ਵਧੀਕ ਪ੍ਰੀਮੀਅਰ ਅਤੇ ਕੁਦਰਤੀ ਸੌਮਿਆਂ ਦੇ ਵਿਭਾਗਾਂ ਦੇ ਮੰਤਰੀ ਜੋਹਨ ਬੈਰੀਲੈਰੋ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ -ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਅਜਿਹ ਹਵਾਈ ਸਰਵੇਖਣ ਲਈ ਪ੍ਰਵਾਨਗੀ ਅਤੇ ਫੰਡ ਮੁਹੱਈਆ ਕਰਵਾਏ ਹਨ ਜਿਸ ਦੇ ਤਹਿਤ ਰਾਜ ਵਿੱਚਲੇ ਸੈਂਟਰਲ ਵੈਸਟ ਖੇਤਰ ਵਿੱਚ ਸੰਭਾਵਿਤ ਧਰਤੀ ਹੇਠਲੇ ਪਾਣੀ ਅਤੇ ਨਵੇਂ ਖਣਿਜਾਂ ਦੀ ਖੋਜ ਕੀਤੀ ਜਾਵੇਗੀ। ਉਨ੍ਹਾਂ ਬੀਤੇ ਸਾਲ ਵਿਚਲੇ ਅਜਿਹੇ ਹੀ ਸਰਵੇਖਣ ਬਾਰੇ ਦੱਸਿਆ ਕਿ ਉਸ ਸਮੇਂ 19,000 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਅਜਿਹਾ ਹੀ ਸਰਵੇਖਣ ਕੀਤਾ ਗਿਆ ਸੀ ਅਤੇ ਇਸ ਨਾਲ ਧਰਤੀ ਹੇਠਾਂ ਕਰੀਬਨ 400 ਮੀਟਰ ਦੀ ਡੁੰਘਾਈ ਵਿੱਚ ਪਾਣੀ ਦੇ ਛੁਪੇ ਹੋਏ ਸ੍ਰੋਤਾਂ ਬਾਰੇ ਪਤਾ ਲਗਾਇਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਰਵੇਖਣਾ ਆਦਿ ਨਾਲ ਨਾ ਸਿਰਫ ਪਾਣੀ, ਸਗੋਂ ਹੋਰ ਖਣਿਜ ਜਿਵੇਂ ਕਿ ਸੋਨਾ, ਤਾਂਬਾ ਅਤੇ ਜ਼ਿੰਕ ਆਦਿ ਦੇ ਮਿਲਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਹੁਣ ਵਾਲਾ ਸਰਵੇਖਣ ਚੁੰਬਕੀ ਅਤੇ ਰੇਡੀਉਮੈਟ੍ਰਿਕ ਸਰਵੇਖਣ ਹੋਵੇਗਾ ਜੋ ਕਿ ਕੋਬਾਰ-ਨਿਨਗਨ ਖੇਤਰ ਵਿਖੇ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਦਾ ਸਰਵੇਖਣ ਮੁੰਡੀ (ਬਰੋਕਨ ਹਿਲਜ਼ ਦੇ ਨਜ਼ਦੀਕ) ਵਿਖੇ ਵੀ ਅਪ੍ਰੈਲ ਦੇ ਮਹੀਨੇ ਵਿੱਚ ਅਜਿਹਾ ਹੀ ਸਰਵੇਖਣ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਮਾਇਨਿੰਗ ਉਦਯੋਗ ਵੱਲੋਂ ਇਸ ਬਾਬਤ ਉਨ੍ਹਾਂ ਨੂੰ ਸਕਾਰਾਤਮਕ ਫੀਡਬੈਕ ਮਿਲ ਰਹੀ ਹੈ ਅਤੇ ਆਂਕੜਿਆਂ ਦੀ ਸ਼ੁੱਧਤਾ ਅਤੇ ਗੁਣਵੱਤਾ ਦਰਸਾਉਂਦੀ ਹੈ ਕਿ ਅਸੀਂ ਠੀਕ ਰਾਹ ਉਪਰ ਹਾਂ।
ਉਨ੍ਹਾਂ ਹੋਰ ਦਸਦਿਆਂ ਕਿਹਾ ਕਿ ਸੈਂਟਰਲ ਵੈਸਟ ਅਤੇ ਫਾਰ ਵੈਸਟ ਖੇਤਰਾਂ ਦੇ ਉਕਤ ਸਰਵੇਖਣ ਸਰਕਾਰ ਦੇ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਅਜਿਹੇ ਪ੍ਰਾਜੈਕਟਾਂ ਦਾ ਹੀ ਹਿੱਸਾ ਹਨ ਜਿਸ ਲਈ ਸਰਕਾਰ ਨੇ 16 ਮਿਲੀਅਨ ਡਾਲਰਾਂ ਦਾ ਫੰਡ ਅਗਲੇ 10 ਸਾਲਾਂ ਲਈ ਰੱਖਿਆ ਹੋਇਆ ਹੈ।