ਗੁਰਦੁਆਰਾ ਦੁੱਖ ਨਿਵਾਰਨ ਸਰੀ ਵੱਲੋਂ ਗੁਰੂ ਨਾਨਕ ਜੀ ਦੇ ਆਗਮਨ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ

(ਸਰੀ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਵੇਰੇ ਗੁਰਦੁਆਰਾ ਸਾਹਿਬ ਅਰਦਾਸ ਤੋਂ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਰਵਾਨਾ ਹੋਇਆ ਅਤੇ ਵੱਖ ਵੱਖ ਗਲੀਆਂ ਵਿੱਚੋਂ ਲੰਘਦਾ ਹੋਇਆ ਸ਼ਾਮ 4 ਵਜੇ ਗੁਰੁਦਆਰਾ ਸਾਹਿਬ ਵਿਖੇ ਵਾਪਸ ਪਹੁੰਚ ਕੇ ਸਮਾਪਤ ਹੋਇਆ।

ਇਸ ਨਗਰ ਕੀਤਰਨ ਵਿਚ ਸੰਗਤਾਂ ਦਾ ਉਤਸ਼ਾਹ ਅਤੇ ਸ਼ਰਧਾ ਦੇਖਣਯੋਗ ਸੀ। ਹਜਾਰਾਂ ਸ਼ਰਧਾਲੂ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਤਮਸਤਕ ਹੋਏ। ਨਗਰ ਕੀਤਰਨ ਦੌਰਾਨ ਰਸਭਿੰਨੇ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਖਾਲਸਾਈ ਬਾਣੇ ਵਿਚ ਸਜੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਸ਼ਰਧਾਲੂਆਂ ਵੱਲੋਂ ਥਾਂ ਥਾਂ ਵੱਖ ਵੱਖ ਖਾਧ ਪਦਾਰਥਾਂ ਦੇ ਲੰਗਰ ਲਾਏ ਗਏ ਸਨ।

ਇਸ ਦੌਰਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਨੇ ਸਮੂਹ ਸਿੱਖ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਨਗਰ ਕੀਤਰਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਬੀਸੀ ਕੈਂਸਰ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਸਟਾਲ ਲਾ ਕੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਬੀਸੀ ਕੈਂਸਰ ਫਾਊਂਡੇਸ਼ਨ ਲਈ ਦਾਨ ਕਰਨ ਲਈ ਪ੍ਰੇਰਿਆ ਗਿਆ ਤਾਂ ਜੋ ਇਸ ਨਾਮੁਰਾਦ ਬੀਮਾਰੀ ਦੇ ਇਲਾਜ ਲਈ ਹੋਰ ਖੋਜ ਅਤੇ ਉਪਰਾਲੇ ਕੀਤੇ ਜਾ ਸਕਣ। ‘ਵਾਕ ਫਾਰ ਕੈਂਸਰ ਰਿਸਰਚ’ ਦੇ ਕਾਮੇ ਜਤਿੰਦਰ ਜੇ. ਮਿਨਹਾਸ, ਇੰਦਰਜੀਤ ਸਿੰਘ ਬੈਂਸ, ਪ੍ਰੋ. ਅਵਤਾਰ ਸਿੰਘ ਵਿਰਦੀ ਅਤੇ ਸਟੀਵ ਕੂਨਰ ਨੇ ਸਮੂਹ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਮੁਬਾਰਕਬਾਦ ਦਿੱਤੀ ਅਤੇ ਕੈਂਸਰ ਲਈ ਫੰਡ ਰੇਜ਼ਿੰਗ ਲਈ ਦਾਨੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੌਰਾਨ ਆਰਸੀਐਮਪੀ ਸਰੀ ਵੱਲੋਂ ਜੈਸ ਜੌਹਲ ਨੇ ਸਮੂਹ ਸਿੱਖ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ।

(ਹਰਦਮ ਮਾਨ) +1 604 308 6663

maanbabushahi@gmail.com