ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਕਾਰਨ ਕਸ਼ਮੀਰ ਦੇ ਹਾਲਾਤ ‘ਤੇ ਪੈ ਸਕਦੇ ਹਨ ਦੂਰਗਾਮੀ ਅਸਰ

ਪੰਜਸ਼ੀਰ ਘਾਟੀ ‘ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਦਾ ਸਾਰੇ ਅਫਗਾਨਿਸਤਾਨ ‘ਤੇ ਮੁਕੰਮਲ ਕਬਜ਼ਾ ਹੋ ਗਿਆ ਹੈ। ਤਾਲਿਬਾਨ ਮੁਖੀ ਮੁੱਲਾਂ ਉਬੈਦੁੱਲਾਹ ਆਖੁੰਦਜ਼ਾਦਾ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਵੀ ਹੋ ਗਿਆ ਹੈ ਜਿਸ ਵਿੱਚ ਅਮਰੀਕਾ ਦੇ ਸਖਤ ਵਿਰੋਧ ਦੇ ਬਾਵਜੂਦ ਸਿਰਾਜ਼ੁਦੀਨ ਹੱਕਾਨੀ ਸਮੇਤ ਅਨੇਕਾਂ ਅੰਤਰਰਾਸ਼ਟਰੀ ਅੱਤਵਾਦੀਆਂ ਨੂੰ ਮੰਤਰੀ ਬਣਾਇਆ ਗਿਆ ਹੈ। ਹੱਕਾਨੀ ਅਮਰੀਕਾ ਦੀ ਖੁਫੀਆ ਏਜੰਸੀ ਐਫ.ਬੀ.ਆਈ ਦਾ ਸਭ ਤੋਂ ਵੱਧ ਲੋੜੀਂਦਾ ਅੱਤਵਾਦੀ ਹੈ ਜਿਸ ਦੇ ਸਿਰ ‘ਤੇ ਦਸ ਕਰੋੜ ਡਾਲਰ (ਕਰੀਬ ਸਾਢੇ 7 ਅਰਬ ਰੁਪਏ) ਦਾ ਇਨਾਮ ਹੈ। ਤਾਲਿਬਾਨ ਲੀਡਰਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਲਾਂ ਤੋਂ ਵੱਖ ਵੱਖ ਦੁਸ਼ਮਣਾਂ ਨਾਲ ਲੜਦੇ ਆ ਰਹੇ ਆਪਣੇ ਸੈਨਿਕਾਂ ਨੂੰ ਹੁਣ ਕਿਸ ਕੰਮ ‘ਤੇ ਲਗਾਇਆ ਜਾਵੇ। ਕਿਉਂਕਿ ਅਫਗਾਨਾਂ ਨੂੰ ਜੇ ਲੜਨ ਲਈ ਸਾਂਝਾ ਦੁਸ਼ਮਣ ਨਾ ਮਿਲੇ ਤਾਂ ਉਹ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੰਦੇ ਹਨ। ਤਾਲਿਬਾਨ ਸਰਕਾਰ ਨੀ ਭਵਿੱਖੀ ਨੀਤੀ ਬਾਰੇ ਮੁੱਖ ਬੁਲਾਰੇ ਮੁੱਲਾਂ ਉਮਰ ਮੁਜ਼ਾਹਿਦ ਨੇ ਕੁਝ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਹੈ ਕਿ ਉਨ੍ਹਾਂ ਦਾ ਅਗਲਾ ਮਿਸ਼ਨ ਕਸ਼ਮੀਰ, ਸੀਰੀਆ, ਲੀਬੀਆ ਅਤੇ ਸੋਮਾਲੀਆ ਵਰਗੇ ਮੁਸਲਿਮ ਬਹੁਗਿਣਤੀ ਦੇਸ਼ਾਂ ਅਤੇ ਇਲਾਕਿਆਂ ਨੂੰ ਅਜ਼ਾਦ ਕਾਰਉਣ ਦਾ ਹੈ। ਪਰ ਤਾਲਿਬਾਨ ਵੀ ਹੁਣ ਕੂਟਨੀਤੀ ਸਿੱਖ ਗਏ ਹਨ। ਉਮਰ ਮੁਜ਼ਾਹਿਦ ਨੇ ਚੀਨ ਦੇ ਉਇਗਰ ਅਤੇ ਰੂਸ ਦੇ ਚੇਚਨ ਮੁਸਲਮਾਨਾਂ ਬਾਰੇ ਇੱਕ ਲਫਜ਼ ਵੀ ਨਹੀਂ ਬੋਲਿਆ ਕਿਉਂਕਿ ਇਸ ਵੇਲੇ ਚੀਨ ਅਤੇ ਰੂਸ ਉਸ ਦੇ ਸਭ ਤੋਂ ਵੱਡੇ ਸਮਰਥਕ ਹਨ।
ਤਾਲਿਬਾਨ ਦੇ ਕਬਜ਼ੇ ਦੇ ਨਾਲ ਹੀ ਅਫਗਾਨਿਸਤਾਨ ਤੋਂ ਆਪਣੀਆਂ ਕਾਰਵਾਈਆਂ ਚਲਾਉਣ ਵਾਲੀਆਂ ਅੱਤਵਾਦੀ ਜਥੇਬੰਦੀਆਂ ਅਲ ਕਾਇਦਾ, ਈਸਟਰਨ ਤੁਰਕਿਸਤਾਨ ਇਸਲਾਮਿਕ ਪਾਰਟੀ, ਇਸਲਾਮਿਕ ਮੂਵਮੈਂਟ ਫਾਰ ਉਜ਼ਬੇਕਿਸਤਾਨ, ਤਹਿਰੀਕੇ ਤਾਲਿਬਾਨ ਪਾਕਿਸਤਾਨ, ਜੈਸ਼ੇ ਮੁਹੰਮਦ, ਲਸ਼ਕਰੇ ਤੋਇਬਾ ਅਤੇ ਹੱਕਾਨੀ ਨੈੱਟਵਰਕ ਵਿੱਚ ਨਵੀਂ ਜਾਨ ਪੈ ਗਈ ਤੇ ਉਹ ਹੁਣ ਅਮਰੀਕਾ ਦੇ ਭੈਅ ਤੋਂ ਮੁਕਤ ਹੋ ਕੇ ਆਪਣੇ ਘਟੀਆ ਮਨਸੂਬਿਆਂ ਨੂੰ ਖੁਲ੍ਹ ਕੇ ਸਰਅੰਜ਼ਾਮ ਦੇ ਸਕਦੇ ਹਨ। ਜੈਸ਼ੇ ਮੁਹੰਮਦ ਅਤੇ ਲਸ਼ਕਰੇ ਤੋਇਬਾ ਦੇ ਕੁੱਲ ਮਿਲਾ ਕੇ ਕਰੀਬ 15000 ਲੜਾਕਿਆਂ ਨੇ ਤਾਲਿਬਾਨ ਨਾਲ ਮਿਲ ਕੇ ਅਮਰੀਕਾ ਦੇ ਖਿਲਾਫ ਜੰਗ ਲੜੀ ਸੀ ਤੇ ਇਸ ਦੇ ਇਵਜ਼ਾਨੇ ਵਜੋਂ ਹੁਣ ਉਨ੍ਹਾਂ ਨੂੰ ਕਸ਼ਮੀਰ ਵਿੱਚ ਜ਼ੇਹਾਦ ਕਰਨ ਲਈ ਤਾਲਿਬਾਨ ਦੀ ਖੁਲ੍ਹੀ ਇਮਦਾਦ ਮਿਲਣ ਦੀ ਪੂਰੀ ਉਮੀਦ ਹੈ। ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਤਾਲਿਬਾਨ ਸਰਕਾਰ ‘ਤੇ ਪੂਰਾ ਪ੍ਰਭਾਵ ਹੈ ਤੇ ਉਸ ਨੇ ਅਮਰੀਕਾ ਦੇ ਖਿਲਾਫ ਤਾਲਿਬਾਨ ਦੀ ਹਰ ਪ੍ਰਕਾਰ ਦੀ ਹਥਿਆਰਾਂ ਅਤੇ ਪੈਸੇ ਨਾਲ ਮਦਦ ਕੀਤੀ ਸੀ। ਤਾਲਿਬਾਨ ਸਰਕਾਰ ਦਾ ਗਠਨ ਵੀ ਆਈ.ਐੱਸ.ਆਈ. ਦੀ ਮਰਜ਼ੀ ਮੁਤਾਬਕ ਹੋਇਆ ਹੈ ਤੇ ਪੰਜਸ਼ੀਰ ਘਾਟੀ ਦੀ ਜਿੱਤ ਪਾਕਿਸਤਾਨੀ ਫੌਜ ਦੀ ਮਦਦ ਤੋਂ ਬਗੈਰ ਮੁਮਕਿਨ ਨਹੀਂ ਸੀ। ਕੁਝ ਦਿਨ ਪਹਿਲਾਂ ਹੀ ਆਈ.ਐੱਸ.ਆਈ. ਮੁਖੀ ਜਨਰਲ ਫੈਜ਼ ਹਮੀਦ ਨੇ ਅਫਗਾਨਿਸਤਾਨ ਦਾ ਦੌਰਾ ਕੀਤਾ ਹੈ ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਤਾਲਿਬਾਨ ਦੇ ਕਈ ਪ੍ਰਮੁੱਖ ਲੀਡਰਾਂ ਦੇ ਪਰਿਵਾਰ ਕਈ ਸਾਲਾਂ ਤੋਂ ਪਾਕਿਸਤਾਨ ਵਿੱਚ ਸ਼ਾਹੀ ਜੀਵਨ ਬਤੀਤ ਕਰ ਰਹੇ ਹਨ ਤੇ ਹੁਣ ਪਾਕਿਸਤਾਨ ਤਾਲਿਬਾਨ ਤੋਂ ਕੀਤੇ ਹੋਏ ਅਹਿਸਾਨਾਂ ਦਾ ਮੁੱਲ ਵਸੂਲਣਾ ਚਾਹੁੰਦਾ ਹੈ।
ਇਸ ਤੋਂ ਇਲਾਵਾ ਅਮਰੀਕਾ ਅਫਗਾਨਿਸਤਾਨ ਤੋਂ ਭੱਜਦੇ ਸਮੇਂ ਜੰਗੀ ਜਹਾਜ, ਬਲੈਕ ਹਾਕ ਹੈਲੀਕਾਪਟਰ, ਫੌਜੀ ਗੱਡੀਆਂ, ਰਾਈਫਲਾਂ, ਰਾਕਟ, ਤੋਪਾਂ ਅਤੇ ਗੋਲੀ ਸਿੱਕੇ ਸਮੇਤ ਅਰਬਾਂ ਡਾਲਰ ਦਾ ਸਾਜ਼ੋ ਸਮਾਨ ਪਿੱਛੇ ਛੱਡ ਗਿਆ ਹੈ ਜਿਸ ਦੀ ਮੁਰੰਮਤ ਅਤੇ ਇਸਤੇਮਾਲ ਲਈ ਪਾਕਿਸਤਾਨੀ ਪਾਇਲਟਾਂ, ਇੰਜੀਨੀਅਰਾਂ ਅਤੇ ਸਪੇਅਰ ਪਾਰਟਸ ਦੀ ਸਖਤ ਜਰੂਰਤ ਹੈ। ਤਾਲਿਬਾਨੀ ਪਾਇਲਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਉਡਾਉਣ ਦੀ ਟਰੇਨਿੰਗ ਲੈਣ ਲਈ ਪਾਕਿਸਤਾਨ ਪਹੁੰਚ ਚੁੱਕੇ ਹਨ। ਭਾਰਤ ਲਈ ਇਹ ਫਿਕਰ ਵਾਲੀ ਗੱਲ ਹੈ। ਇਸ ਵਾਰ ਤਾਲਿਬਾਨ ਭਾਵੇਂ ਨਿਮਰ ਭਾਸ਼ਾ ਬੋਲ ਰਹੇ ਹਨ, ਪਰ ਉਨ੍ਹਾਂ ‘ਤੇ ਪਾਕਿਸਤਾਨ ਦੇ ਪ੍ਰਭਾਵ ਨੂੰ ਵੇਖਦੇ ਹੋਏ ਉਨ੍ਹਾਂ ਦੀ ਗੱਲ ‘ਤੇ ਜਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਕਬਜ਼ੇ ਤੋਂ ਫੌਰਨ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਅਮਰੀਕਾ ਅਤੇ ਨਾਟੋ ਦੇਸ਼ਾਂ ਲਈ ਕੰਮ ਕਰ ਕਰਨ ਵਾਲੇ ਨਾਗਰਿਕਾਂ, ਪੁਲਿਸ ਅਤੇ ਫੌਜੀਆਂ ਨੂੰ ਮਾਫੀ ਦਿੱਤੀ ਜਾਵੇਗੀ ਤੇ ਔਰਤਾਂ ਨੂੰ ਮੁੱਢਲੀ ਤੇ ਉੱਚ ਸਿੱਖਿਆ ਦੀ ਅਜ਼ਾਦੀ ਹੋਵੇਗੀ। ਪਰ ਇਸ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ ਉਹ ਮੁੱਕਰ ਗਏ ਤੇ ਆਪਣੀਆਂ ਪੁਰਾਣੀਆਂ ਕਰਤੂਤਾਂ ‘ਤੇ ਉੱਤਰ ਆਏ ਹਨ। ਪੱਤਰਕਾਰਾਂ ਤੇ ਬੁਰਕਾ ਨਾ ਪਹਿਨਣ ਵਾਲੀਆਂ ਔਰਤਾਂ ਦੀ ਸ਼ਰੇਆਮ ਪਿਟਾਈ ਅਤੇ ਪੰਜਸ਼ੀਰ ਘਾਟੀ ਵਿੱਚ ਗ੍ਰਿਫਤਾਰ ਕੀਤੇ ਗਏ ਅਨੇਕਾਂ ਸੈਨਿਕਾਂ ਅਤੇ ਆਮ ਲੋਕਾਂ ਨੂੰ ਕਤਲ ਕਰਨ ਦੀਆਂ ਤਸਵੀਰਾਂ ਅਤੇ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਤਾਲਿਬਾਨ ਦੇ ਲੀਡਰ ਭਾਰਤ ਬਾਰੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ। ਇੱਕ ਦਿਨ ਇੱਕ ਲੀਡਰ ਭਾਰਤ ਨਾਲ ਚੰਗੇ ਸਬੰਧ ਰੱਖਣ ਬਾਰੇ ਬਿਆਨ ਦਿੰਦਾ ਹੈ ਤੇ ਅਗਲੇ ਦਿਨ ਦੂਸਰਾ ਲੀਡਰ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨ ਦੀ ਧਮਕੀ ਦੇ ਦਿੰਦਾ ਹੈ। ਤਾਲਿਬਾਨ ਭਾਰਤ ਨਾਲ ਕਦੇ ਵੀ ਚੰਗੇ ਸਬੰਧ ਨਹੀਂ ਰੱਖ ਸਕਦਾ ਕਿਉਂਕਿ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨਾ ਆਈ.ਐਸ.ਆਈ., ਜੈਸ਼ੇ ਮੁਹੰਮਦ ਅਤੇ ਲਸ਼ਕਰੇ ਤੋਇਬਾ ਦਾ ਨੰਬਰ ਇੱਕ ਨਿਸ਼ਾਨਾ ਹੈ ਤੇ ਤਾਲਿਬਾਨ ਵਿੱਚ ਆਪਣੇ ਮਾਲਕ ਪਾਕਿਸਤਾਨ ਨੂੰ ਨਰਾਜ਼ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਭਾਰਤ ਵੱਲੋਂ ਬਾਲਾਕੋਟ ਟਰੇਨਿੰਗ ਸੈਂਟਰ ‘ਤੇ ਕੀਤੇ ਗਏ ਹਵਾਈ ਹਮਲੇ (26 ਫਰਵਰੀ 2019) ਤੋਂ ਬਾਅਦ ਘਬਰਾਈਆਂ ਹੋਈਆਂ ਇਨ੍ਹਾਂ ਅੱਤਵਾਦੀ ਜਥੇਬੰਦੀਆਂ ਆਪਣੇ ਟਰੇਨਿੰਗ ਸੈਂਟਰ ਅਫਗਾਨਿਸਤਾਨ ਵਿੱਚ ਸਥਾਪਿਤ ਕਰ ਲਏ ਹਨ। ਹੁਣ ੳਨ੍ਹਾਂ ਦੇ ਭਾਰਤ ਪਾਕਿ ਸਰਹੱਦ ਦੇ ਨਜ਼ਦੀਕ ਸਿਰਫ ਬੇਸ ਕੈਂਪ ਹੀ ਰਹਿ ਗਏ ਹਨ ਜਿੱਥੋਂ ਉਹ ਅੱਤਵਾਦੀਆਂ ਨੂੰ ਭਾਰਤ ਵੱਲ ਧੱਕ ਸਕਦੇ ਹਨ। ਕੁਝ ਅਪੁਸ਼ਟ ਰਿਪੋਰਟਾਂ ਦੇ ਮੁਤਾਬਕ ਕਸ਼ਮੀਰ ਵਿੱਚ ਵਿਦੇਸ਼ੀ ਅੱਤਵਾਦੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ ਪਰ ਅਸਲੀ ਸਥਿੱਤੀ ਦਾ ਪਤਾ ਆਉਣ ਵਾਲੀ ਸਰਦੀ ਦੇ ਖਤਮ ਹੋਣ ਉਪਰੰਤ ਬਰਫ ਪਿਘਲਣ ਤੋਂ ਬਾਅਦ ਹੀ ਚੱਲੇਗਾ।
ਪਹਿਲੀ ਵਾਰ ਤਾਲਿਬਾਨ ਦਾ ਅਫਗਾਨਿਸਤਾਨ ਵਿੱਚ ਰਾਜ ਪਾਟ 1996 ਤੋਂ 2001 ਤੱਕ ਚੱਲਿਆ ਸੀ ਤੇ ਇਸ ਦੌਰਾਨ ਹੀ (1996 ਤੋਂ 1998) ਕਸ਼ਮੀਰ ਵਿੱਚ ਅੱਤਵਾਦ ਸਿਖਰ ‘ਤੇ ਪਹੁੰਚ ਗਿਆ ਸੀ। ਸਿਰਫ ਦੋ ਸਾਲਾਂ ਵਿੱਚ ਹੀ 4496 ਅੱਤਵਾਦੀ ਘਟਨਾਵਾਂ ਹੋਈਆਂ ਸਨ ਜਿਨ੍ਹਾਂ ਦੇ ਫਲਸਵਰੂਪ 1600 ਆਮ ਨਾਗਰਿਕ ਮਾਰੇ ਗਏ, ਅਨੇਕਾਂ ਸੁਰੱਖਿਆ ਜਵਾਨ ਸ਼ਹੀਦ ਹੋਏ ਅਤੇ 3200 ਅੱਤਵਾਦੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਇਸ ਤੋਂ ਬਾਅਦ ਅੱਤਵਾਦ ਵਿੱਚ ਕੁਝ ਕਮੀ ਆਈ ਪਰ ਕਾਰਗਿਲ ਜੰਗ (3 ਮਈ 1999 ਤੋਂ 26 ਜੁਲਾਈ 1999) ਕਾਰਨ ਸੁਰੱਖਿਆ ਦਸਤਿਆਂ ਦਾ ਧਿਆਨ ਉਸ ਪਾਸੇ ਲੱਗ ਗਿਆ ਸੀ ਤੇ ਅੱਤਵਾਦੀਆਂ ਦੇ ਗਰੋਹ ਇਸ ਦਾ ਫਾਇਦਾ ਉਠਾ ਕੇ ਕਸ਼ਮੀਰ ਵਿੱਚ ਘੁਸਪੈਠ ਕਰ ਗਏ ਸਨ, ਜਿਸ ਕਾਰਨ ਅੱਤਵਾਦੀ ਘਟਨਾਵਾਂ ਫਿਰ ਵਧ ਗਈਆਂ ਸਨ। 1999 ਤੋਂ ਲੈ ਕੇ 2001 ਤੱਕ 3123 ਅੱਤਵਾਦੀ ਘਟਨਾਵਾਂ ਹੋਈਆਂ ਤੇ 1707 ਅੱਤਵਾਦੀ ਸੁਰੱਖਿਆਂ ਬਲਾਂ ਹੱਥੋਂ ਮਾਰੇ ਗਏ। ਪਰ ਹੁਣ ਸੁਰੱਖਿਆ ਦਸਤਿਆਂ ਦੀ ਸਖਤ ਮੁਸਤੈਦੀ, ਅਧੁਨਿਕ ਹਥਿਆਰਾਂ ਅਤੇ ਸਰਹੱਦ ‘ਤੇ ਲਗਾਏ ਗਏ ਅਤਿ ਸੂਖਮ ਟੋਹੀ ਯੰਤਰਾਂ ਕਾਰਨ ਵਿਦੇਸ਼ੀ ਅੱਤਵਾਦੀਆਂ ਵਾਸਤੇ ਘੁਸਪੈਠ ਕਰਨੀ ਅਸਾਨ ਨਹੀਂ ਹੋਵੇਗੀ। ਇਸ ਤੋਂ ਇਲਾਵਾ ਕਸ਼ਮੀਰੀ ਵੀ ਵਿਦੇਸ਼ੀ ਅੱਤਵਾਦੀਆਂ ਵੱਲੋਂ ਸਥਾਨਕ ਔਰਤਾਂ ਨਾਲ ਕੀਤੀ ਜਾਣ ਵਾਲੀ ਬਦਤਮੀਜ਼ੀ ਅਤੇ ਧੱਕੇਸ਼ਾਹੀ ਕਾਰਨ ਸੁਰੱਖਿਆ ਦਸਤਿਆਂ ਨੂੰ ਉਨ੍ਹਾਂ ਬਾਰੇ ਸੂਚਨਾ ਦੇਣ ਲਈ ਅੱਗੇ ਆਉਣ ਲੱਗ ਪਏ ਹਨ। ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ਨੇ ਇਸ ਵਿੱਚ ਅਹਿਮ ਭੁਮਿਕਾ ਨਿਭਾਈ ਹੈ।
ਪਰ ਅੱਤਵਾਦੀ ਵੀ ਨਵੀਆਂ ਤਕਨੀਤਾਂ ਦਾ ਸਹਾਰਾ ਲੈਣ ਲੱਗ ਪਏ ਹਨ। ਪੰਜਾਬ ਵਿੱਚ ਡਰੋਨਾਂ ਰਾਹੀਂ ਸੁੱਟੇ ਜਾ ਰਹੇ ਹਥਿਆਰ ਅਤੇ ਨਸ਼ੇ ਇਸ ਦੀ ਸਭ ਤੋਂ ਨਵੀਨ ਮਿਸਾਲ ਹੈ। ਉਹ ਆਪਣੇ ਅੱਤਵਾਦੀਆਂ ਨੂੰ ਬਾਰਡਰ ਪਾਰ ਕਰਦੇ ਸਮੇਂ ਸੁਰੱਖਿਆ ਦਸਤਿਆਂ ਹੱਥੋਂ ਮਰਨ ਤੋਂ ਬਚਾਉਣ ਲਈ ਸਮੁੰਦਰੀ ਰਸਤੇ ਅਤੇ ਨੇਪਾਲ ਰਾਹੀਂ ਭੇਜ ਰਹੇ ਹਨ। ਇਸ ਤੋਂ ਇਲਾਵਾ ਉਹ ਖੁਦ ਸਾਹਮਣੇ ਆਉਣ ਦੀ ਬਜਾਏ ਵੈੱਬਸਾਈਟਾਂ ਅਤੇ ਸੋਸ਼ਲ਼ ਮੀਡੀਆ ਰਾਹੀਂ ਕਸ਼ਮੀਰ ਤੋਂ ਨਵੇਂ ਰੰਗਰੂਟ ਭਰਤੀ ਕਰ ਰਹੇ ਹਨ। ਕਸ਼ਮੀਰ ਦੀ ਸੁਰੱਖਿਆ ਸਿਰਫ ਸੁਰੱਖਿਆ ਦਸਤਿਆਂ ਰਾਹੀਂ ਹੀ ਨਹੀਂ ਕੀਤੀ ਜਾ ਸਕਦੀ, ਇਸ ਲਈ ਕਸ਼ਮੀਰੀ ਜਨਤਾ ਨੂੰ ਵੀ ਭਾਗੀਦਾਰ ਬਣਾਉਣਾ ਪਵੇਗਾ। ਕਸ਼ਮੀਰ ਵਿੱਚ ਸਫਲਤਾ ਨਾਲ ਕਰਾਈਆਂ ਗਈਆਂ ਪੰਚਾਇਤ, ਬਲਾਕ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਕਾਰਨ ਆਮ ਜਨਤਾ ਵਿੱਚ ਭਾਰਤ ਪ੍ਰਤੀ ਵਤੀਰਾ ਹਾਂ ਪੱਖੀ ਹੋਇਆ ਹੈ ਤੇ ਉਹ ਬੇਸਬਰੀ ਨਾਲ ਅਸੈਂਬਲੀ ਚੋਣਾਂ ਦੀ ਉਡੀਕ ਕਰ ਰਹੇ ਹਨ। ਅੱਤਵਾਦ ‘ਤੇ ਬਹੁਤ ਹੱਦ ਤੱਕ ਕੰਟਰੋਲ ਹੋ ਜਾਣ ਕਾਰਨ ਇਸ ਸਾਲ ਗਰਮੀਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਆਏ, ਜਿਸ ਕਾਰਨ ਕਸ਼ਮੀਰ ਦੇ ਅਰਥਚਾਰੇ ਨੂੰ ਅਰਬਾਂ ਰੁਪਏ ਦਾ ਫਾਇਦਾ ਹੋਇਆ ਹੈ। ਕਸ਼ਮੀਰੀ ਹੁਣ ਪੁਰਾਣੇ ਕਾਲੇ ਦਿਨਾਂ ਵੱਲ ਵਾਪਸ ਨਹੀਂ ਜਾਣਾ ਚਾੁਹੰਦੇ ਜਦੋਂ ਆਏ ਦਿਨ ਕਰਫਿਊ, ਪੱਥਰਬਾਜ਼ੀ ਅਤੇ ਬੰਦ ਦੀਆਂ ਕਾਲਾਂ ਕਾਰਨ ਉਨ੍ਹਾਂ ਦਾ ਕਚੂਮਰ ਨਿਕਲ ਗਿਆ ਸੀ। ਸਰਕਾਰ ਨੂੰ ਕਸ਼ਮੀਰੀਆਂ ਦਾ ਇਹ ਵਿਸ਼ਵਾਸ਼ ਬਣਾਈ ਰੱਖਣਾ ਪਵੇਗਾ ਤਾਂ ਜੋ ਇਥੇ ਤਾਲਿਬਾਨੀ, ਪਾਕਿਸਤਾਨੀ ਤੇ ਸਥਾਨਕ ਅੱਤਵਾਦੀਆਂ ਦੇ ਦੁਬਾਰਾ ਪੈਰ ਨਾ ਲੱਗ ਸਕਣ।

(ਬਲਰਾਜ ਸਿੰਘ ਸਿੱਧੂ ਕਮਾਂਡੈਂਟ)
+91 9501100062

Install Punjabi Akhbar App

Install
×