ਯਾਤਰੀਆਂ ਅਤੇ ਸੈਲਾਨੀਆਂ ਨੂੰ ਨਿਊ ਸਾਊਥ ਵੇਲਜ਼ ਦੇ ਟੂਰਿਜ਼ਮ ਮੰਤਰਾਲੇ ਵੱਲੋਂ ‘ਸੱਦਾ’

ਟੂਰਿਜ਼ਮ, ਰੌਜ਼ਗਾਰ, ਨਿਵੇਸ਼ ਅਤੇ ਪੱਛਮੀ ਸਿਡਨੀ ਦੇ ਮੰਤਰੀ ਸ੍ਰੀ ਸਟੁਅਰਟ ਆਇਰਜ਼ ਨੇ ਰਾਜ ਅੰਦਰ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੇ ਮੱਦੇਨਜ਼ਰ, ਯਾਤਰੀਆਂ ਅਤੇ ਸੈਲਾਨੀਆਂ ਨੂੰ ਨਿਊ ਸਾਊਥ ਵੇਲਜ਼ ਅੰਦਰ ਆਪਣੀਆਂ ਛੁੱਟੀਆਂ ਮਨਾਉਣ ਲਈ ਆਉਣ ਨੂੰ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਕਈ ਮਹੀਨਿਆਂ ਤੋਂ ਬਾਅਦ ਹੁਣ ਰਾਜਾਂ ਦੇ ਬਾਰਡਰ ਖੁੱਲ੍ਹ ਰਹੇ ਹਨ ਜਾਂ ਖੁੱਲ੍ਹ ਗਏ ਅਤੇ ਜਾਂ ਫੇਰ ਖੁੱਲ੍ਹਣ ਜਾ ਰਹੇ ਹਨ ਤਾਂ ਇਹੀ ਮੌਕਾ ਹੈ ਕਿ ਆਪਣੀਆਂ ਆਪਣੀਆਂ ਛੁੱਟੀਆਂ ਨੂੰ ਨਿਊ ਸਾਊਥ ਵੇਲਜ਼ ਰਾਜ ਅੰਦਰ ਆ ਕੇ ਬਿਤਾਉਣ ਦੀਆਂ ਵਿਉਂਤਬੰਦੀਆਂ ਬਣਾਉਣੀਆਂ ਸ਼ੁਰੂ ਕਰ ਦਿਉ। ਇਸ ਵਾਸਤੇ ਰਾਜ ਸਰਕਾਰ ਵੱਲੋਂ ‘ਲਵ ਨਿਊ ਸਾਊਥ ਵੇਲਜ਼’ ਅਧੀਨ ਟੂਰਿਜ਼ਮ ਰਿਕਵਰੀ ਪਲਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਬੱਸ ਇੱਕੋ ਬਾਰਡਰ ਖੁੱਲ੍ਹਣ ਨੂੰ ਰਹਿ ਗਿਆ ਹੈ ਅਤੇ ਉਸਦੇ ਵੀ ਛੇਤੀ ਖੁੱਲ ਜਾਣ ਦੇ ਆਸਾਰ ਹਨ। ਮਜੂਦਾ ਸਮੇਂ ਦੱਖਣੀ ਆਸਟ੍ਰੇਲੀਆ ਅੰਦਰ ‘ਦ ਗ੍ਰੇਟ ਐਸਕੇਪ’ ਨਾਮ ਦਾ ਕੈਂਪੇਨ ਚਲਾਇਆ ਜਾ ਰਿਹਾ ਹੈ ਅਤੇ ਇਸ ਦੀ ਮਸ਼ਹੂਰੀ ਵੀ ਖੂਭ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ 8 ਨਵੰਬਰ ਨੂੰ ਇਹ ਕੁਈਨਜ਼ਲੈਂਡ ਵਿੱਚ ਸ਼ੁਰੂ ਹੋਵੇਗਾ ਅਤੇ ਫੇਰ ਨਵੰਬਰ 23 ਤੋਂ ਬਾਅਦ ਇਹ ਮੈਲਬੋਰਨ, ਗ੍ਰੇਟਰ ਵਿਕਟੋਰੀਆ ਆਦਿ ਵਿੱਚ ਵੀ ਸ਼ੁਰੂ ਹੋ ਜਾਵੇਗਾ। ਇਸ ਵਾਸਤੇ ਹਰ ਇੱਕ ਰਾਜ ਦੇ ਟੀ.ਵੀ., ਪ੍ਰਿੰਟ ਮੀਡੀਆ, ਆਦਿ ਵਿੱਚ ਮਸ਼ਹੂਰੀਆਂ ਕੀਤੀਆਂ ਜਾਣਗੀਆਂ ਤਾਂ ਜੋ ਸਮੁੱਚੇ ਦੇਸ਼ ਅਤੇ ਦੁਨੀਆ ਅੰਦਰ ਇਸ ਦੀ ਮਸ਼ਹੂਰੀ ਕੀਤੀ ਜਾ ਸਕੇ। ਉਨ੍ਹਾਂ ਉਚੇਚੇ ਤੌਰ ਤੇ ਕਿਹਾ ਕਿ ਆਪਣੀਆਂ ਯਾਤਰਾਵਾਂ ਦੇ ਨਾਲ ਨਾਲ ਸਾਨੂੰ ਕੋਵਿਡ-19 ਸੇਫਟੀ ਦੇ ਨਿਯਮਾਂ ਆਦਿ ਦਾ ਵੀ ਧਿਆਨ ਰੱਖਣਾ ਹੈ ਅਤੇ ਇਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਵੀ ਕਰਨੀ ਹੈ ਤਾਂ ਜੋ ਸਾਡੀਆਂ ਛੁੱਟੀਆਂ ਦੀਅ ਖ਼ੁਸ਼ੀਆਂ ਵਿੱਚ ਇਜ਼ਾਫ਼ਾ ਅਤੇ ਮਨੋਰੰਜਨ ਹੋਵੇ ਅਤੇ ਕਰੋਨ ਵਰਗੀ ਭਿਆਨਕ ਬਿਮਾਰੀ ਨੂੰ ਸਾਡੇ ਕੋਲ ਆਉਣ ਦਾ ਮੌਕਾ ਹੀ ਨਾ ਮਿਲੇ। ਪੂਰੀ ਜਾਣਕਾਰੀ ਲਈ www.visitnsw.com ਅਤੇ www.sydney.com ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×