ਉੱਘੇ ਗ਼ਜ਼ਲਗੋ ਤੇ ਅਧਿਆਪਕ ਸ੍ਰੀ ਸੁਰਿੰਦਰਪ੍ਰੀਤ ਘਣੀਆ ਦਾ ਸਨਮਾਨ

ਬਠਿੰਡਾ -ਲੰਬਾ ਸਮਾਂ ਅਧਿਆਪਨ ਦੇ ਕਿੱਤੇ ਨਾਲ ਜੁੜ ਕੇ ਗਿਆਨ ਵੰਡਣ ਵਾਲੇ ਤੇ ਪੰਜਾਬੀ ਸਾਹਿੱਤ ਸਭਾ ਬਠਿੰਡਾ ਦੇ ਪ੍ਰਧਾਨ ਸ੍ਰੀ ਸੁਰਿੰਦਰਪ੍ਰੀਤ ਘਣੀਆ ਦੀ ਸੇਵਾਮੁਕਤੀ ਸਬੰਧੀ ਸਥਾਨ ਵੀਰ ਭਵਨ ਵਿਖੇ ਇੱਕ ਭਾਵਪੂਰਨ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਸ੍ਰੀ ਹਰਦੇਵ ਅਰਸ਼ੀ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਉੱਘੇ ਪੱਤਰਕਾਰ ਸੀ ਗੁਰਮੀਤ ਸਿੰਘ ਕੋਟਕਪੂਰਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਸਾਹਿੱਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ, ਪ੍ਰਸਿੱਧ ਆਲੋਚਕ ਸ੍ਰੀ ਗੁਰਦੇਵ ਖੋਖਰ, ਸਭਾ ਦੇ ਅਹੁਦੇਦਾਰ ਡਾ: ਅਜੀਤਪਾਲ ਸਿੰਘ, ਸੁਖਦਰਸ਼ਨ ਗਰਗ ਸਮੇਤ ਸੁਰਿੰਦਰਪ੍ਰੀਤ ਘਣੀਆ ਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਜਸਵਿੰਦਰ ਕੌਰ ਘਣੀਆ ਸੁਸ਼ੋਭਤ ਸਨ।
ਸਮਾਗਮ ਦੀ ਸ਼ੁਰੂਆਤ ਸ੍ਰੀ ਘਣੀਆ ਦੀ ਗ਼ਜ਼ਲ ਨੂੰ ਗਾਇਕ ਜੀਤ ਜੋਗੀ ਦੀ ਆਵਾਜ਼ ਵਿਚ ਪੇਸ਼ ਕਰਕੇ ਹੋਈ। ਇਸਉਪਰੰਤ ਡਾ ਅਜੀਤਪਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਪ੍ਰਸਿੱਧ ਕਲਾਕਾਰਾਂ ਸੁਖਦੀਪ ਰਾਣਾ ਅਤੇ ਪਰਮਿੰਦਰ ਪੈਮ ਨੇ ਵੀ ਸ੍ਰੀ ਘਣੀਆਂ ਨੂੰ ਸੁਰੀਲੀ ਆਵਾਜ਼ ਵਿਚ ਪੇਸ਼ ਕੀਤਾ। ਇਸ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਜਗਮੇਲ ਸਿੰਘ ਜਠੌਲ ਵੱਲੋਂ ਸੰਪਾਦਿਤ ਸੋਵੀਨਾਰ ਰਿਲੀਜ ਕੀਤਾ। ਇਸ ਮੌਕੇ ਗਾਇਕ ਖੁਸ਼ਦੀਪ ਰਾਣਾ ਵੱਲੋਂ ਸ੍ਰੀ ਘਣੀਆ ਦੇ ਲਿਖੇ ਰਿਕਾਰਡ ਹੋਏ ਗੀਤ ਵੀ ‘ਅੱਜ ਹੀ’ ਦਾ ਪੋਸਟਰ ਵੀ ਰਿਲੀਜ ਕੀਤਾ ਗਿਆ। ਸਭਾ ਵੱਲੋਂ ਸ੍ਰੀ ਘਣੀਆ ਨੂੰ ਲੋਈ, ਸਨਮਾਨ ਪੱਤਰ ਅਤੇ ਚਿੱਤਰਕਾਰ ਅਮਰਜੀਤ ਪੇਂਟਰ ਵੱਲੋਂ ਬਣਾਇਆ ਉਨ੍ਹਾਂ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀਮਤੀ ਜਸਵਿੰਦਰ ਕੌਰ ਘਣੀਆ ਨੂੰ ਫੁਲਕਾਰੀ ਤੇ ਸ਼ਾਲ ਭੇਂਟ ਕੀਤਾ ਗਿਆ।
ਸਮਾਗਮ ਦੇ ਪ੍ਰਧਾਨ ਕਾ: ਹਰਦੇਵ ਅਰਸੀ ਨੇ ਸੰਬੋਧਨ ਕਰਦਿਆਂ ਸ੍ਰੀ ਘਣੀਆ ਨੂੰ ਉਨ੍ਹਾਂ ਦੇ ਸ਼ਾਨਦਾਰ ਸੇਵਾ ਸਫ਼ਰ ਪੂਰਾ ਕਰਨ ਤੇ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਹੁਣ ਉਨ੍ਹਾਂ ਕੋਲ ਲੋਕ ਸੰਘਰਸਾਂ ਵਾਸਤੇ ਖੁਲ੍ਹਾ ਸਮਾਂ ਹੈ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਗੁਰਮੀਤ ਸਿੰਘ ਕੋਟਕਪੂਰਾ ਨੇ ਵੀ ਸ੍ਰੀ ਘਣੀਆ ਦੀ ਪਰਿਵਾਰਕ ਸਾਹਿਤਕ ਤੇ ਸਮਾਜਿਕ ਦੇਣ ਦੀ ਚਰਚਾ ਕਰਦਿਆਂ ਉਸਨੂੰ ਇੱਕ ਸੰਤੁਲਿਤ ਮਨੁੱਖ ਦੱਸਿਆ। ਸਮਾਜ ਸੇਵਕ ਪਰਮਿੰਦਰ ਜੌੜਾ ਨੇ ਕਿਹਾ ਕਿ ਸ੍ਰੀ ਘਣੀਆ ਇੱਕ ਨਿਧੜਕ ਇਨਸਾਨ ਤੇ ਸਮਰੱਥ ਸ਼ਾਇਰ ਹੈ ਅਤੇ ਉਨ੍ਹਾਂ ਦੀ ਸ਼ਾਇਰੀ ਵਿੱਚੋਂ ਲੋਕਾਈ ਦਾ ਦਰਦ ਡੁੱਲ ਡੁੱਲ ਪੈਂਦਾ ਹੈ। ਗੀਤਕਾਰ ਮਨਪ੍ਰੀਤ ਟਿਵਾਣਾ ਨੇ ਉਨ੍ਹਾਂ ਨੂੰ ਇਕ ਨਫੀਸ ਇਨਸਾਨ ਦਸਦਿਆਂ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਗੀਤਾਂ ਵਰਗੀ ਸਾਦਗੀ ਤੇ ਗੀਤਾਂ ਵਿਚ ਗਜ਼ਲਾਂ ਵਰਗੀ ਗੰਭੀਰਤਾ ਨੂੰ ਸੁਲਾਹਿਆ। ਡਾ: ਸਰਦੂਲ ਸਿੰਘ ਗਰੇਵਾਲ, ਸਟੇਟ ਐਵਾਰਡੀ ਲੈਕਚਰਾਰ ਰਘਵੀਰ ਚੰਦ ਸਰਮਾ, ਸੇਵਾਮੁਕਤ ਜਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸ੍ਰੀ ਹਰਦੀਪ ਸਿੰਘ ਨੇ ਘਣੀਆ ਨਾਲ ਬਤੌਰ ਕੁਲੀਗ ਯਾਦਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਦੀ ਸਮਾਜ ਪ੍ਰਤੀ ਕੀਤੀ ਸੇਵਾ ਤੇ ਤਸੱਲੀ ਪ੍ਰਗਟ ਕੀਤੀ।
ਪ੍ਰਸਿੱਧ ਆਲੋਚਕ ਸ੍ਰੀ ਗੁਰਦੇਵ ਖੋਖਰ ਤੇ ਜਮਹੂਰੀ ਅਧਿਕਾਰ ਸਭਾ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਪ੍ਰਿ: ਬੱਗਾ ਸਿੰਘ ਨੇ ਸ੍ਰੀ ਘਣੀਆ ਨੂੰ ਸਮਰੱਥ ਸ਼ਾਇਰ ਦਸਦਿਆਂ ਉਨ੍ਹਾਂ ਦੀ ਸ਼ਾਇਰੀ ਨੂੰ ਨਾਬਰੀ ਸੁਰ ਵਾਲੀ ਸ਼ਾਇਰੀ ਕਿਹਾ। ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਤੇ ਅਧਿਆਪਕ ਆਗੂ ਸ੍ਰੀ ਲਛਮਣ ਮਲੂਕਾ, ਗੁਰਮੀਤ ਸਿੰਘ ਭਲਾਈਆਣਾ, ਜੰਗੀਰ ਢਿਪਾਲੀ, ਡਾ: ਦਰਸਨ ਬਰਾੜ, ਪ੍ਰਿ: ਕ੍ਰਿਸ਼ਨ ਕੁਮਾਰ ਗੁਪਤਾ, ਫੁਲੇਲ ਸਿੰਘ ਸਰਪੰਚ ਪਿੰਡ ਭੋਖੜਾ, ਜਗਮੀਤ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਚੇਅਰਮੈਨ, ਸਮਾਜ ਸੇਵਕ ਤੇ ਪੱਤਰਕਾਰ ਸੁਖਵਿੰਦਰ ਸੁੱਖਾ, ਭੁਪਿੰਦਰ ਸੰਧੂ, ਭੁਅਮਰਜੀਤ ਕੌਰ ਹਰੜ, ਦਵੀ ਸਿੱਧੂ, ਆਦਿ ਸਖ਼ਸੀਅਤਾਂ ਹਾਜਰ ਸਨ। ਅਖੀਰ ਵਿਚ ਸ੍ਰੀ ਅਮਰਜੀਤ ਪੇਂਟਰ ਨੇ ਸਮੂੰਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਸਭਾ ਚੱਲ ਰਹੇ ਕਿਸਾਨ ਸੰਘਰਸ ਵਿਚ ਪਹਿਲਾਂ ਵਾਂਗ ਯੋਗਦਾਨ ਪਾਉਂਦੀ ਰਹੇਗੀ। ਮੰਚ ਸੰਚਾਲਨ ਨਾਵਲਕਾਰ ਪ੍ਰਿ: ਜਗਮੇਲ ਸਿੰਘ ਜਠੌਲ ਨੇ ਬਾਖੂਬੀ ਕੀਤਾ।

Install Punjabi Akhbar App

Install
×