
ਸਕਿਲਜ਼ ਅਤੇ ਟੈਰਿਟਰੀ ਐਜੂਕੇਸ਼ਨ ਮੰਤਰੀ ਜਿਓਫ ਲੀ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਨਿਊ ਸਾਊਥ ਵੇਲਜ਼ ਅਤੇ ਯੂ.ਟੀ.ਐਸ. ਦੇ ਇਕ ਇਕਰਾਰਨਾਮੇ ਮੁਤਾਬਿਕ ਹੁਣ ਟੈਫੇ ਨਿਊ ਸਾਊਥ ਵੇਲਜ਼ ਅਤੇ ਯੂਨੀਵਰਸਿਟੀ ਆਫ ਤਕਨਾਲੋਜੀ ਸਿਡਨੀ (UTS) ਆਪਸ ਵਿੱਚ ਮਿਲ ਕੇ ਅਤੇ ਕੋਰਸਾਂ ਨੂੰ ਇਕੱਠਿਆ ਕਰਵਾ ਕੇ ਭਵਿੱਖ ਦੇ ਇੰਜਨੀਅਰਾਂ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨਗੇ। ਇਸ ਵਾਸਤੇ ਮਾਊਂਟ ਡਰੂਟ ਵਿਖੇ ਵੈਦਰਿਲ ਪਾਰਕ ਵਿੱਚਲੇ ਅਦਾਰੇ ਨੇ ਇਸ ਇਕਰਾਰਨਾਮੇ ਦਾ ਹਿੱਸਾ ਹੋਣਾ ਸਵੀਕਾਰਿਆ ਹੈ ਅਤੇ ਇੱਥੇ ਇੱਕ ਸਾਲ ਦੇ ਇੰਜਨਿਅਰਿੰਗ ਦੇ ਡਿਪਲੋਮਾ ਕੋਰਸਾਂ ਵਿੱਚ ਉਕਤ ਦੋਹੇਂ ਅਦਾਰਿਆਂ ਦੀਆਂ ਤਕਨੀਕਾਂ ਅਤੇ ਸਿਲੇਬਸ ਨੂੰ ਮਿਲਾ ਕੇ ਪੜ੍ਹਾਈ ਅਤੇ ਹੋਰ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਕੋਰਸਾਂ ਅੰਦਰ ਕੈਡ -ਕੰਪਿਊਟਰ ਏਡਿਡ ਡਿਜ਼ਾਇਨ, ਆਟੋਮੇਸ਼ਨ ਅਤੇ ਐਡਵਾਂਸਟ ਮੈਨੂਫੈਕਚਰਿੰਗ ਵਰਗੇ ਕਈ ਕੋਰਸਾਂ ਦੀ ਪ੍ਰੈਕਟਿਕਲ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਡਿਪਲੋਮੇ ਤੋਂ ਬਾਅਦ ਅਜਿਹੇ ਵਿਦਿਆਰਥੀਆਂ ਨੂੰ ਸਿੱਧਾ ਯੂ.ਟੀ.ਐਸ. ਅੰਦਰ ਅੱਗੇ ਦੀ ਪੜ੍ਹਾਈ ਕਰਨ ਦਾ ਰਾਹ ਖੁੱਲ੍ਹੇਗਾ ਅਤੇ ਉਹ ਉਚ ਸਿੱਖਿਆ ਪ੍ਰਾਪਤ ਕਰ ਸਕਣਗੇ। ਸ੍ਰੀ ਲੀ ਨੇ ਕਿਹਾ ਕਿ ਇਸ ਨਾਲ ਭਵਿੱਖ ਦੇ ਇੰਜਨੀਅਰ ਆਧੁਨਿਕ ਤਕਨੀਕਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਜਿੱਥੇ ਆਪਣਾ ਭਵਿੱਖ ਸਵਾਂਰਨਗੇ ਉਥੇ ਸਮਾਜ, ਰਾਜ ਅਤੇ ਦੇਸ਼ ਲਈ ਉਚਿਤ ਕੰਮ ਕਰਕੇ ਸਾਰਿਆਂ ਦੀ ਭਲਾਈ ਲਈ ਹੀ ਅੱਗੇ ਵਧਦੇ ਰਹਿਣਗੇ ਅਤੇ ਨਵੀਆਂ ਮੰਜ਼ਿਲਾਂ ਸਰ ਕਰਦੇ ਰਹਿਣਗੇ।
ਯੁ.ਟੀ.ਐਸ. ਦੇ ਪ੍ਰੋਫੈਸਰ ਬਰੰਗਜ਼ ਨੇ ਇਸ ਵਾਸਤੇ ਆਪਣੀ ਉਤੇਜਨਾ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਉਤਮ ਸ਼੍ਰੇਣੀ ਦਾ ਕਦਮ ਭਵਿੱਖ ਵਿੱਚ ਬਹੁਤ ਹੀ ਲਾਭਦਾਇਕ ਹੋਣ ਵਾਲਾ ਹੈ ਅਤੇ ਹੁਣ ਇਸ ਕੋਰਸ ਵਾਸਤੇ ਸਾਲ 2021 ਦਾ ਸੈਸ਼ਨ ਤਿਆਰ ਬਰ ਤਿਆਰ ਹੈ।
ਜ਼ਿਆਦਾ ਜਾਣਕਾਰੀ ਲਈ https://www.tafensw.edu.au/course/-/c/c/MEM50212-01/Diploma-of-Engineering—Technical ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।