ਪੰਜਾਬੀ ਮੂਲ ਦੀ ਸਾਬਕਾ ਮੰਤਰੀ ਜਿੰਨੀ ਸਿਮਜ਼ ਸਰੀ ਮੇਅਰ ਦੀ ਚੋਣ ਲਈ ਮੈਦਾਨ ਵਿਚ ਨਿੱਤਰੀ

ਸਰੀ ਫਾਰਵਰਡ ਸਲੇਟ ਦੇ ਬੈਨਰ ਹੇਠ ਚਾਰ ਸਾਥੀ ਉਮੀਦਵਾਰਾਂ ਦਾ ਕੀਤਾ ਐਲਾਨ

(ਸਰੀ) -ਪੰਜਾਬੀ ਮੂਲ ਦੀ ਸਾਬਕਾ ਮੰਤਰੀ ਅਤੇ ਸਰੀ-ਪੈਨੋਰਮਾ ਤੋਂ ਮੌਜੂਦਾ ਐਮ.ਐਲ.ਏ. ਜਿੰਨੀ ਸਿਮਜ਼ (ਜੋਗਿੰਦਰ ਕੌਰ) ਨੇ ਸਰੀ ਸਿਟੀ ਕੌਂਸਿਲ ਦੀਆਂ ਆ ਰਹੀਆਂ ਚੋਣਾਂ ਵਿਚ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਸਰੀ ਦੇ ਰਿਵਰਸਾਈਡ ਬੈਂਕੁਇਟ ਹਾਲ ਵਿਚ ਆਪਣੇ ਸਮੱਰਥਕਾਂ ਦੇ ਭਾਰੀ ਇਕੱਠ ਵਿਚ ਇਹ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਰੀ ਸਿਟੀ ਕੌਂਸਲ ਵਿਚ ਪਾਰਦਰਸ਼ਤਾ, ਨਿਰਪੱਖਤਾ ਤੇ ਅਫੋਰਡੇਬਿਲਟੀ ਦੇ ਉਦੇਸ਼ ਲੈ ਕੇ ਚੋਣ ਮੈਦਾਨ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਸਰੀ ਸਿਟੀ ਕੌਂਸਿਲ ਵਿਚ ਬੈਠੇ ਆਗੂ ਆਪਣੇ ਮਕਸਦ ਤੋਂ ਭਟਕ ਚੁੱਕੇ ਹਨ ਅਤੇ ਹੁਣ ਸਰੀ ਵਿਚ ਅਜਿਹੀ ਕੌਂਸਿਲ ਦੀ ਲੋੜ ਹੈ ਕਿ ਸਾਰੇ ਸ਼ਹਿਰੀਆਂ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਵਾ ਸਕੇ ਅਤੇ ਪੱਖਪਾਤੀ ਪ੍ਰਬੰਧ ਨੂੰ ਖਤਮ ਕਰ ਸਕੇ। ਇਸ ਮੌਕੇ ਮੌਜੂਦ ਉਨ੍ਹਾਂ ਦੇ ਸਮੱਰਥਕਾਂ ਨੇ ਤਾੜੀਆਂ ਦੀ ਗੜਗੜਾਹਟ ਵਿਚ ਉਨ੍ਹਾਂ ਦੇ ਇਸ ਐਲਾਨ ਦਾ ਭਰਵਾਂ ਸਵਾਗਤ ਕੀਤਾ।

ਉਨ੍ਹਾਂ ਚੰਗੇ ਤੇ ਸੁਰੱਖਿਅਤ ਭਵਿੱਖ ਲਈ ਲੜੀ ਜਾ ਰਹੀ ਇਸ ਲੜਾਈ ਲਈ ਸ਼ਹਿਰੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਸਰੀ ਫਾਰਵਰਡ ਸਲੇਟ ਦੇ ਬੈਨਰ ਹੇਠ ਆਪਣੇ ਚਾਰ ਸਾਥੀ ਉਮੀਦਵਾਰਾਂ ਜਿਮ ਬੇਨੇਟ, ਜੂਨ ਲਿਉ, ਰੈਮਨ ਬੈਂਡੋਗ ਤੇ ਥੇਰੇਸਾ ਪਿਡਕੌਕ ਨੂੰ ਮੰਚ ਉਪਰ ਬੁਲਾ ਕੇ ਉਹਨਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਕਿਹਾ ਕਿ ਦੋ ਹੋਰ ਉਮੀਦਵਾਰ ਅਗਲੇ ਕੁਝ ਦਿਨਾਂ ਵਿਚ ਐਲਾਨੇ ਜਾਣਗੇ। ਇਸ ਇਕੱਠ ਵਿਚ ਸਾਬਕਾ ਮੇਅਰ ਲਿੰਡਾ ਹੈਪਨਰ, ਐਮ.ਐਲ.ਏ. ਜਗਰੂਪ ਬਰਾੜ ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਵਰਨਣਯੋਗ ਹੈ ਕਿ ਜਿੰਨੀ ਸਿਮਜ਼ ਪੰਜਾਬ ਦੇ ਜ਼ਿਲਾ ਜਲੰਧਰ ਦੇ ਇਕ ਪਿੰਡ ਦੀ ਜੰਮਪਲ ਜਿੰਨੀ ਸਿਮਜ਼ ਨੇ ਯੂਨੀਵਰਿਸਟੀ ਡਿਗਰੀ ਉਪਰੰਤ ਬੀ.ਐਡ ਕਰਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਸਕੂਲ ਅਧਿਆਪਕਾ ਵਜੋਂ ਕੀਤੀ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਬੀ.ਸੀ. ਟੀਚਰਜ਼ ਯੂਨੀਅਨ ਦੇ ਲੰਬਾ ਸਮਾਂ ਪ੍ਰਧਾਨ ਰਹੇ। ਉਹ ਨਿਊ ਡੈਮੋਕਰੇਟਿਕ ਪਾਰਟੀ ਦੇ ਸਰੀ-ਪੈਨੇਰਮਾ ਤੋਂ ਮੌਜੂਦਾ ਐਮ.ਐਲ.ਏ. ਹਨ। ਉਹ ਬੀ.ਸੀ. ਸਿਟੀਜ਼ਨ ਸਰਵਿਸ ਵਿਭਾਗ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ।

(ਹਰਦਮ ਮਾਨ)
+1 604 308 6663
maanbabushahi@baghel-singh-dhaliwal

Install Punjabi Akhbar App

Install
×