ਬੈਲਰੋਜ਼ ਹੋਟਲ ਨਾਲ ਸਬੰਧਤ ਨਵੇਂ ਮਾਮਲਿਆਂ ਕਾਰਨ ਹੋਟਲ ਦੇ ਸਟਾਫ ਨੂੰ ਆਪਣੇ ਕਰੋਨਾ ਟੈਸਟ ਕਰਾਉਣ ਦੀ ਤਾਕੀਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਅੰਦਰ ਅੱਜ 11 ਨਵੇਂ ਮਾਮਲੇ ਕੋਵਿਡ-19 ਦੇ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ 7 ਮਾਮਲੇ ਸਿਡਨੀ ਦੇ ਉਤਰੀ ਬੀਚਾਂ ਨਾਲ ਸਬੰਧਤ ਪਾਏ ਗਏ ਹਨ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਨਵੇਂ ਪਾਏ ਗਏ ਮਾਮਲਿਆਂ ਵਿੱਚ ਛੇ ਐਵਲਨ ਕਲਸਟਰ ਨਾਲ ਵੀ ਸਬੰਧਤ ਹਨ ਅਤੇ ਰਾਜ ਅੰਦਰ ਮੌਜੂਦਾ ਸਮੇਂ ਵਿੱਚ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 122 ਹੋ ਗਈ ਹੈ। ਇੱਕ ਹੋਰ ਨਵਾਂ ਮਾਮਲਾ ਇੱਕ ਫਾਇਰ ਫਾਈਟਰ ਦਾ ਵੀ ਹੈ ਅਤੇ ਇਹ ਵੀ ਉਤਰੀ ਬੀਚਾਂ ਅਤੇ ਬੈਲਰੋਜ਼ ਹੋਟਲ ਨਾਲ ਸਬੰਧਤ ਹੈ ਅਤੇ ਇਸ ਮਾਮਲੇ ਦੀ ਹਾਲੇ ਪੂਰਨ ਪੜਤਾਲ ਚੱਲ ਰਹੀ ਹੈ। ਹੋਟਲ ਦੇ ਅਧਿਕਾਰੀਆਂ ਅਤੇ ਹੋਰ ਸਟਾਫ ਮੈਂਬਰਾਂ ਨੂੰ ਆਪਣੇ ਟੈਸਟ ਕਰਾਉਣ ਦੀ ਤਾਕੀਦ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿਸੰਬਰ ਦੀ 11 ਤਾਰੀਖ ਨੂੰ ਦੁਪਹਿਰ ਤੋਂ ਸ਼ਾਮ ਦੇ 6 ਵਜੇ ਤੱਕ ਜੇਕਰ ਕੋਈ ਵਿਅਕਤੀ ਵੀ ਉਕਤ ਹੋਟਲ ਅੰਦਰ ਗਿਆ ਹੈ ਤਾਂ ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਕਿਸੇ ਕਿਸਮ ਦੇ ਕਰੋਨਾ ਦੇ ਲੱਛਣ ਹੋਣ ਤੇ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੇ ਅਤੇ ਸਿਹਤ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇਵੇ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਕਿਸਮ ਦੇ ਮਾਮੂਲੀ ਲੱਛਣਾਂ ਦੌਰਾਨ ਵੀ ਕਰੋਨਾ ਟੈਸਟ ਦੀ ਅਪੀਲ ਮੁੜ ਤੋਂ ਦੁਹਰਾਈ ਹੈ। ਇਸ ਦੌਰਾਨ ਸਿਡਨੀ ਦੇ ਪ੍ਰਭਾਵਿਤ ਉਤਰੀ ਖੇਤਰਾਂ ਵਿੱਚ ਪਾਬੰਧੀਆਂ ਜਾਰੀ ਹਨ ਅਤੇ ਲੋਕਾਂ ਦੇ ਇਕੱਠ ਦੀ ਸੀਮਿਤ ਮਿਕਦਾਰ 5 ਦੀ ਹੈ ਅਤੇ ਇਸ ਵਿੱਚ ਬੱਚੇ ਵੀ ਸ਼ਾਮਿਲ ਹਨ ਜਦੋਂ ਕਿ ਦੱਖਣੀ ਖੇਤਰਾਂ ਵਿੱਚ ਇਹ ਮਿਕਦਾਰ 10 ਦੀ ਰੱਖੀ ਗਈ ਹੈ। ਲੋਕ ਮਹਿਜ਼ ਜ਼ਰੂਰੀ ਕੰਮਾਂ ਆਦਿ ਵਾਸਤੇ ਹੀ ਘਰਾਂ ਤੋਂ ਬਾਹਰ ਆ ਜਾ ਸਕਦੇ ਹਨ।

Install Punjabi Akhbar App

Install
×