਾ। ਪਰ ਜੇ ਉਹ ਸੱਚੀ-ਮੁੱਚੀ ਹੋਵੇਗਾ ਤਾਂ ਉਸਦਾ ਅਕਾਰ, ਰੰਗ-ਰੂਪ ਸਭ ਧਰਮਾਂ ਵਾਲਿਆਂ ਨੂੰ ਇੱਕੋ ਜਿਹਾ ਹੀ ਨਜ਼ਰ ਆਵੇਗਾ ਵੱਖ-ਵੱਖ ਨਹੀਂ।

ਕੀ ਧਰਮ ਨੇ ਮਨੁੱਖੀ ਜੀਵਨ ਨੂੰ ਅਨੁਸ਼ਾਸ਼ਨਬੱਧ ਕੀਤਾ ਹੈ?
ਅੱਜ ਦੁਨੀਆਂ ਦੇ ਸਭ ਤੋਂ ਵੱਧ ਧਰਮ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਲੋਕ ਸਾਡੇ ਦੇਸ਼ ਵਿੱਚ ਹਨ। ਫਿਰ ਤਾਂ ਸਭ ਤੋਂ ਵੱਧ ਅਨੁਸ਼ਾਸ਼ਨ ਸਾਡੇ ਦੇਸ਼ ਵਿੱਚ ਹੀ ਹੋਣਾ ਚਾਹੀਦਾ ਸੀ। ਪਰ ਹਕੀਕਤ ਇਸ ਦੇ ਉਲਟ ਹੈ। ਅੱਜ ਸਾਡੇ ਦੇਸ਼ ਵਿੱਚ ਰਿਸ਼ਵਤਖੋਰੀ, ਠੱਗੀ, ਚੋਰੀ, ਬੇਈਮਾਨੀ, ਡਾਕੇ, ਬਿਮਾਰੀਆਂ ਅਤੇ ਦੁਰਘਟਨਾਵਾਂ ਸਭ ਤੋਂ ਜ਼ਿਆਦਾ ਹਨ। ਕੀ ਇਹ ਧਰਮ ਦੇ ਅਨੁਸ਼ਾਸ਼ਨ ਕਰਕੇ ਹੀ ਹਨ? ਅੱਜ ਇਹ ਗੱਲ ਸਥਾਪਿਤ ਹੋ ਚੁੱਕੀ ਹੈ ਕਿ ਜਿਹੜੇ ਦੇਸ਼ਾਂ ਵਿੱਚ ਜ਼ਿਆਦਾ ਲੋਕ ਤਰਕਸ਼ੀਲ ਜਾਂ ਨਾਸਤਿਕ ਹਨ, ਉਹ ਜ਼ਿਆਦਾ ਸ਼ਾਂਤ ਹਨ।

ਸੋ ਜਿਹੜੀਆਂ ਗੱਲਾਂ ਕਰਕੇ ਗੁਣਹੀਣ ਜੀ ਨੇ ਧਰਮਾਂ ਦਾ ਗੁਣਗਾਨ ਕੀਤਾ ਹੈ, ਮੈਨੂੰ ਤਾਂ ਤਸਵੀਰ ਇਸ ਦੇ ਉਲਟ ਨਜ਼ਰ ਆਉਂਦੀ ਹੈ।

ਮੇਘ ਰਾਜ ਮਿੱਤਰ 

(ਸੰਸਥਾਪਕ ਤਰਕਸ਼ੀਲ ਸੁਸਾਇਟੀ)
+91 9888787440

Install Punjabi Akhbar App

Install
×