ਸਿਡਨੀ ਅੰਦਰ ਨਵੇਂ ਸਾਲ ਦੀ ਸ਼ਾਮ ਹੋਵੇਗੀ ਅਲੱਗ -ਕਰਨ ਅਤੇ ਨਾ ਕਰਨ ਯੋਗ ਤਾਕੀਦਾਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਜਨਤਕ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ 31 ਦਿਸੰਬਰ ਦੀ ਸ਼ਾਮ ਅਤੇ ਨਵੇਂ ਸਾਲ ਦੀ ਆਮਦ ਉਪਰ ਹੋਣ ਵਾਲੇ ਉਪੇਰਾ ਹਾਊਸ ਦੇ ਜਸ਼ਨਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਸਰਕਾਰੀ ਤਾਕੀਦਾਂ ਦਾ ਪੂਰਨ ਤੌਰ ਤੇ ਪਾਲਣ ਕੀਤਾ ਜਾਵੇ। ਨਿਊ ਸਾਊਥ ਵੇਲਜ਼ ਰਾਜ ਅੰਦਰ ਛੁੱਟੀਆਂ ਦੌਰਾਨ ਵੀ ਕਰੋਨਾ ਟੈਸਟਿੰਗ ਲਈ ਕਲਿਨਿਕ ਖੁੱਲ੍ਹੇ ਰੱਖੇ ਗਏ ਹਨ ਅਤੇ ਸਰਕਾਰ ਨੇ ਪਹਿਲੀ ਤਾਕੀਦ ਵਿੱਚ ਕਿਹਾ ਹੈ ਕਿ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾਉ। ਸਿਡਨੀ ਦੇ ਉਤਰੀ ਖੇਤਰਾਂ ਅੰਦਰ ਲਾਕਾਡਾਊਨ ਪੂਰੀ ਤਰ੍ਹਾਂ ਲਾਗੂ ਹੈ ਅਤੇ ਲੋਕਾਂ ਨੂੰ ਤਾਕੀਦ ਕੀਤੀ ਗਈ ਹੈ ਕਿ 9 ਜਨਵਰੀ 2021 ਤੱਕ ਆਪਣੇ ਘਰਾਂ ਅੰਦਰ ਹੀ ਰਹੋ ਅਤੇ ਸੁਰੱਖਿਅਤ ਰਹੋ ਹਾਲਾਂਕਿ ਲੋਕਾਂ ਨੂੰ ਆਪਣੇ ਘਰਾਂ ਅੰਦਰ ਨਵੇਂ ਸਾਲ ਦੇ ਜਸ਼ਨਾਂ ਨੂੰ ਮਨਾਉਣ ਲਈ 5 ਮਹਿਮਾਨਾਂ ਦਾ ਇਜਾਜ਼ਤ ਦਿੱਤੀ ਗਈ ਹੈ ਅਤੇ ਇਸ ਗਿਣਤੀ ਵਿੱਚ ਬੱਚੇ ਵੀ ਸ਼ਾਮਿਲ ਹਨ ਅਤੇ ਮਹਿਮਾਨ ਵੀ ਇਸੇ ਖੇਤਰ ਦੇ ਹੀ ਹੋਣੇ ਚਾਹੀਦੇ ਹਨ ਅਤੇ ਬਾਹਰੀ ਲੋਕਾਂ ਨੂੰ ਇਹ ਇਜਾਜ਼ਤ ਨਹੀਂ ਹੈ। ਦੱਖਣੀ ਖੇਤਰ ਵਾਲਿਆਂ ਵਾਸਤੇ ਵੀ ਉਪਰੋਕਤ ਹਦਾਇਤਾਂ ਹੀ ਲਾਗੂ ਹਨ ਅਤੇ ਗ੍ਰੇਟਰ ਸਿਡਨੀ ਦੇ ਮਹਿਮਾਨ ਇੱਥੇ ਸ਼ਾਮਿਲ ਨਹੀਂ ਹੋ ਸਕਦੇ। ਦੋਹਾਂ ਖੇਤਰਾਂ ਦੇ ਬਾਰ, ਰੈਸਟੌਰੈਂਟ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਉਪਰ (ਟੇਕ-ਅਵੇ) ਸਾਮਾਨ ਲੈ ਕੇ ਜਾਣ ਦੀਆਂ ਹਦਾਇਤਾਂ ਹਨ। ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਅੱਜ ਦੇ ਐਲਾਨਨਾਮੇ ਰਾਹੀਂ, ਗ੍ਰੇਟਰ ਸਿਡਨੀ ਵਾਸਤੇ ਵੀ 5 ਮਹਿਮਾਨਾਂ ਦੀ ਹੀ ਇਜਾਜ਼ਤ ਦਿੱਤੀ ਗਈ ਹੈ ਅਤੇ ਇਹ ਨਿਯਮ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ। ਬਾਹਰੀ ਇਕੱਠਾਂ ਨੂੰ 50 ਵਿਅਕਤੀਆਂ ਤੋਂ ਘਟਾ ਕੇ 30 ਕਰ ਦਿੱਤਾ ਗਿਆ ਹੈ। ਇਹ ਹਦਾਇਤਾਂ ਅਗਲੀਆਂ ਹਦਾਇਤਾਂ ਦੇ ਜਾਰੀ ਹੋਣ ਤੱਕ ਲਾਗੂ ਰਹਿਣਗੀਆਂ।

Install Punjabi Akhbar App

Install
×