ਐਡੀਲੇਡ ਦੇ ਇੱਕ ਘਰ ਵਿੱਚ ਲੱਗੀ ਅੱਗ, 2 ਦੀ ਮੌਤ

ਐਡੀਲੇਡ (ਦੱਖਣੀ ਆਸਟ੍ਰੇਲੀਆ) ਦੇ ਐਡਵਰਸਟਾਊਨ ਵਿਖੇ ਐਮਰਲਡ ਸਟ੍ਰੀਟ ਵਿੱਚ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਘਰ ਵਿੱਚ ਰਹਿ ਰਹੇ 2 ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਹਨ।

ਪੁਲਿਸ ਨੂੰ ਤੜਕੇ ਸਵੇਰੇ 5 ਵਜੇ, ਉਕਤ ਘਰ ਅੰਦਰ ਲੱਗੀ ਅੱਗ ਬਾਰੇ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਅਤੇ ਅੱਗ ਬੁਝਾਊ ਦਸਤਾ ਉਸ ਥਾਂ ਤੇ ਪੁੱਜਾ। ਬਚਾਉ ਅਭਿਯਾਨ ਦੌਰਾਨ ਪੁਲਿਸ ਨੇ ਜਲਦੀ ਹੀ ਅੱਗ ਉਪਰ ਕਾਬੂ ਪਾ ਲਿਆ ਪਰੰਤੂ ਇਸ ਦੌਰਾਨ ਪੁਲਿਸ ਨੇ 2 ਜਣਿਆਂ ਦੀਆਂ ਮ੍ਰਿਤਕ ਦੇਹਾਂ ਵੀ ਬਰਾਮਦ ਕੀਤੀਆਂ ਜੋ ਕਿ ਅੱਗ ਲੱਗਣ ਕਾਰਨ ਹੀ ਮਾਰੇ ਗਏ ਸਨ।

ਪੁਲਿਸ ਅਨੁਸਾਰ, ਘਰ ਦੇ ਵਿਚਕਾਰ ਸਥਿਤ ਸਿਰਫ ਇੱਕ ਕਮਰੇ ਅੰਦਰ ਹੀ ਅੱਗ ਲੱਗੀ ਸੀ ਅਤੇ ਇਸ ਅੱਗ ਨੂੰ ਕਿਸੇ ਨੇ ਜਾਣ ਬੁੱਝ ਕੇ ਲਗਾਇਆ ਸੀ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਅਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਅੱਗ ਕਾਰਨ ਘੱਟੋ ਘੱਟ 100,000 ਡਾਲਰਾਂ ਤੱਕ ਦਾ ਨੁਕਸਾਨ ਹੋਇਆ ਜਾਪ ਰਿਹਾ ਹੈ।

ਬਹਰਹਾਲ, ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।