ਪਾਮ ਬੀਚ ਉਪਰ ਦੇਖੀਆਂ ਗਈਆਂ ਸ਼ਾਰਕ ਮੱਛੀਆਂ, ਬੀਚ ਕੀਤਾ ਬੰਦ

ਸਿਡਨੀ ਦੇ ਪਾਮ ਬੀਚ ਉਪਰ ਅਧਿਕਾਰੀਆਂ ਵੱਲੋਂ 15 ਦੇ ਕਰੀਬ ਸ਼ਾਰਕ ਮੱਛੀਆਂ ਦੀ ਹੋਂਦ ਨੂੰ ਦਰਸਾਉਂਦਿਆਂ ਹੋਇਆਂ ਅਹਿਤਿਅਦਨ ਤੌਰ ਤੇ ਬੀਚ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਉਥੇ ਨਾ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਅਧਿਕਾਰੀਆਂ ਮੁਤਾਬਿਕ, ਫਲੈਗ ਖੇਤਰ ਦੇ 200 ਮੀਟਰ ਦੇ ਘੇਰੇ ਨਜ਼ਦੀਕ ਹੀ 10 ਤੋਂ 15 ਦੇ ਕਰੀਬ ਹੈਮਰਹੈਡ ਸ਼ਾਰਕ ਮੱਛੀਆਂ ਨੂੰ ਦੇਖਿਆ ਗਿਆ ਹੈ ਅਤੇ ਇਸ ਦਾ ਕਾਰਨ ਸਮੁੰਦਰੀ ਪਾਣੀਆਂ ਦਾ ਤਾਪਮਾਨ ਵੱਧਣਾ ਹੀ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿਡਨੀ ਦਾ ਪਾਮ ਬੀਚ, ਹਮੇਸ਼ਾ ਹੀ ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਦੇ ਮਨਾਂ ਅੰਦਰ ਕਾਫੀ ਖਿੱਚ ਦਾ ਕੇਂਦਰ ਰਿਹਾ ਹੈ ਅਤੇ ਇਸੇ ਵਾਸਤੇ ਇੱਥੇ ਹਮੇਸ਼ਾ ਹੀ ਕਾਫੀ ਇਕੱਠ ਬਣਿਆ ਰਹਿੰਦਾ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਇੱਥੇ ਹੈਮਰਹੈਡ ਸ਼ਾਰਕਾਂ ਦੇ ਤਿੰਨ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਅਤੇ ਹਾਲੇ ਇਹ ਸਾਫ਼ ਨਹੀਂ ਹੈ ਕਿ ਹਾਲ ਵਿੱਚ ਹੀ ਕਿਸ ਪ੍ਰਜਾਤੀ ਨੂੰ ਇੱਥੇ ਦੇਖਿਆ ਗਿਆ ਹੈ।
ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਵੱਡੀਆਂ ਹੈਮਰਹੈਡ ਸ਼ਾਰਕਾਂ ਹੀ ਖ਼ਤਰਨਾਕ ਸਮਝੀਆਂ ਜਾਂਦੀਆਂ ਹਨ ਪਰੰਤੂ ਇਨ੍ਹਾਂ ਦੇ ਹਮਲੇ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ ਪਰੰਤੂ ਫੇਰ ਵੀ ਅਹਿਤਿਆਦਨ ਤੌਰ ਤੇ ਕਦਮ ਚੁੱਕਦਿਆਂ, ਬੀਚ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ।