ਪੰਜਾਬੀ ਦੇ ਨਾਮਵਾਰ ਸ਼ਾਇਰ ਸੁਰਜੀਤ ਪਾਤਰ ਬੀਤੀ ਸ਼ਾਮ ਅਸਟਰੇਲੀਆ ਦੌਰੇ ਦੇ ਪਹਿਲੇ ਪੜਾਅ ਦੌਰਾਨ ਮੈਲਬੌਰਨ ਵਿਖੇ ਮੀਡੀਆ ਦੇ ਰੂ-ਬ-ਰੂ ਹੋਏ। ‘ਊਰਜਾ ਫਾਊਂਡੇਸ਼ਨ’ ਵੱਲੋਂ ਥੌਮਸਟਾਊਨ ਦੇ ‘ਸਵਾਗਤ’ ਰੈਸਟੋਰੈਂਟ ਵਿੱਚ ਰੱਖੀ ਗਈ ਪਰਭਾਵਸ਼ਾਲੀ ਪਰੈੱਸ ਮਿਲਣੀ ਦੌਰਾਨ ਉਹਨਾਂ ਬੜੇ ਸੰਜੀਦਾ ਢੰਗ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਹਿਤ ਦੀ ਲੋੜ, ਦਰਪੇਸ਼ ਮੁਸ਼ਕਿਲਾਂ ਤੇ ਉਹਨਾਂ ਦੇ ਸਾਰਥਿਕ ਹੱਲ ਲਈ ਆਪਣੇ ਵਿਚਾਰ ਪੇਸ਼ ਕੀਤੇ। ਅਜੋਕੇ ਤਣਾਅ ਭਰਪੂਰ ਜੀਵਨ ‘ਚ ਚੰਗੀਆਂ ਕਿਤਾਬਾਂ ਨੂੰ ਮਨੁੱਖ ਦੀ ਅਹਿਮ ਲੋੜ ਦੱਸਦਿਆਂ, ਉਹਨਾਂ ਸਾਹਿਤ ਨਾਲ ਦੋਸਤੀ ਗੰਢਣ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਊਰਜਾ ਫਾਊਂਡੇਸ਼ਨ ਵੱਲੋਂ ਜੱਜਬੀਰ ਸਿੰਘ, ਨੈਨਾ ਭੰਡਾਰੀ, ਅਜੀਤ ਸਿੰਘ ਚੌਹਾਨ, ਅਮਰਦੀਪ ਕੌਰ ਤੇ ਹਰਮਨ ਚੋਪੜਾ ਨੇ ਉਲੀਕੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਮੈਲਬੌਰਨ ਵਾਸੀਆਂ ਨੂੰ ‘ਕਾਵਿ-ਰੰਗ’ ‘ਚ ਸ਼ਿਰਕਤ ਕਰਨ ਲਈ ਠੀਕ 11 ਵਜੇ ਆਉਂਦੇ ਸ਼ਨਿਚਰਵਾਰ ਨੂੰ ‘ਸਾਊਥ ਮੋਰਾਂਗ’ ਪਹੁੰਚਣ ਦਾ ਸੱਦਾ ਦਿਤਾ। ਇਸ ਮੌਕੇ ਤੇ ਪਰੈੱਸ ਕਲੱਬ ਮੈਲਬੌਰਨ ਦੇ ਮੈਂਬਰਾਂ ਨੇ ਆਪਣੀ ਹਾਜਰੀ ਲਵਾਈ । ਪਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਸੰਜੇ ਭੰਡਾਰੀ, ਨਵੀਨ ਚੋਪੜਾ, ਰੂਪ ਸਿੱਧੂ ਤੇ ਅਵਤਾਰ ਸਿੰਘ ਡੋਮੀਨੋਜ ਵਾਲੇ ਸ਼ਾਮਿਲ ਸਨ।