
ਰੌਜ਼ਾਗਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਦੇ ਮੰਤਰੀ ਸਟੁਅਰਟ ਆਇਰਜ਼ ਦੇ ਬਿਆਨਾਂ ਮੁਤਾਬਿਕ ਨਿਊ ਸਾਊਥ ਵੇਲਜ਼ ਸਰਕਾਰ ਨੇ ਸਿਡਨੀ ਦੀ ਮੱਛੀ ਮੰਡੀ ਦਾ ਨਵੀਨੀਕਰਨ ਕਰਨ ਲਈ 750 ਮਿਲੀਅਨ ਡਾਲਰਾਂ ਦਾ ਪ੍ਰਜੈਕਟ ਮਿੱਥਿਆ ਹੈ ਅਤੇ ਸਰਕਾਰ ਦਾ ਵਿਚਾਰ ਹੈ ਇਸ ਪ੍ਰਾਜੈਕਟ ਨਾਲ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਨਾਲ ਨਾਲ ਸੰਸਾਰ ਪੱਧਰ ਤੇ ਜਿੱਥੇ ਵਪਾਰ ਨਾਲ ਸਥਾਨਕ ਲੋਕਾਂ ਨੂੰ ਫਾਇਦਾ ਹੋਵੇਗਾ ਉਥੇ ਹੀ ਰੌਜ਼ਗਾਰ ਦੇ ਸਾਧਨ ਵਧਣਗੇ, ਸੈਰ-ਸਪਾਟਾ ਵਿੱਚ ਇਜ਼ਾਫ਼ਾ ਹੋਵੇਗਾ ਅਤੇ ਇਸ ਦੇ ਨਾਲ ਸਰਕਾਰ ਦੀ ਅਰਥ-ਵਿਵਸਥਾ ਨੂੰ ਵੀ ਉਭਾਰ ਮਿਲੇਗਾ। ਇਸ ਨਵੇਂ ਪ੍ਰਾਜੈਕਟ ਦੀ ਉਸਾਰੀ ਵਿੱਚ ਘੱਟੋ ਘੱਟ 700 ਤਾਂ ਸਿੱਧੇ ਤੌਰ ਤੇ ਉਸਾਰੀ ਅਧੀਨ ਰੌਜ਼ਗਾਰ ਮਿਲਣਗੇ ਅਤੇ ਇਸ ਦੇ 2024 ਵਿੱਚ ਪੂਰਾ ਹੋਣ ਤੇ ਵੀ ਇੰਨੀ ਹੀ ਮਾਤਰਾ ਵਿੱਚ ਸਥਾਈ ਰੌਜ਼ਗਾਰ ਪ੍ਰਾਪਤ ਹੋਣਗੇ ਅਤੇ ਜਦੋਂ ਇਹ ਪੂਰੀ ਤਰ੍ਹਾਂ ਨਾਲ ਕੰਮ ਕਰਨ ਲੱਗੇਗਾ ਤਾਂ ਫੇਰ ਸਰਕਾਰ ਦੀ ਅਰਥ-ਵਿਵਸਥਾ ਨੂੰ ਵੀ ਫਾਇਦਾ ਹੀ ਹੋਵੇਗਾ। ਮਲਟੀਪਲੈਕਸ ਦੇ ਰਿਜਨਲ ਮੈਨੇਜਿੰਗ ਡਾਇਰੈਕਟਰ ਡੇਵਿਡ ਗ੍ਹੈਨਮ ਨੇ ਤਾਂ ਇਹ ਵੀ ਕਿਹਾ ਕਿ ਇਸ ਪ੍ਰਾਜੈਕਟ ਦੇ ਬਣ ਜਾਣ ਤੋਂ ਬਾਅਦ ਇਹ ਸਥਾਨ ਦੇਸ਼ ਦੇ ਵੱਡੇ ਸੈਰ-ਸਪਾਟੇ ਵਾਲੀਆਂ ਥਾਵਾਂ ਵਿੱਚ ਸ਼ੁਮਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਇਸ ਪ੍ਰਾਜੈਕਟ ਦੀ ਉਸਾਰੀ 2021 ਵਿੱਚ ਸ਼ੁਰੂ ਹੋਵੇਗੀ ਅਤੇ ਇਹ 2024 ਤੱਕ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ।