ਸਿਡਨੀ ਦਾ ਐਮ.4 ਮੋਟਰਵੇਅ ਇੱਕ ਮਹੀਨੇ ਦੇ ਟ੍ਰਾਇਲ ਲਈ ਸ਼ੁਰੂ

ਸਿਡਨੀ ਦੇ ਡ੍ਰਾਇਵਰ ਅੱਜ ਤੋਂ ਪੂਰੇ ਇੱਕ ਮਹੀਨੇ ਲਈ ਐਮ.4 ਮੋਟਰਵੇਅ ਉਪਰ ਡ੍ਰਇਵਿੰਕ ਦਾ ਆਨੰਦ ਮਾਣਦਿਆਂ ਇੱਥੇ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ ਕਿਉਂਕਿ ਇਸ ਮੋਟਰਵੇਅ ਨੂੰ ਇੱਕ ਮਹੀਨੇ ਦੇ ਟ੍ਰਾਇਲ ਲਈ ਖੋਲ੍ਹਿਆ ਗਿਆ ਹੈ। ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦੇ 600 ਮਿਲੀਅਨ ਡਾਲਰਾਂ ਦੇ ਇਸ ਪ੍ਰਾਜੈਕਟ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿਸੰਬਰ 2017 ਤੋਂ ਹੀ ਸਮੁੱਚੀ ਟੀਮ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਅਤੇ ਇਸ ਨਾਲ ਪ੍ਰਤੀ ਦਿਨ ਇਸ ਪਾਸਿਉਂ ਗੁਜ਼ਰਨ ਵਾਲੇ 150,000 ਤੋਂ ਵੀ ਜ਼ਿਆਦਾ ਵਾਹਨਾਂ ਨੂੰ ਸਹੂਲਤ ਮਿਲੇਗੀ ਅਤੇ ਉਨ੍ਹਾਂ ਦਾ ਸਮਾਂ ਵੀ ਬਚੇਗਾ। ਅੱਜ ਸਵੇਰ ਤੋਂ ਪੈਨਰਿਥ ਅਤੇ ਪੈਰਾਮਾਟਾ ਵਿਚਕਾਰ ਦੀਆਂ ਓਵਰਹੈਡ ਗੈਂਟਰੀਆਂ (ਸੜਕੀ ਮਾਰਗ ਉਪਰ ਬਣਨ ਵਾਲੇ ਲੋਹੇ ਦੇ ਪੁਲ ਜਿਨ੍ਹਾਂ ਉਪਰ ਲਾਈਟਾਂ, ਕੈਮਰੇ, ਸਾਇਰਨ, ਸਪੀਕਰ ਆਦਿ ਫਿਟ ਕੀਤੀਆਂ ਗਈਆਂ ਹਨ) ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਮਹੀਨੇ ਤੋਂ ਆਧੁਨਿਕ ਨਵੀਆਂ ਤਕਨਾਲੋਜੀਆਂ ਇਸ ਹਾਈਵੇ ਉਪਰ ਸਾਰਿਆਂ ਪਾਸਿਆਂ ਤੋਂ ਹੀ ਚਾਲੂ ਕਰ ਦਿੱਤੀਆਂ ਜਾਣਗੀਆਂ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਨਵੀਆਂ ਨਿਯਮਾਂਵਲੀਆਂ ਨੂੰ ਧਿਆਨ ਨਾਲ ਵਾਚਣ ਅਤੇ ਉਨ੍ਹਾਂ ਦੇ ਅਨੁਸਾਰ ਹੀ ਡ੍ਰਾਇਵਿੰਗ ਕਰਨ ਤਾਂ ਜੋ ਸਮਾਂ ਅਤੇ ਪੈਸਾ ਦੋਹੇਂ ਬਚਾਏ ਜਾ ਸਕਣ। ਰਾਜ ਦੀਆਂ ਸੜਕਾਂ ਉਪਰਲੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲੇ ਵਿਭਾਗਾਂ ਦੇ ਮੁਖੀ ਹੋਵਾਰਡ ਕੋਲਿਨਜ਼ ਨੇ ਕਿਹਾ ਕਿ ਅਜਿਹੀਆਂ ਤਕਨੀਕਾਂ ਰਾਹੀਂ ਸੜਕ ਦੇ ਯਾਤਾਯਾਤ ਵਿੱਚ ਜਿੱਥੇ ਬਹੁਤ ਜ਼ਿਆਦਾ ਫਰਕ ਪਵੇਗਾ ਅਤੇ ਸੁਰੱਖਿਆ ਵੀ ਵਧੇਗੀ ਉਥੇ ਹੀ ਨਾਲ ਹੀ ਦੋਹਾਂ ਖੇਤਰਾਂ ਦਰਮਿਆਨ ਡ੍ਰਾਇਵਿੰਗ ਦੇ ਸਮੇਂ ਵਿੱਚ 15 ਮਿਨਟ ਦਾ ਫਰਕ ਵੀ ਪਵੇਗਾ। ਉਕਤ ਟ੍ਰਾਇਲ ਦਿਸੰਬਰ ਦੀ 13 ਤਾਰੀਖ ਤੱਕ ਚੱਲੇਗਾ ਅਤੇ ਦਿਸੰਬਰ ਦੇ ਆਖਿਰ ਵਿੱਚ ਇਸ ਰਾਹ ਨੂੰ ਪੂਰਨ ਤੌਰ ਤੇ ਖੋਲ੍ਹ ਦਿੱਤਾ ਜਾਵੇਗਾ।

Install Punjabi Akhbar App

Install
×