ਸੁਵਿਧਾ ਯੂਨੀਅਨ ਵੱਲੋਂ ਵਿਸ਼ਾਲ ਰੈਲੀ 23 ਨੂੰ ਜਲੰਧਰ ‘ਚ

– ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਚੇਅਰਮੈਨ ਸੱਜਣ ਸਿੰਘ ਹੋਣਗੇ ਵਿਸ਼ੇਸ਼ ਤੌਰ ਤੇ ਸ਼ਾਮਿਲ

(ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰਵਿੰਦਰ ਰਵੀ (ਫ਼ੋਟੋ: ਗੁਲਜ਼ਾਰ ਮਦੀਨਾ))
(ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰਵਿੰਦਰ ਰਵੀ (ਫ਼ੋਟੋ: ਗੁਲਜ਼ਾਰ ਮਦੀਨਾ))

ਸਾਦਿਕ -ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਜਲੰਧਰ ਵਿਖੇ 23 ਜੂਨ (ਸ਼ਨੀਵਾਰ) ਨੂੰ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।ਇਹ ਫ਼ੈਸਲਾ ਜਥੇਬੰਦੀ ਦੀ ਫ਼ਰੀਦਕੋਟ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਵਿੰਦਰ ਰਵੀ, ਜਨਰਲ ਸਕੱਤਰ ਵਰਿੰਦਰਪਾਲ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ ਮੋਗਾ ਅਤੇ ਖ਼ਜ਼ਾਨਚੀ ਰਾਜੇਸ਼ ਕੁਮਾਰ ਰਿੰਕੂ ਨੇ ਦੱਸਿਆ ਕਿ 2004 ਤੋਂ 2016 ਤੱਕ ਪੰਜਾਬ ਵਿੱਚ ਚੱਲਣ ਵਾਲੇ ਸੁਵਿਧਾ ਸੈਂਟਰਾਂ ਨੂੰ ਬੰਦ ਕਰਕੇ ਸੇਵਾ ਕੇਂਦਰ ਚਲਾਉਣ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ 1100 ਤਜ਼ਰਬੇਕਾਰ ਅਤੇ ਉੱਚ ਵਿੱਦਿਆ ਪ੍ਰਾਪਤ ਮੁਲਾਜ਼ਮਾਂ ਨੂੰ ਨੌਕਰੀਓਂ ਫ਼ਾਰਗ ਕਰ ਦਿੱਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਪੱਕੇ ਹੋਣ ਦੀ ਉਡੀਕ ਕਰ ਰਹੇ ਇਹ ਸਮੂਹ ਮੁਲਾਜ਼ਮ ਸਗੋਂ ਸਰਕਾਰ ਦੇ ਤੁਗਲਕੀ ਫ਼ੁਰਮਾਨ ਦਾ ਸ਼ਿਕਾਰ ਹੋਏ ਅਤੇ ਹੁਣ ਕਰੀਬ 2 ਸਾਲ ਦਾ ਸਮਾਂ ਬੀਤ ਜਾਣ ਤੇ ਵੀ ਬੇਰੁਜ਼ਗਾਰ ਹੀ ਫ਼ਿਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਨੌਕਰੀ ਤੋਂ ਕੱਢੇ ਜਾਣ ਦੇ ਰੋਸ ਵਜੋਂ ਜਥੇਬੰਦੀ ਦੇ ਝੰਡੇ ਹੇਠ ਸਤੰਬਰ 2016 ਤੋਂ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸੱਤਾਧਾਰੀ ਪਾਰਟੀ ਕਾਂਗਰਸੀ ਨੇ ਵੋਟਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਸੁਵਿਧਾ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਨੌਕਰੀ ਤੇ ਬਹਾਲ ਕੀਤਾ ਜਾਵੇਗਾ ਪਰ ਅਫ਼ਸੋਸ ਕਿ ਸ਼ਾਇਦ ਸਰਕਾਰ ਸੱਤਾ ਸੰਭਾਲਦਿਆਂ ਹੀ ਉਨ੍ਹਾਂ ਨਾਲ ਕੀਤਾ ਵਾਅਦਾ ਭੁੱਲ ਗਈ ਹੈ।ਉਨ੍ਹਾਂ ਕਿਹਾ ਕਿ ਸੁਵਿਧਾ ਸੈਂਟਰਾਂ ਨੂੰ ਬੰਦ ਕਰਕੇ ਨਿੱਜੀ ਕੰਪਨੀ ਦੇ ਕਾਰਜਭਾਗ ਵਾਲੇ ਸੇਵਾ ਕੇਂਦਰ ਜਨਤਾ ਨੂੰ ਸਹੂਲਤਾਂ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਏ ਹਨ ਜਿਸ ਕਾਰਨ ਹੁਣ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਬੰਦ ਕਰਨ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਸਮੂਹ ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਕੇ ਪਹਿਲਾਂ ਹੀ ਦੀ ਤਰ੍ਹਾਂ ਹੀ ਸੁਖਮਨੀ ਸੁਸਾਇਟੀ ਚਾਲੂ ਕਰਕੇ ਸੁਵਿਧਾ ਸੈਂਟਰ ਦੋਬਾਰਾ ਤੋਂ ਚਲਾਉਣੇ ਚਾਹੀਦੇ ਹਨ ਤਾਂ ਕਿ ਪਿਛਲੇ 2 ਸਾਲਾਂ ਤੋਂ ਸਹੂਲਤਾਂ ਤੋਂ ਸੱਖਣੀ ਆਮ ਜਨਤਾ ਨੂੰ ਦੋਬਾਰਾ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣ।ਅੰਤ ਵਿੱਚ ਉਨ੍ਹਾਂ ਕਿਹਾ ਕਿ ਆਪਣੀ ਬਹਾਲ ਹੋਣ ਦੀ ਮੰਗ ਨੂੰ ਲੈ ਕੇ 23 ਜੂਨ 2018 (ਸ਼ਨੀਵਾਰ) ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਸੁਬਾਰਡੀਨੇਟ ਫ਼ੈਡਰੇਸ਼ਨ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਚੇਅਰਮੈਨ ਸੱਜਣ ਸਿੰਘ, ਪ੍ਰਧਾਨ ਇਮਰਾਨ ਭੱਟੀ, ਸਕੱਤਰ ਜਨਰਲ ਅਸ਼ੀਸ਼ ਜੁਲਾਹਾ, ਰਾਜਿੰਦਰ ਸੰਧਾ ਅਤੇ ਅੰਮ੍ਰਿਤਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਕਾਮਿਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਹੋਰ ਵੀ ਤਿੱਖਾ ਮੋੜ ਲਵੇਗਾ ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ।

(ਗੁਲਜ਼ਾਰ ਮਦੀਨਾ)

gulzarmadina@gmail.com

Install Punjabi Akhbar App

Install
×