ਮਰਹੂਮ ਸੁਰਿੰਦਰ ਕੌਰ ਸਹੋਤਾ ਅਤੇ ਜਗਜੀਤ ਸਿੰਘ ਲੋਹਟਬੱਦੀ ਦੀਆਂ ਪੁਸਤਕਾਂ ਦਾ ਰਿਲੀਜ਼ ਸਮਾਗਮ

(ਸਰੀ)- ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਮਰਹੂਮ ਸੁਰਿੰਦਰ ਕੌਰ ਸਹੋਤਾ ਦੀ ਪੁਸਤਕ ‘ਮੇਰਾ ਸਿਰਨਾਵਾਂ’ ਅਤੇ ਜਗਜੀਤ ਸਿੰਘ ਲੋਹਟਬੱਦੀ ਦੀ ਪੁਸਤਕ ‘ਰੁਤਿ ਫਿਰੀ ਵਣੁ ਕੰਬਿਆ’ ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਬਿੱਕਰ ਸਿੰਘ ਖੋਸਾ ਅਤੇ ਜਗਜੀਤ ਸਿੰਘ ਲੋਹਟਬੱਦੀ ਨੇ ਕੀਤੀ।

ਸਮਾਗਮ ਦਾ ਆਗਾਜ਼ ਸੁਰਜੀਤ ਮਾਧੋਪੁਰੀ ਵੱਲੋਂ ਅਮਰੀਕ ਪਲਾਹੀ ਦੀ ਗ਼ਜ਼ਲ ਦੇ ਗਾਇਣ ਨਾਲ ਹੋਇਆ। ਪ੍ਰਿਤਪਾਲ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ। ਬਿੱਕਰ ਸਿੰਘ ਖੋਸਾ ਨੇ ਸੁਰਿੰਦਰ ਕੌਰ ਸਹੋਤਾ ਦੀ ਮੌਤ ਉਪਰੰਤ ਉਸ ਦੀਆਂ ਰਚਨਾਵਾਂ ਨੂੰ ਸੰਪਾਦਿਤ ਕਰਨ ਦੇ ਕਾਰਜ ਬਾਰੇ ਦੱਸਿਆ। ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ‘ਮੇਰਾ ਸਿਰਨਾਵਾਂ’ ਪੁਸਤਕ ਦੀ ਜਾਣ ਪਛਾਣ ਕਰਵਾਈ ਅਤੇ ਸੁਰਿੰਦਰ ਕੌਰ ਸਹੋਤਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਅਵਤਾਰ ਕੌਰ ਗਿੱਲ ਨੇ ਬਹੁਤ ਹੀ ਭਾਵੁਕ ਹੋ ਕੇ ਸੁਰਿੰਦਰ ਕੌਰ ਸਹੋਤਾ ਦੇ ਅੰਤਲੇ ਦਿਨਾਂ ਨੂੰ ਯਾਦ ਕੀਤਾ ਅਤੇ ਉਸ ਦੀ ਜਿੰਦਾਦਿਲੀ ਬਾਰੇ ਦੱਸਿਆ।

ਜਗਜੀਤ ਸਿੰਘ ਲੋਹਟਬੱਦੀ ਦੀ ਵਾਰਤਕ ਪੁਸਤਕ ‘ਰੁਤਿ ਫਿਰੀ ਵਣੁ ਕੰਬਿਆ’ ਬਾਰੇ ਜਾਣ ਪਛਾਣ ਕਰਵਾਉਂਦਿਆਂ ਪ੍ਰੋ. ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਇਹ ਪੁਸਤਕ ਸਾਡੇ ਰੋਜ਼ਾਨਾ ਜੀਵਨ ਦੇ ਵੱਖ ਵੱਖ ਸਰੋਕਾਰਾਂ ‘ਤੇ ਆਧਾਰਤ ਬਹੁਤ ਹੀ ਭਾਵਪੂਰਤ ਲੇਖਾਂ ਦਾ ਸੰਗ੍ਰਹਿ ਹੈ ਜਿਸ ਵਿਚ ਸੱਭਿਆਚਾਰ, ਸਮਾਜਿਕ ਜੀਵਨ, ਅਰਥਿਕਤਾ ਦੀ ਚੱਕੀ ਵਿਚ ਪਿਸ ਰਹੀ ਜ਼ਿੰਦਗੀ, ਪਰਿਵਾਰਕ ਰਿਸ਼ਤਿਆਂ, ਵਾਤਾਵਰਣ ਦਾ ਬਾਖੂਬੀ ਚਿਤਰਣ ਕੀਤਾ ਗਿਆ ਹੈ। ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਜਗਜੀਤ ਸਿੰਘ ਲੋਹਟਬੱਦੀ ਬਾਰੇ ਦਸਦਿਆਂ ਕਿਹਾ ਕਿ ਚਾਲੀ ਸਾਲ ਬੈਂਕ ਦੀ ਸਰਵਿਸ ਦੌਰਾਨ ਉਹ ਅੰਕੜਿਆਂ ਵਿਚ ਹੀ ਉਲਝਿਆ ਰਿਹਾ ਅਤੇ ਸੇਵਾ ਮੁਕਤੀ ਤੋਂ ਬਾਅਦ ਉਸ ਦੀ ਸਾਹਿਤਕ ਚੇਤਨਾ ਨੇ ਅੰਗੜਾਈ ਲਈ ਹੈ। ਇਸ ਪੁਸਤਕ ਵਿਚਲੇ ਲੇਖ ਸਿਰਫ ਸਾਕਾਰਤਮਿਕ ਦ੍ਰਿਸ਼ਟੀ ਹੀ ਪ੍ਰਦਾਨ ਨਹੀਂ ਕਰਦੇ ਸਗੋਂ ਇਨ੍ਹਾਂ ਵਿਚ ਪੰਜਾਬ ਦਾ ਇਤਿਹਾਸ, ਸੱਭਿਆਚਾਰ, ਵਿਰਸਾ ਅਤੇ ਬੜਾ ਖੋਜ ਕਾਰਜ ਹੈ ਜੋ ਇਸ ਪੁਸਤਕ ਨੂੰ ਪੜ੍ਹਨਯੋਗ ਅਤੇ ਸਾਂਭਣਯੋਗ ਬਣਾਉਂਦਾ ਹੈ। ਉਨ੍ਹਾਂ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਵਿਚ ਨਿੱਗਰ ਵਾਧਾ ਦੱਸਿਆ। ਜਗਜੀਤ ਸਿੰਘ ਲੋਹਟਬੱਦੀ ਨੇ ਆਪਣੇ ਲਿਖਣ ਕਾਰਜ ਵਿਚ ਡਾ. ਪ੍ਰਿਥੀਪਾਲ ਸੋਹੀ ਦੀ ਪ੍ਰੇਰਨਾ ਅਤੇ ਹੌਂਸਲਾ ਅਫ਼ਜ਼ਾਈ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚਲੇ 24 ਲੇਖ ਪੰਜਾਬ ਦੇ ਦੁੱਖਾਂ ਦਰਦਾਂ, ਸੱਭਿਆਚਾਰ, ਪੰਜਾਬ ਦੇ ਉੱਜੜਣ-ਵਸਣ ਦੀ ਗੱਲ ਕਰਦੇ ਹਨ ਅਤੇ ਪੰਜਾਬ ਨੂੰ ਨਸ਼ਿਆਂ, ਕੁੜੀ-ਮਾਰ ਜਿਹੇ ਕਲੰਕ ਤੋਂ ਮੁਕਤ ਕਰਨ ਦੀ ਰੀਝ ਇਨ੍ਹਾਂ ਵਿਚ ਹੈ। ਉਨ੍ਹਾਂ ਇਹ ਸਮਾਗਮ ਰਚਾਉਣ ਅਤੇ ਸੂਝਵਾਨ ਦੋਸਤਾਂ ਦੇ ਰੂਬਰੂ ਕਰਵਾਉਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਭਾ ਦੇ ਡਾਇਰੈਕਟਰਾਂ ਅਤੇ ਮਹਿਮਾਨਾਂ ਨੇ ਦੋਹਾਂ ਪੁਸਤਕਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਸਭਾ ਵੱਲੋਂ ਜਗਜੀਤ ਸਿੰਘ ਲੋਹਟਬੱਦੀ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਸ਼ਾਇਰ ਰਾਜਵੰਤ ਰਾਜ, ਖੁਸ਼ਹਾਲ ਗਲੋਟੀ, ਹਰਚੰਦ ਗਿੱਲ, ਚਰਨ ਸਿੰਘ, ਮਾਸਟਰ ਅਮਰੀਕ ਸਿੰਘ ਲੇਹਲ, ਕਵਿੰਦਰ ਚਾਂਦ, ਹਰਚੰਦ ਸਿੰਘ ਬਾਗੜੀ, ਕ੍ਰਿਸ਼ਨ ਬੈਕਟਰ, ਰੁਪਿੰਦਰ ਰੂਪੀ, ਹਰਸ਼ਰਨ ਕੌਰ, ਮਨਜੀਤ ਸਿੰਘ ਮੱਲ੍ਹਾ, ਮੀਨੂੰ ਬਾਵਾ ਅਤੇ ਹੋਰ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।

(ਹਰਦਮ ਮਾਨ) +1 604 308 6663

maanbabushahi@gmail.com