ਤਰਕਸ਼ੀਲ ਸੁਸਾਇਟੀ ਭਾਰਤ ਨੇ ਇੱਕ ਲੱਖ ਦੀ ਸ਼ਰਤ ਜਿੱਤੀ

(6 ਫਰਵਰੀ ਨੂੰ ਤਰਕਸ਼ੀਲ ਸੁਸਾਇਟੀ ਦੀ ਚੁਣੌਤੀ ਕਬੂਲ ਕਰਨ ਮੌਕੇ ਅਮਿੱਤ ਮਿੱਤਰ, ਮੁਕੇਸ਼, ਰਾਜਾ ਰਾਮ ਹੰਢਿਆਇਆ ਅਤੇ ਮੁਕੇਸ਼ ਦਾ ਬੇਟਾ ਸੁਗਮ)

(ਬਰਨਾਲਾ) ਬੀਤੀ 6 ਫਰਵਰੀ ਨੂੰ ਆਗਰਾ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਵੱਲੋਂ ਤਰਕਸ਼ੀਲ ਸੁਸਾਇਟੀ ਭਾਰਤ ਦੀ 23 ਸ਼ਰਤਾਂ ਵਾਲੀ ਚੁਣੌਤੀ ਵਿੱਚੋਂ  ਇੱਕ ਸ਼ਰਤ ਨੂੰ ਪੂਰਾ ਕਰਨ ਲਈ ਇੱਕ ਲੱਖ ਰੁਪਏ ਦੀ ਜ਼ਮਾਨਤੀ ਰਾਸ਼ੀ ਜ਼ਮਾਂ ਕਰਵਾਈ ਸੀ। ਮੁਕੇਸ਼ ਨੇ ਦਾਅਵਾ ਕੀਤਾ ਸੀ ਕਿ ਉਸਦੇ ਗੁਰੂ ਜੀ ਸੀਲ ਬੰਦ ਕਰਾਂਸੀ ਨੋਟ ਦਾ ਨੰਬਰ ਆਪਣੀ ਗੈਬੀ ਸ਼ਕਤੀ ਰਾਹੀਂ ਦੱਸ ਦੇਣਗੇ। ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਸੁਸਾਇਟੀ ਦੇ ਮੋਢੀ ਆਗੂ ਮੇਘ ਰਾਜ ਮਿੱਤਰ ਅਤੇ ਰਾਜਾ ਰਾਮ ਹੰਢਿਆਇਆ ਜੀ ਨੇ ਮੁਕੇਸ਼ ਕੁਮਾਰ ਨੂੰ ਵਿਸ਼ਵਾਸ ਦਵਾਇਆ ਸੀ ਕਿ ਜੇ ਉਹ 30 ਅਪ੍ਰੈਲ 2021 ਤੱਕ ਆਪਣੀ ਇਸ ਸ਼ਰਤ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਸੁਸਾਇਟੀ ਵੱਲੋਂ ਤਹਿਸ਼ੂਦਾ ਇੱਕ ਕਰੋੜ ਰੁਪਏ ਦਾ ਇਨਾਮ ਉਸਨੂੰ ਦਿੱਤਾ ਜਾਵੇਗਾ। ਇਸ ਸ਼ਰਤ ਲਈ ਬਕਾਇਦਾ ਰੂਪ ਵਿੱਚ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਅਤੇ ਮੁਕੇਸ਼ ਕੁਮਾਰ ਵਿਚਕਾਰ ਇੱਕ ਲਿਖਤੀ ਇਕਰਾਰਨਾਮਾ ਵੀ ਹੋਇਆ ਸੀ।
ਤਰਕਸ਼ੀਲ ਸੁਸਾਇਟੀ ਭਾਰਤ ਦੇ ਆਗੂ ਅਮਿੱਤ ਮਿੱਤਰ ਨੇ ਦੱਸਿਆ ਕਿ ਮੁਕੇਸ਼ ਕੋਲ ਇਸ ਸ਼ਰਤ ਨੂੰ ਜਿੱਤਣ ਲਈ 30 ਅਪ੍ਰੈਲ 2021 ਤੱਕ ਦਾ ਸਮਾਂ ਸੀ। ਨਿਧਾਰਿਤ ਸਮੇਂ ਅੰਦਰ ਮੁਕੇਸ਼ ਆਪਣੀ ਇਸ ਸ਼ਰਤ ਨੂੰ ਪੂਰਾ ਕਰਨ ਵਿੱਚ ਨਾਕਾਮਯਾਬ ਰਿਹਾ। ਉਸਨੂੰ ਸਮੇਂ-ਸਮੇਂ ‘ਤੇ ਈਮੇਲਾਂ ਅਤੇ ਫੋਨ ਰਾਹੀਂ ਅਪੀਲ ਕੀਤੀ ਗਈ ਕਿ ਉਹ ਆਪਣੀ ਜਾਂ ਆਪਣੇ ਗੁਰੂ ਦੀ ਗੈਬੀ ਸ਼ਕਤੀ ਦਾ ਪ੍ਰਗਟਾਵਾ ਬਰਨਾਲੇ ਆ ਕੇ ਜਨਤਕ ਇਕੱਠ ਵਿੱਚ ਕਰੇ। ਸੁਸਾਇਟੀ ਇਸ ਜਿੱਤ ਦੇ ਸੰਬੰਧ ਵਿੱਚ ਬਕਾਇਦਾ ਰੂਪ ਵਿੱਚ ਇੱਕ ਪ੍ਰੋਗਰਾਮ ਵੀ ਉਲੀਕ ਰਹੀ ਸੀ ਪਰ ਕਰੋਨਾ ਦੇ ਵਧ ਰਹੇ ਪ੍ਰਕੋਪ ਕਾਰਨ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ।

ਜਿੱਤੀ ਇਨਾਮ ਰਾਸ਼ੀ ਦਾ ਕੀ ਕੀਤਾ ਜਾਵੇ?

ਤਰਕਸ਼ੀਲ ਸੁਸਾਇਟੀ ਭਾਰਤ 1984 ਤੋਂ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਕੱਢਣ ਲਈ ਯਤਨਸ਼ੀਲ ਹੈ, ਇਸ ਲਈ ਸਮੇਂ-ਸਮੇਂ ‘ਤੇ ਸੁਸਾਇਟੀ ਕਾਰਕੁੰਨਾਂ ਵੱਲੋਂ ਜਨਤਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਸੁਸਾਇਟੀ ਦੀ ਸੂਬਾਈ ਟੀਮ ਵੱਲੋਂ ਤਹਿ ਕੀਤਾ ਗਿਆ ਹੈ ਕਿ ਜਿੱਤੀ ਗਈ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਿੱਚੋਂ ਪੰਜਾਬ ਵਿੱਚ ਕੀਤੇ ਵੀ ਜੇ ਕੋਈ ਸੰਸਥਾ ਤਰਕਸ਼ੀਲ ਪ੍ਰੋਗਰਾਮ ਕਰਵਾਉਂਦੀ ਹੈ ਤਾਂ ਇਸੇ ਇਨਾਮ ਰਾਸ਼ੀ ਵਿੱਚੋਂ 5 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਜਾਵੇਗੀ। ਇਸ ਫੰਡ ਨੂੰ ਹੋਰ ਵਿਸਥਾਰ ਦੇਣ ਲਈ ਕੋਈ ਵੀ ਹੋਰ ਚਾਹਵਾਨ ਤਰਕਸ਼ੀਲ ਸਾਥੀ ਇਸ ਵਿੱਚ ਆਪਣਾ ਸਹਿਯੋਗ ਪਾ ਸਕਦਾ ਹੈ। ਇਸ ਪੂਰੇ ਫੰਡ ਦਾ ਬਕਾਇਦਾ ਰੂਪ ਵਿੱਚ ਹਿਸਾਬ ਕਿਤਾਬ ਰੱਖਿਆ ਜਾਵੇਗਾ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਅਮਿੱਤ ਮਿੱਤਰ ਨਾਲ ਮੋਬਾਇਲ ਨੰਬਰ 91 9357512244 ਉਤੇ ਵੀ ਸੰਪਰਕ ਕਰ ਸਕਦੇ ਹੋ।

Install Punjabi Akhbar App

Install
×