ਪਿੰਡ ਚੱਕ ਭਾਈ ਕਾ ‘ਚ ਰਾਤ ਨੂੰ ਫਿਰਦੀ ਮੰਦ-ਬੁੱਧੀ ਲੜਕੀ ਨੂੰ ਪੁਚਾਇਆ ਸਰਾਭਾ ਆਸ਼ਰਮ

ਓਪਰੀ ਨਜ਼ਰੇ ਵੇਖਿਆਂ ਭਾਵੇਂ ਇਹ ਆਮ ਜਿਹੀ ਗੱਲ ਲੱਗਦੀ ਹੈ ਪਰ ਸਮਾਜਕ ਕਾਰਕੁਨਾਂ ਲਈ ਅਜਿਹੀ ਘਟਨਾ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਜਦੋਂ ਕੋਈ ਅਗਿਆਤ ਲੜਕੀ ਰਾਤ ਨੂੰ ਸ਼ੱਕੀ ਨਜ਼ਰ ਵਿੱਚ ਇਕੱਲੀ ਫਿਰਦੀ ਨਜ਼ਰ ਪੈ ਜਾਵੇ। ਅਜਿਹੀ ਹੀ ਇੱਕ ਘਟਨਾ 15 ਮਈ ਦੀ ਰਾਤ ਨੂੰ ਰਾਇਕੋਟ ਤਹਿਸੀਲ ਦੇ ਪਿੰਡ ਚੱਕ ਭਾਈ ਕਾ ਵਿਖੇ ਵਾਪਰੀ ਜਦੋਂ ਪਿੰਡ ਦੇ ਕੁੱਝ ਵਿਅਕਤੀਆਂ ਨੇ ਇੱਕ ਮੰਦ-ਬੁੱਧੀ ਲੜਕੀ ਨੂੰ ਤਰਸਯੋਗ ਹਾਲਤ ਵਿੱਚ ਪਿੰਡ ਦੀ ਸੜਕ ਤੇ ਇਕੱਲੀ ਨੂੰ ਬੈਠਿਆਂ ਵੇਖਿਆ । ਉਹਨਾਂ ਨੇ ਪਿੰਡ ਦੀ ਸਰਪੰਚ ਬੀਬੀ ਚਰਨਜੀਤ ਕੌਰ, ਪੰਚ ਅਮਰਜੀਤ ਸਿੰਘ ਆਦਿ ਨਾਲ ਮਿਲਕੇ ਇਸ ਸਬੰਧੀ ਰਾਇਕੋਟ ਪੁਲਿਸ ਨੂੰ ਸੂਚਤ ਕੀਤਾ ।
ਉਸ ਰਾਤ ਇਸ ਲੜਕੀ ਨੂੰ ਪਿੰਡ ਦੇ ਗੁਰਦੁਵਾਰਾ ਸਾਹਿਬ ਵਿੱਚ ਰੱਖਿਆ ਗਿਆ। ਦੂਜੇ ਦਿਨ 16 ਮਈ ਨੂੰ ਰਾਇਕੋਟ ਪੁਲਿਸ ਦੀ ਸਲਾਹ ਤੇ ਚੱਕ ਭਾਈ ਕਾ ਪਿੰਡ ਦੇ ਰਿਸ਼ੀ ਸਿੰਘ, ਸੁਖਰਾਜ ਸਿੰਘ ਅਤੇ ਕੁੱਝ ਹੋਰ ਪਤਵੰਤੇ ਸੱਜਣ ਇਸ ਨੂੰ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਛੱਡ ਕੇ ਗਏ। ਇਸ ਲੜਕੀ ਨੇ ਆਪਣਾ ਨਾਉਂ ਸੁਸ਼ੀਲਾ ਦੱਸਿਆ ਹੈ, ਇਹ ਵੀ ਦੱਸਿਆ ਕਿ ਅਸੀਂ ਛੇ ਭੈਣਾਂ ਅਤੇ ਦੋ ਭਰਾ ਹਾਂ। ਪਰ ਇਹ ਨਹੀਂ ਦੱਸ ਸਕਦੀ ਕਿ ਮਾਤਾ-ਪਿਤਾ ਅਤੇ ਪਰਿਵਾਰ ਦੇ ਜੀਅ ਕਿੱਥੇ ਰਹਿੰਦੇ ਹਨ। ਆਸ਼ਰਮ ਵਿੱਚ ਇਸ ਦਾ ਇਲਾਜ ਦਿਆ ਨੰਦ ਹਸਪਤਾਲ ਲੁਧਿਆਣਾ ਦੇ ਮਸ਼ਹੂਰ ਰਿਟਾਇਡ ਸਾਇਕੈਟਰਿਸਟ ਡਾ. ਆਰ. ਐਲ ਨਾਰੰਗ ਵੱਲੋਂ ਕੀਤਾ ਜਾਵੇਗਾ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਦੱਸਿਆ ਕਿ ਇਸ ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ । ਇਹ ਸਾਰੇ ਹੀ ਲਾਵਾਰਸ, ਬੇਘਰ ਅਤੇ ਬੇਸਹਾਰਾ ਹਨ। ਇਹਨਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਇੰਡੀਆ ਵਿੱਚ (ਮੋਬਾ); 95018-42506 ਅਤੇ ਕੈਨੇਡਾ ਵਿੱਚ 403-401-8787 ਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×