ਸਿਡਨੀ ਅਤੇ ਉਤਰੀ ਨਿਊ ਸਾਊਥ ਵੇਲਜ਼ ਅੰਦਰ ਗਰਮ ਹਵਾਵਾਂ ਦਾ ਦੂਜਾ ਦਿਨ -ਗਰਮੀ ਹੋਰ ਵਧਣ ਦੀ ਸੰਭਾਵਨਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਅਤੇ ਰਾਜ ਦੇ ਦੂਸਰੇ ਖੇਤਰਾਂ ਅੰਦਰ ਲਗਾਤਾਰ ਦੂਸਰੇ ਦਿਨ ਵੀ ਗਰਮੀ ਦਾ ਪ੍ਰਕੋਪ ਜਾਰੀ ਹੈ ਅਤੇ ਨਵੰਬਰ ਦੀ ਬੀਤੀ ਰਾਜ ਨੇ ਤਾਂ ਪਾਰੇ ਦਾ ਰਿਕਾਰਡ ਹੀ ਬਣਾਈ ਰੱਖਿਆ। ਸਿਡਨੀ ਦੇ ਕੁੱਝ ਹਿੱਸਿਆਂ ਅਤੇ ਸੀ.ਬੀ.ਡੀ. ਵਿੱਚ ਪਾਰਾ 40 ਡਿਗਰੀ ਸੈਂਟੀਗ੍ਰੇਡ ਤੋਂ ਪਾਰ ਚਲਾ ਗਿਆ ਜਦੋਂ ਕਿ ਪੱਛਮੀ ਨਿਊ ਸਾਊਥ ਵੇਲਜ਼, ਦੱਖਣੀ ਆਸਟ੍ਰੇਲੀਆ ਅਤੇ ਉਤਰੀ ਵਿਕਟੋਰੀਆ ਅੰਦਰ ਪਾਰਾ 45 ਡਿਗਰੀ ਸੈਂਟੀਗ੍ਰੇਡ ਤੱਕ ਪਹਿਲਾਂ ਹੀ ਪਹੁੰਚ ਚੁਕਾ ਹੈ। ਸਿਡਨੀ ਵਿੱਚ ਬੀਤੀ ਰਾਤ ਦਾ ਤਾਪਮਾਨ ਘੱਟ ਤੋਂ ਘੱਟ 25.3 ਡਿਗਰੀ ਸੈਂਟੀਗ੍ਰੇਡ ਰਿਹਾ ਜਿਹੜਾ ਕਿ 1967 ਵਿਚ ਇਸੇ ਸਮੇਂ ਦਰਜ ਕੀਤੇ ਗਏ ਤਾਪਮਾਨ 24.8 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਸੀ। ਇਸ ਤੋਂ ਇਲਾਵਾ ਕੈਮਡਨ, ਨਿਊ ਕਾਸਲ, ਪੱਛਮੀ ਨਿਊ ਸਾਊਥ ਵੇਲਜ਼ ਦੇ ਬੌਰਕੇ, ਕੋਬਾਰ ਅਤੇ ਊਲਾਡੂਲਾ ਵਿਖੇ ਵੀ ਤਾਪਮਾਨ ਵਿੱਚ ਇਜ਼ਾਫ਼ਾ ਰਿਕਾਰਡ ਕੀਤਾ ਗਿਆ ਹੈ। ਨਿਊ ਕਾਸਲ ਦੇ ਨੌਬੀਜ਼ ਹੈਡ ਵਿਖੇ ਬੀਤੀ ਸ਼ਨਿਚਰਵਾਰ ਦੀ ਰਾਤ ਦਾ ਤਾਪਮਾਨ 24.1 ਡਿਗਰੀ ਸੈਂਟੀਗ੍ਰੇਡ ਰਿਹਾ ਜਿਹੜਾ ਕਿ 1964 ਵਿੱਚ ਦਰਜ ਕੀਤੇ ਗਏ 23.1 ਸੈਂਟੀਗ੍ਰੇਡ ਤੋਂ ਵੀ ਜ਼ਿਆਦਾ ਹੈ। ਅੱਜ ਵੈਸੇ ਤਾਂ ਮੌਸਮ ਵਿਭਾਗ ਦੇ ਅਨੁਸਾਰ, ਦੱਖਣੀ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਪਾਰਾ ਲੁੜਕਣ ਦੀ ਸੰਭਾਵਨਾ ਬਰਕਰਾਰ ਹੈ ਪਰੰਤੂ ਉਤਰੀ ਨਿਊ ਸਾਊਥ ਵੇਲਜ਼ ਅਤੇ ਇੱਥੋਂ ਦੀ ਉਤਰੀ-ਪੂਰਬੀ ਇਲਾਕਿਆਂ ਵਿੱਚ ਹਾਲੇ ਗਰਮੀ ਹੋਰ ਇੱਕ ਦਿਨ ਬਰਕਰਾਰ ਰਹੇਗੀ।

Install Punjabi Akhbar App

Install
×