ਸਿਡਨੀ ਵਿੱਚ ‘ਸਨਸੈਟ ਪਿਆਜ਼ਾ’ 28 ਜਨਵਰੀ ਤੋਂ ਸ਼ੁਰੂ -ਟਿਕਟ 25 ਡਾਲਰ

ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੀ 28 ਜਨਵਰੀ ਤੋਂ ਸਿਡਨੀ ‘ਸਨਸੈਟ ਪਿਆਜ਼ਾ’ ਨਾਮ ਦਾ ਮਨੋਰੰਜਕ ਪ੍ਰੋਗਰਾਮ ਸਿਡਨੀ ਦੇ ਕੈਥਡਰਲ ਸਕੁਏਅਰ ਵਿੱਚ ਕਰਵਾਇਆ ਜਾ ਰਿਹਾ ਹੈ ਜੋ ਕਿ ਲਗਾਤਾਰ 32 ਰਾਤਾਂ ਤੱਕ ਚੱਲੇਗਾ ਅਤੇ ਇਸ ਦਾ ਸਮਾਪਨ ਮਾਰਚ ਦੀ 21 ਤਾਰੀਖ ਨੂੰ ਹੋਵੇਗਾ। ਇਸ ਵਿੱਚ ਪੈਕਿੰਗ ਡਕ (ਡੀ.ਜੀ. ਸੈਟ), ਬੈਨ ਲੀ, ਸਨੀਕੀ ਸਾਊਂਡ ਸਿਸਟਮ, ਓਪੇਰਾ ਆਸਟ੍ਰੇਲੀਆ ਆਦਿ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਅਦਾਰੇ ਹਿੱਸਾ ਲੈਣਗੇ ਅਤੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਈਵੈਂਟ ਵਾਸਤੇ ਪ੍ਰਤੀ ਰਾਤ ਦੇ ਪ੍ਰੋਗਰਾਮ ਲਈ ਟਿਕਟ ਦੀ ਰਕਮ 25 ਡਾਲਰ ਰੱਖੀ ਗਈ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਕੋਵਿਡ ਸੇਫ ਦੇ ਨਿਯਮਾਂ ਨਾਲ ਹੀ ਸਿਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਇਸ ਮਨੋਰੰਜਕ ਪ੍ਰੋਗਰਾਮ ਦਾ ਹਿੱਸਾ ਬਣੋ ਕਿਉਂਕਿ ਇਸ ਦਾ ਮੁੱਖ ਮੰਤਵ ਜਿੱਥੇ ਲੋਕਾਂ ਦਾ ਮਨੋਰੰਜਨ ਕਰਨਾ ਹੈ ਉਥੇ ਹੀ ਨਾਲ ਦੀ ਨਾਲ ਸਥਾਨਕ ਬਾਜ਼ਾਰ ਲਈ ਵੀ ਮਦਦ ਦਾ ਜ਼ਰੀਆ ਬਣਨਾ ਹੈ। ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਅਤੇ ਸਿਡਨੀ ਸਿਟੀ ਮੇਅਰ ਕਲੋਵਰ ਮੂਰੇ ਨੇ ਵੀ ਸਰਕਾਰ ਦੇ ਇਸ ਉਸਾਰੂ ਕਦਮ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਵਿੱਚ ਬੀਤੇ ਸਾਲ 2020 ਤੋਂ ਬਾਅਦ ਅਜਿਹਾ ਪ੍ਰੋਗਰਾਮ ਸਰਕਾਰ ਵੱਲੋਂ ਉਲੀਕਿਆ ਗਿਆ ਹੈ ਜੋ ਕਿ ਮਨੋਰੰਜਨ ਦੇ ਨਾਲ ਬਹੁਤ ਸਾਰੇ ਲੋਕਾਂ ਵਾਸਤੇ ਆਮਦਨ ਦਾ ਜ਼ਰੀਆ ਵੀ ਬਣੇਗਾ ਅਤੇ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਯੋਗਦਾਨ ਪਾਵੇਗਾ। ਜਨਤਕ ਤੌਰ ਤੇ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਤੁਸੀਂ ਜੇਕਰ ਇਸ ਈਵੇਂਟ ਵਾਸਤੇ ਕੋਈ ਪਲਾਨ ਕਰਨਾ ਚਾਹੁੰਦੇ ਹੋ ਤਾਂ ਓਪੇਲ ਟ੍ਰੇਵਲ ਐਪ ਦਾ ਸਹਾਰਾ ਲੈ ਸਕਦੇ ਹੋ ਅਤੇ ਜ਼ਿਆਦਾ ਜਾਣਕਾਰੀ ਲਈ www.sunsetpiazza.com.au ਉਪਰ ਵਿਜ਼ਿਟ ਕਰਕੇ ਵੀ ਸੰਪੂਰਣ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×