ਨਰੋਆ ਪੰਜਾਬ ਮੰਚ ਨੇ ਬਿਆਸ ਦੀ ਤਰਾਂ ਸਤਲੁਜ ਦਰਿਆ ਦਾ ਪਾਣੀ ਵੀ ਸਾਫ ਕਰਨ ਦੀ ਕੀਤੀ ਮੰਗ

ਬਿਆਸ ਅਤੇ ਸਤਲੁਜ ਦੇ ਕੰਢਿਆਂ ਨੂੰ ਸੈਰਗਾਹਾਂ ਬਣਾਉਣ ਨਾਲ ਅਨੇਕਾਂ ਮਸਲੇ ਹੋਣਗੇ ਹੱਲ : ਚੰਦਬਾਜਾ

(ਫਰੀਦਕੋਟ):- ਵਾਤਾਵਰਣ ਦੀ ਸ਼ੁੱਧਤਾ ਲਈ ਯਤਨਸ਼ੀਲ ਸੰਸਥਾ ਨਰੋਆ ਪੰਜਾਬ ਮੰਚ ਦੇ ਕਨਵੀਨਰ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦਾਅਵਾ ਕੀਤਾ ਹੈ ਕਿ ਜਿਸ ਤਰਾਂ ਬਿਆਸ ਦਾ ਪਾਣੀ ਸਾਫ ਸੁਥਰਾ ਹੈ, ਜੇਕਰ ਸਤਲੁਜ ਦਰਿਆ ਵਿੱਚ ਲੁਧਿਆਣਾ ਅਤੇ ਜਲੰਧਰ ਦਾ ਜਹਿਰੀਲਾ ਪਾਣੀ ਪਾਉਣਾ ਬੰਦ ਕਰਨ ਦੀ ਸਰਕਾਰ ਪਹਿਲਕਦਮੀ ਕਰੇ ਅਰਥਾਤ ਸਖਤੀ ਨਾਲ ਰੋਕੇ ਤਾਂ ਸਤਲੁਜ ਦਾ ਪਾਣੀ ਵੀ ਬਿਆਸ ਦੇ ਪਾਣੀ ਦੀ ਤਰਾਂ ਸਾਫ ਸੁਥਰਾ ਹੋ ਜਾਵੇਗਾ ਅਤੇ ਸੈਰ ਸਪਾਟੇ ਲਈ ਵਧੀਆ ਸੈਰਗਾਹ ਬਣੇਗੀ, ਜਿਸ ਲਈ ਜਿੱਥੇ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ, ਉੱਥੇ ਸੈਲਾਨੀਆਂ ਲਈ ਬਿਆਸ ਅਤੇ ਸਤਲੁਜ ਦੇ ਕੰਢੇ ਬਣਨ ਵਾਲੀਆਂ ਸੈਰਗਾਹਾਂ ਦਾ ਖਿੱਚ ਦਾ ਕੇਂਦਰ ਬਣਨਾ ਵੀ ਸੁਭਾਵਿਕ ਹੈ। ਆਪਣੇ ਸਾਥੀਆਂ ਸਮੇਤ ਹਰੀਕੇ ਪੱਤਣ (ਹੈੱਡ) ਵਿਖੇ ਪੁੱਜੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਜਲੰਧਰ ਅਤੇ ਲੁਧਿਆਣਾ ਦੇ ਕਾਰਖਾਨੇ, ਫੈਕਟਰੀਆਂ ਅਰਥਾਤ ਹਰ ਤਰਾਂ ਦੇ ਛੋਟੇ ਵੱਡੇ ਉਦਯੋਗਾਂ ਦਾ ਬਿਨਾ ਟਰੀਟ ਕੀਤਾ ਪਾਣੀ ਪਿਛਲੇ ਲੰਮੇ ਸਮੇਂ ਤੋਂ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਵਿਰੁੱਧ ਨਰੋਆ ਪੰਜਾਬ ਮੰਚ ਦੇ ਬੈਨਰ ਹੇਠ ਅਨੇਕਾਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਹਨਾ ਦੱਸਿਆ ਕਿ ਪਹਿਲਾਂ ਅਕਾਲੀ-ਭਾਜਪਾ ਗਠਜੋੜ ਸਰਕਾਰ, ਫਿਰ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੂਹਰਲੀ ਕਤਾਰ ਦੇ ਆਗੂਆਂ, ਮੰਤਰੀਆਂ, ਵਿਧਾਇਕਾਂ ਸਮੇਤ ਪੰਜਾਬ ਭਰ ਦੀ ਅਫਸਰਸ਼ਾਹੀ ਨੂੰ ਲਿਖਤੀ ਅਤੇ ਜੁਬਾਨੀ ਤੌਰ ‘ਤੇ ਜਾਣੂ ਕਰਵਾਇਆ ਜਾ ਚੁੱਕਾ ਹੈ ਕਿ ਦਰਿਆਵਾਂ ਦੇ ਜਹਿਰੀਲੇ ਹੋ ਰਹੇ ਪਾਣੀ ਨਾਲ ਪੰਜਾਬ ਸਮੇਤ ਗੁਆਂਢੀ ਸੂਬੇ ਰਾਜਸਥਾਨ ਦੇ 9 ਜਿਲਿਆਂ ਵਿੱਚ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ੍ਰ. ਚੰਦਬਾਜਾ ਨੇ ਆਖਿਆ ਕਿ ਜੇਕਰ ਦਰਿਆਵਾਂ ਨੂੰ ਸਾਫ ਰੱਖਿਆ ਜਾਵੇ ਤਾਂ ਇਸ ਨਾਲ ਤੰਦਰੁਸਤ ਸਮਾਜ ਦੀ ਸਿਰਜਣਾ ਵੀ ਹੋਵੇਗੀ ਅਤੇ ਸੈਰਗਾਹਾਂ ਬਣਨ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਵੀ ਹੋਵੇਗਾ।

Install Punjabi Akhbar App

Install
×