
ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੈਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਸਰਕਾਰ ਨੇ ਸਿਡਨੀ ਸੀ.ਬੀ.ਡੀ. ਖੇਤਰ ਵਿੱਚ ਪਹਿਲਾਂ ਤੋਂ ਦਿੱਤੀਆਂ ਗਈਆਂ ਜਨਤਕ ਸਹੂਲਤਾਂ ਵਿੱਚ ਭਾਰੀ ਇਜ਼ਾਫ਼ਾ ਕਰਨ ਲਈ 1.5 ਮਿਲੀਅਨ ਡਾਲਰ ਦਾ ਫੰਡ ਜਾਰੀ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਰਾਹੀਂ ਹੋਰ ਜ਼ਿਆਦਾ ਐਲਫਰਸਕੋ ਡਾਇਨਿੰਗ, ਬਾਹਰੀ ਖੇਤਰਾਂ ਅੰਦਰ ਬੈਠਣ ਲਈ ਹੋਰ ਜ਼ਿਆਦਾ ਕੁਰਸੀਆਂ, ਕੈਫਿਆਂ ਅਤੇ ਰੈਸਟੋਰੈਂਟਾਂ ਵਿੱਚ ਜਨਤਕ ਮਿਕਦਾਦ ਨੂੰ ਵਧਾਉਣ ਆਦਿ ਸਬੰਧੀ ਕਾਰਜ ਕੀਤੇ ਜਾਣਗੇ। ਸਿਡਨੀ ਦੇ ਪ੍ਰਸ਼ਾਸਨ ਨਾਲ ਹੋਏ 20 ਮਿਲੀਅਨ ਡਾਲਰਾਂ ਦੇ ਇਕਰਾਰ ਵਿੱਚ ਉਕਤ ਖਰਚਾ ਸ਼ਾਮਿਲ ਹੈ। ਇਸ ਆਪਸੀ ਸਹਿਯੋਗ ਨਾਲ ਚਲਣ ਵਾਲੇ ਪ੍ਰਾਜੈਕਟ ਵਿੱਚ 3 ਮਿਲੀਅਨ ਡਾਲਰ, ਖੇਤਰ ਵਿਚਲੇ ਛੋਟੇ ਅਤੇ ਮੱਧਵਰਗੀ ਕਾਰੋਬਾਰੀਆਂ ਲਈ ਰੱਖੇ ਗਏ ਹਨ ਜਿਸ ਦੇ ਤਹਿਤ ਉਨ੍ਹਾਂ ਦੀ 5,000 ਤੋਂ 50,000 ਡਾਲਰ ਤੱਕ ਦੀ ਉਨ੍ਹਾਂ ਦੇ ਕੰਮ-ਧੰਦਿਆਂ ਨੂੰ ਸੁਧਾਰਨ ਜਾਂ ਨਵੀਨੀਕਰਨ ਲਈ ਦਿੱਤੇ ਜਾਣਗੇ। ਸਿਡਨੀ ਦੇ ਲਾਰਡ ਮੇਅਰ ਸ੍ਰੀ ਕਲੋਵਰ ਮੂਰੇ ਨੇ ਇਸ ਇਕਰਾਰ ਉਪਰ ਆਪਣੀ ਸੰਤੁਸ਼ਟੀ ਅਤੇ ਸਰਕਾਰ ਦਾ ਧੰਨਵਾਦ ਜਤਾਉਂਦਿਆਂ ਕਿਹਾ ਕਿ ਖੇਤਰ ਦੇ ਵਿਕਾਸ ਅਤੇ ਜਨਤਕ ਭਲਾਈ ਵਾਸਤੇ ਇਹ ਪ੍ਰਾਜੈਕਟ ਅਹਿਮ ਯੋਗਦਾਨ ਪਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਰੇ ਹਿਲਜ਼ ਆਦਿ ਖੇਤਰਾਂ ਅੰਦਰ ਸੜਕਾਂ ਉਪਰ ਡਾਇਨਿੰਗ ਦੀ ਫੀਸ ਵਿੱਚ ਮੁਆਫੀ ਹੋਵੇਗੀ ਅਤੇ ਸਿਹਤ ਅਤੇ ਇਮਾਰਤੀ ਪੜਤਾਲਾਂ ਵਿੱਚ ਵੀ ਰਿਆਇਤਾਂ ਦਿੱਤੀਆਂ ਜਾਣਗੀਆਂ। ਕਿਰਾਏਦਾਰਾਂ ਲਈ ਕਿਰਾਏ ਦੀ ਛੋਟ ਹੋਵੇਗੀ, ਬੱਚਿਆਂ ਪ੍ਰਤੀ ਸੇਵਾਵਾਂ ਆਦਿ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।