ਸਿਡਨੀ ਵਿੱਚ ਵਿਅਕਤੀ ਦੇ ਗੋਲੀਆਂ ਨਾਲ ਜ਼ਖ਼ਮੀ ਹੋਣ ਵਾਲਾ ਮਾਮਲਾ, ਪੁਲਿਸ ਨੂੰ ਦੋ ਵੈਨਾਂ ਦੀ ਤਲਾਸ਼

ਬੀਤੇ ਮਹੀਨੇ ਦੀ 16 ਤਾਰੀਖ ਨੂੰ ਸਿਡਨੀ ਦੇ ਚੈਰੀਬਰੂਕ ਖੇਤਰ ਵਿਖੇ ਇੱਕ 26 ਸਾਲਾਂ ਦਾ ਵਿਅਕਤੀ ਜਦੋਂ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਇਲਾਜ ਵਾਸਤੇ ਦਾਖਲ ਹੋਣ ਗਿਆ ਤਾਂ ਡਾਕਟਰਾਂ ਨੂੰ ਦੱਸਿਆ ਕਿ ਕੁੱਝ ਲੋਕਾਂ ਨੇ ਉਸ ਉਪਰ ਗੋਲੀਆਂ ਚਲਾਈਆਂ ਅਤੇ ਉਸਨੂੰ ਜ਼ਖ਼ਮੀ ਕਰ ਦਿੱਤਾ।
ਪੁਲਿਸ ਨੇ ਜਦੋਂ ਤਫ਼ਤੀਸ਼ ਕੀਤੀ ਅਤੇ ਸੀ.ਸੀ.ਟੀ.ਵੀ. ਫੁਟੇਜ ਨੂੰ ਖੰਘਾਲਿਆ ਤਾਂ ਦੋ ਸ਼ੱਕੀ ਵੈਨਾਂ ਦੀ ਭਾਲ਼ ਸ਼ੁਰੂ ਕੀਤੀ ਅਤੇ ਇੱਕ ਵੀਡੀਓ ਜਾਰੀ ਕਰਦਿਆਂ, ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਦੋਹਾਂ ਵੈਨਾਂ (ਚਿੱਟੇ ਰੰਗ ਦੀਆਂ) ਬਾਰੇ ਕੁੱਝ ਜਾਣਦਾ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਪੁਲਿਸ ਨੇ ਇਸ ਮਾਮਲੇ ਵਿੱਚ ਚੈਰੀਬਰੂਕ ਖੇਤਰ ਵਿਚਲੇ ਇੱਕ ਘਰ ਅੰਦਰੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਪੁਲਿਸ ਨੇ ਨਸ਼ੀਲੇ ਪਦਾਰਥਾਂ (ਕੋਕੀਨ, ਐਮ.ਡੀ.ਐਮ.ਏ., ਮੈਥਮਫੈਟਾਮਾਈਨ, ਲੈ.ਐਸ.ਡੀ., ਅਤੇ ਭੰਗ) ਦੇ ਨਾਲ ਬੰਦੂਕਾਂ, ਗੋਲੀ-ਸਿੱਕਾ ਅਤੇ ਡੇਢ ਲੱਖ ਡਾਲਰਾਂ ਨਾਲੋਂ ਵੀ ਵੱਧ ਨਕਦੀ ਵੀ ਬਰਾਮਦ ਕੀਤੀ ਹੈ।
ਜਿਹੜੀਆਂ ਵੈਨਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ ਉਨ੍ਹਾਂ ਨੂੰ ਬਾਊਂਡਰੀ ਰੋਡ ਵੱਲ ਜਾਂਦਿਆਂ ਦੇਖਿਆ ਗਿਆ ਸੀ।