ਨੇਪਾਲ ਦੇ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਸਿਡਨੀ ਤੋਂ ਇੱਕ ਅਧਿਆਪਕ ਵੀ ਸ਼ਾਮਿਲ

ਰਿਸ਼ਤੇਦਾਰਾਂ ਨੇ ਜਤਾਇਆ ਦੁੱਖ

ਹਾਲ ਵਿੱਚ ਹੀ ਹੋਏ ਨੇਪਾਲ ਵਿਚਲੇ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਸਿਡਨੀ ਦਾ ਇੱਕ ਅਧਿਆਪਕ -ਮਾਇਰਨ ਲਵ ਵੀ ਸ਼ਾਮਿਲ ਸੀ। ਮਾਇਰਨ, ਜੋ ਕਿ ਇਸ ਸਮੇਂ ਏਸ਼ੀਆ ਵਿੱਚ ਆਪਣੀਆਂ ਛੁੱਟੀਆਂ ਮਨਾਂ ਰਿਹਾ ਸੀ, ਨੇ ਕਾਠਮੰਡੂ ਤੋਂ ਏ.ਟੀ.ਆਰ. 72 ਯੇਤੀ ਏਅਰਲਾਈਨ ਦੀ ਉਕਤ ਮੰਦਭਾਗੀ ਫਲਾਈਟ ਲਈ ਸੀ ਜੋ ਕਿ ਪੋਖਾਰਾ ਦੇ ਹਵਾਈ ਅੱਡੇ ਉਪਰ ਲੈਂਡ ਕਰਨ ਸਮੇਂ ਕ੍ਰੈਸ਼ ਹੋ ਗਈ ਅਤੇ ਉਸ ਵਿੱਚ ਸਵਾਰ ਸਾਰੇ ਦੇ ਸਾਰੇ ਹੀ 72 ਲੋਕ ਮਾਰੇ ਗਏ। ਹਾਲੇ ਤੱਕ 69 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ।
ਮਾਇਰਨ ਦੇ ਰਿਸ਼ਤੇਦਾਰ ਨੇ ਇਸ ਬਾਬਤ ਗੱਲ ਕਰਦਿਆਂ ਕਿਹਾ ਕਿ ਉਹ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਅਤੇ ਉਚ ਸ਼੍ਰੇਣੀ ਦਾ ਅਧਿਆਪਕ ਸੀ। ਉਸ ਦੇ ਅਚਾਨਕ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਉਸਦੇ ਪਰਿਵਾਰ ਦੇ ਨਾਲ ਨਾਲ ਉਸਦੇ ਰਿਸ਼ਤੇ-ਨਾਤੇ ਦਾਰ, ਦੋਸਤ-ਮਿੱਤਰ, ਅਤੇ ਵਿਦਿਆਰਥੀ ਵੀ ਬਹੁਤ ਦੁਖੀ ਹਨ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਨੇਪਾਲ ਦੇ ਇਤਿਹਾਸ ਵਿੱਚ ਬੀਤੇ 30 ਸਾਲਾਂ ਦੌਰਾਨ ਸਭ ਤੋਂ ਖਤਰਨਾਕ ਹਾਦਸਾ ਹੋ ਨਿਭੜਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਨੇਪਾਲ ਦੇਸ਼ ਦੇ ਇਤਿਹਾਸ ਅੰਦਰ ਸਾਲ 1946 ਤੋਂ ਹੁਣ ਤੱਕ 42 ਦੀ ਸੰਖਿਆ ਵਿੱਚ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਘਟਨਾਵਾਂ ਵੀ ਸ਼ਾਮਿਲ ਹਨ।

Install Punjabi Akhbar App

Install
×