ਪਾਕਿਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋ ਜਾਣ ਦੇ ਕਾਰਨ ਉਸ ‘ਚ ਸਵਾਰ ਫਿਲੀਪੀਨ ਤੇ ਨਾਰਵੇ ਦੇ ਰਾਜਦੂਤਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਤਹਿਰੀਕ ਏ ਤਾਲਿਬਾਨ ਦਾ ਦਾਅਵਾ ਹੈ ਕਿ ਉਸਨੇ ਹੈਲੀਕਾਪਟਰ ਨੂੰ ਮਾਰ ਗਿਰਾਇਆ ਹੈ ਜਦੋਂ ਕਿ ਪਾਕਿਸਤਾਨੀ ਫ਼ੌਜ ਦਾ ਕਹਿਣਾ ਹੈ ਕਿ ਤਕਨੀਕੀ ਖ਼ਰਾਬੀ ਦੇ ਕਾਰਨ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦਾ ਗਿਲਗਿਤ – ਬਾਲਟਿਸਤਾਨ ਦਾ ਦੌਰਾ ਟਾਲ ਦਿੱਤਾ ਗਿਆ ਹੈ। ਤਹਿਰੀਕ – ਏ – ਤਾਲਿਬਾਨ ਨੇ ਹੈਲੀਕਾਪਟਰ ਨੂੰ ਡੇਗਣ ਦੀ ਜ਼ਿੰਮੇਵਾਰੀ ਲਈ ਹੈ, ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਿਸ਼ਾਨੇ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਸਨ। ਫ਼ੌਜ ਨੇ ਦੱਸਿਆ ਕਿ ਹਾਦਸਾ ਪਾਕਿਸਤਾਨ ਦੇ ਉੱਤਰ ‘ਚ ਗਿਲਗਿਤ – ਬਾਲਟਿਸਤਾਨ ਖੇਤਰ ‘ਚ ਹੋਇਆ ਤੇ ਜਹਾਜ਼ ‘ਚ 11 ਵਿਦੇਸ਼ੀ ਨਾਗਰਿਕ ਸਵਾਰ ਸਨ। ਮਰਨ ਵਾਲਿਆਂ ‘ਚ ਨਾਰਵੇ ਦੇ ਰਾਜਦੂਤ ਲੀਫ ਐੱਚ. ਲਾਰਸਨ, ਫਿਲੀਪੀਨ ਦੇ ਰਾਜਦੂਤ ਡੋਮਿਗੋ ਡੀ. ਲੂਸੇਨਾਰਯੋ ਦੇ ਇਲਾਵਾ ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਰਾਜਦੂਤਾਂ ਦੀਆਂ ਪਤਨੀਆਂ ਤੇ ਹੈਲੀਕਾਪਟਰ ਦੇ ਦੋ ਪਾਇਲਟ ਸ਼ਾਮਿਲ ਸਨ।