ਸਰੀ ਪੁਲਿਸ ਬੋਰਡ ਨੇ ਸਰੀ ਪੁਲਿਸ ਸੇਵਾ ਦਾ ਨਿਰਮਾਣ ਕਾਰਜ ਜਾਰੀ ਰੱਖਣ ਲਈ ਪ੍ਰਗਟਾਈ ਵਚਨਬੱਧਤਾ

(ਸਰੀ)- ਜਿੱਥੇ ਸਰੀ ਦੀ ਨਵੀਂ ਚੁਣੀ ਗਈ ਮੇਅਰ ਬਰੈਂਡਾ ਲੌਕ ਆਰਸੀਐਮਪੀ ਦੀ ਸਰੀ ਪੁਲਿਸ ਵਜੋਂ ਕੀਤੀ ਜਾ ਰਹੀ ਤਬਦੀਲੀ ਨੂੰ ਰੱਦ ਕਰਨ ਦੀ ਗੱਲ ਕਰ ਰਹੀ ਹੈ ਉੱਥੇ ਹੀ ਕੱਲ੍ਹ ਸਰੀ ਪੁਲਿਸ ਬੋਰਡ ਨੇ ਆਪਣੀ ਇਕ ਮੀਟਿੰਗ ਕਰਕੇ ਬਿਆਨ ਜਾਰੀ ਕੀਤਾ ਹੈ ਕਿ ਸਰੀ ਪੁਲਿਸ ਬੋਰਡ ਆਧੁਨਿਕ, ਜਵਾਬਦੇਹ ਅਤੇ ਪ੍ਰਗਤੀਸ਼ੀਲ ਪੁਲਿਸ ਸੇਵਾ ਦਾ ਨਿਰਮਾਣ ਕਾਰਜ ਜਾਰੀ ਰੱਖਣ ਲਈ 100 ਪ੍ਰਤੀਸ਼ਤ ਵਚਨਬੱਧ ਹੈ।

ਸਰੀ ਪੁਲਿਸ ਬੋਰਡ ਨੇ 26 ਅਕਤੂਬਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਮੇਅਰ ਚੁਣੀ ਗਈ ਬਰੈਂਡਾ ਲੌਕ ਅਤੇ 15 ਅਕਤੂਬਰ ਦੀਆਂ ਮਿਉਂਸਪਲ ਚੋਣਾਂ ਵਿੱਚ ਚੁਣੇ ਗਏ ਸਿਟੀ ਕੌਂਸਲਰਾਂ ਨੂੰ ਵੀ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਜੂਨ 2020 ਵਿੱਚ, ਸਰੀ ਪੁਲਿਸ ਬੋਰਡ ਦੀ ਸਥਾਪਨਾ ਇੱਕ ਸਥਾਨਕ, ਗੈਰ-ਪੱਖਪਾਤੀ ਨਿਗਰਾਨੀ ਸੰਸਥਾ ਵਜੋਂ ਕੀਤੀ ਗਈ ਸੀ ਜਿਸ ਵਿੱਚ ਸਰੀ ਪੁਲਿਸ ਸੇਵਾ ਦੀ ਸਥਾਪਨਾ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਉਂਸਪਲ ਸੁਤੰਤਰ ਪੁਲਿਸਿੰਗ ਦਾ ਢਾਂਚਾ ਓਟਵਾ ਤੋਂ ਬਿਨਾਂ ਕਿਸੇ ਨਾਗਰਿਕ ਨਿਗਰਾਨੀ ਦੇ ਚਲਾਏ ਜਾ ਰਹੇ ਆਰਸੀਐਮਪੀ ਦੇ ਢਾਂਚੇ ਨਾਲੋਂ ਬਹੁਤ ਵੱਖਰਾ ਹੈ।

ਦੱਸਿਆ ਗਿਆ ਹੈ ਕਿ ਅੱਜ ਤੱਕ ਐਸਪੀਐਸ ਕੋਲ 300 ਦੇ ਕਰੀਬ ਅਫਸਰ ਅਤੇ 50 ਤੋਂ ਵੱਧ ਸਿਵਲ ਕਰਮਚਾਰੀ ਹਨ ਅਤੇ ਉਨ੍ਹਾਂ ਨੇ 150 ਤੋਂ ਵੱਧ ਪੁਲਿਸ ਅਫਸਰਾਂ ਨੂੰ ਸਰੀ ਵਿੱਚ ਫਰੰਟਲਾਈਨ ‘ਤੇ 24/7 ਕੰਮ ਕਰਨ ਲਈ ਤੈਨਾਤ ਕੀਤਾ ਹੋਇਆ ਹੈ ਅਤੇ 35 ਹੋਰ ਅਫਸਰ ਨਵੰਬਰ ਵਿੱਚ ਉਨ੍ਹਾਂ ਨਾਲ ਸ਼ਾਮਲ ਹੋ ਰਹੇ ਹਨ। ਇਹ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਦੂਜਾ ਸਭ ਤੋਂ ਵੱਡਾ ਮਿਉਂਸਪਲ ਪੁਲਿਸ ਵਿਭਾਗ ਹੈ।

ਇਹ ਵੀ ਕਿਹਾ ਗਿਆ ਹੈ ਕਿ ਨਵੇਂ ਚੁਣੇ ਗਏ ਮੇਅਰ ਨੇ ਪੁਲਿਸਿੰਗ ਤਬਦੀਲੀ ਦੇ ਮੁੱਦੇ ‘ਤੇ ਜੋ ਆਪਣੀ ਮਨਸ਼ਾ ਜ਼ਾਹਰ ਕੀਤੀ ਹੈ ਉਹ ਇਸ ਬੋਰਡ ਦੇ ਸੂਬਾਈ ਆਦੇਸ਼ ਨਾਲ ਮੇਲ ਨਹੀਂ ਖਾਂਦੀ। ਬੋਰਡ ਦੀਆਂ ਮਾਸਿਕ ਮੀਟਿੰਗਾਂ ਦੌਰਾਨ ਵਿੱਤੀ ਸਥਿਤੀ ਬਾਰੇ ਸਭ ਕੁਝ ਪਾਰਦਰਸ਼ੀ ਰਿਹਾ ਹੈ ਅਤੇ ਬੋਰਡ ਮੇਅਰ ਅਤੇ ਕੌਂਸਲ ਨੂੰ ਅੱਜ ਤੱਕ ਦੀ ਤਬਦੀਲੀ, ਸਮੁੱਚੀ ਪ੍ਰਗਤੀ ਦੀ ਸੰਖੇਪ ਜਾਣਕਾਰੀ ਅਤੇ ਇੱਕ ਸੁਤੰਤਰ ਪੁਲਿਸ ਸੇਵਾ ਦੇ ਲਾਭ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

ਇਸ ਤੋਂ ਇਲਾਵਾ, ਬੋਰਡ ਵੱਲੋਂ ਕੌਂਸਲ ਨੂੰ ਇਸ ਪ੍ਰੋਜੈਕਟ ਦੀਆਂ ਕੁਝ ਗੁੰਝਲਾਂ ਨੂੰ ਵੀ ਸਪੱਸ਼ਟ ਕਰਦਿਆਂ ਕਿਹਾ ਗਿਆ ਹੈ ਕਿ ਸਰੀ ਪੁਲਿਸ ਸਰਵਿਸ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਲਈ ਕੀਤੇ ਗਏ ਮਹੱਤਵਪੂਰਨ ਵਿੱਤੀ ਨਿਵੇਸ਼ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਆਰਸੀਐਮਪੀ ਤਕਨਾਲੋਜੀ ਦੇ ਅਨੁਕੂਲ ਨਹੀਂ ਹਨ।

ਸਰੀ ਪੁਲਿਸ ਯੂਨੀਅਨ ਨਾਲ ਇੱਕ ਸਮੂਹਿਕ ਸਮਝੌਤੇ ਤਹਿਤ ਸਰੀ ਪੁਲਿਸ ਸਰਵਿਸ ਦੇ ਮੈਂਬਰਾਂ ਨੇ ਹੋਰਨਾਂ ਮਿਉਂਸਪਲ ਏਜੰਸੀਆਂ ਅਤੇ ਆਰਸੀਐਮਪੀ ਦੀਆਂ ਨੌਕਰੀਆਂ ਛੱਡ ਦਿੱਤੀਆਂ ਕਿਉਂਕਿ ਉਹ ਸਰੀ ਵਿੱਚ ਮਿਉਂਸਪਲ ਪੁਲਿਸ ਸੇਵਾ ਲਈ ਕੰਮ ਕਰਨਾ ਚਾਹੁੰਦੇ ਹਨ। 50 ਤੋਂ ਵੱਧ ਪੁਲਿਸ ਅਫਸਰ ਅਤੇ ਹੋਰ ਸਟਾਫ ਆਪਣੇ ਪਰਿਵਾਰਾਂ ਸਮੇਤ ਦੂਜੇ ਸੂਬਿਆਂ ਤੋਂ ਸਰੀ ਵਿਚ ਆ ਗਏ।

ਬੋਰਡ ਵੱਲੋਂ ਕੌਂਸਿਲ ਦੇ ਅਧਿਕਾਰ ਖੇਤਰ ਵਾਲੀ ਪੁਲਿਸ ਬਣਨ ਲਈ ਸਾਰੀਆਂ ਸੂਬਾਈ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਪ੍ਰਗਤੀ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਗੱਲ ਵੀ ਕਹੀ ਗਈ ਹੈ ਅਤੇ ਉਮੀਦ ਕੀਤੀ ਗਈ ਹੈ ਕਿ ਨਵੇਂ ਚੁਣੇ ਗਏ ਮੇਅਰ ਅਤੇ ਕੌਂਸਲ ਨਾਲ ਬੋਰਡ ਦੇ ਵਿਚਾਰ ਵਟਾਂਦਰੇ ਅਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਅੰਤਿਮ ਫੈਸਲਾ ਲੈਣ ਦੇ ਸਮੇਂ ਦੌਰਾਨ ਸਰੀ ਪੁਲਿਸ ਸਰਵਿਸ ਨੂੰ ਅੱਗੇ ਵਧਾਉਣ ਦਾ ਕਾਰਜ ਜਾਰੀ ਰਹੇਗਾ ਅਤੇ ਇਸ ਮਾਮਲੇ ਦਾ ਸਮੇਂ ਸਿਰ ਹੱਲ ਹੋਵੇਗਾ। ਬੋਰਡ ਨੇ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਸਰੀ ਪੁਲਿਸ ਸਰਵਿਸ ਸਰੀ ਦੇ ਭਵਿੱਖ ਲਈ ਸਰਵੋਤਮ ਜਨਤਕ ਸੁਰੱਖਿਆ ਫੈਸਲਾ ਹੈ ਕਿਉਂਕਿ ਸਰੀ ਸ਼ਹਿਰ ਲਗਾਤਾਰ ਵਧ ਰਿਹਾ ਹੈ।

ਕੌਂਸਿਲ ਪਰਿਵਰਤਨ ਦੇ ਇਸ ਸਮੇਂ ਦੌਰਾਨ ਆਪਣੀ ਪੂਰੀ ਟੀਮ ਵੱਲੋਂ ਦਿਖਾਏ ਗਏ ਧੀਰਜ ਅਤੇ ਲਗਨ ਲਈ ਧੰਨਵਾਦ ਕਰਦਿਆਂ ਬੋਰਡ ਵੱਲੋਂ ਇਸ ਸਮੇਂ ਦੌਰਾਨ ਲਗਾਤਾਰ ਸਮਰਥਨ ਦੇਣ ਲਈ ਸੂਬਾਈ ਅਤੇ ਸੰਘੀ ਸਰਕਾਰਾਂ ਦਾ ਵੀ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਬੋਰਡ ਦੇ ਮੈਂਬਰ ਸਮਝਦੇ ਹਨ ਕਿ ਪੁਲਿਸ ਤਬਦੀਲੀ ਦਾ ਫੈਸਲਾ ਬਹੁਤ ਸੋਚ ਵਿਚਾਰ ਉਪਰੰਤ ਲਿਆ ਗਿਆ ਸੀ ਅਤੇ ਇਸ ਫੈਸਲੇ ਵਿਚ ਕਿਤੇ ਨਹੀਂ ਕਿਹਾ ਗਿਆ ਕਿ ਮਿਉਂਸਪਲ ਲੀਡਰਸ਼ਿਪ ਬਦਲਣ ਨਾਲ ਪੁਲਿਸ ਤਬਦੀਲੀ ਨੂੰ ਵਾਪਸ ਲੈਣ ਜਾਂ ਮੁੜ-ਮੁਲਾਂਕਣ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

(ਹਰਦਮ ਮਾਨ) +1 604 308 6663

maanbabushahi@gmail.com