ਇਜ਼ਹਾਰ ਐਲਬਮ ਨਾਲ ਉੱਭਰ ਰਿਹਾ ਗਾਇਕ – “ਸੂਰਜ ਰਾਣਾ”

IMG-20190620-WA0068

ਕੋਈ 22 ਕੁ ਵਰ੍ਹੇ ਪਹਿਲਾਂ ਇਪਟਾ ਦੇ ਮਹਾਨ ਰੰਗ ਕਰਮੀ ਸ਼੍ਰੀ ਜੋਗਿੰਦਰ ਬਾਹਰਲਾ ਦੇ ਰੈਣ ਬਸੇਰੇ ਅੱਡਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਹਰਲਾ ਜੀ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ। ਉਨ੍ਹਾਂ ਦੀ ਰਿਹਾਇਸ਼ ਦੇ ਐਨ ਸਾਹਮਣੇ ਇੱਕ ਗਰੀਬ ਬਸਤੀ ਵਿੱਚੋਂ ਉਨ੍ਹਾਂ ਦੇ ਹੀ ਇੱਕ ਸ਼ਰਧਾਲੂ ਵਿਦਿਆਰਥੀ ਬਬਲੀ ਰਾਣਾ ਨਾਲ ਇੱਥੇ ਹੀ ਮੁਲਾਕਾਤ ਹੋਈ । ਇਹ ਮੁਲਾਕਾਤ ਕਰਵਾਉਦਿਆਂ ਬਾਹਰਲਾ ਜੀ ਨੇ ਕਿਹਾ ਕਿ, “ਆਹ ਜਿੱਥੇ ਮੇਰੀ ਕੁੱਲੀ ਹੈ ਇੱਥੇ ਕਦੇ ਮੇਰਾ ਮਿੱਤਰ ਸ਼ਿਵ ਕੁਮਾਰ ਬਟਾਲਵੀ ਆਇਆ ਸੀ ਤੇ ਐਨ ਚੋਅ ਦੇ ਕੰਡੇ ਬੈਠ ਕੇ ਉਸਨੇ ਗੀਤ ਗਾਇਆ ਸੀ ਕਿ “ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਉੱਥੇ ਮੇਰਾ ਯਾਰ ਵੱਸਦਾ “। ਯਾਰ ਤਾਂ ਭਰ ਜਵਾਨੀ ਵਿੱਚ ਚੱਲ ਵਸਿਆ ਪਰ ਆਹ ਮੁੰਡਾ ਬਬਲੀ ਰਾਣਾ, ਹੈ ਤਾਂ ਭਾਵੇਂ ਉਸ ਪਰਿਵਾਰ ਵਿੱਚੋਂ ਹੈ ਜਿੱਥੇ ਦੋ ਡੰਗ ਦੀ ਰੋਟੀ ਦਾ ਫਿਕਰ ਹੈ ਪਰ ਇਸ ਵਿੱਚੋਂ ਮੈਨੂੰ ਆਪਣਾ ਵਜ਼ੂਦ ਨਜਰ ਆਉਂਦੈ।

20190706_183552

ਇਸੇ ਹੱਲਾ ਸ਼ੇਰੀ ਨਾਲ ਬਬਲੀ ਰਾਣਾ ਨਾਲ ਮਿਲ ਕੇ ਅਸੀਂ ਜਾਗ੍ਰਿਤੀ ਕਲਾ ਮੰਚ ਚੱਬੇਵਾਲ ਦਾ ਗਠਨ ਕਰਕੇ ਲੋਕ ਪੱਖੀ ਰੰਗ ਮੰਚ ਨੂੰ ਦੁਆਬੇ ਦੇ ਪਿੰਡਾਂ ਤੱਕ ਲੈ ਕੇ ਗਏ। ਘੋਰ ਗਰੀਬੀ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਤੇ ਚੱਲਦਿਆਂ ਅਸੀਂ ਇਹ ਗਰੁੱਪ ਬਹੁਤਾ ਚਿਰ ਨਹੀਂ ਚਲਾ ਸਕੇ ਪ੍ਰੰਤੂ ਗਰੁੱਪ ਨਿਰਦੇਸ਼ਕ ਬਬਲੀ ਰਾਣਾ ਦੇ ਹੋਣਹਾਰ ਪੁੱਤਰ ਸੂਰਜ ਰਾਣਾ ਨੇ ਹੁਣ ਸੰਗੀਤ ਦੇ ਖੇਤਰ ਵਿੱਚ ਟੀ-ਸੀਰੀਜ਼ ਕੰਪਨੀ ਰਾਹੀਂ ਆਪਣੇ ਗੀਤ “ਇਜ਼ਹਾਰ” ਦੀ ਪਹਿਲੀ ਐਲਬਮ ਨਾਲ ਦਸਤਕ ਦੇ ਕੇ ਬਬਲੀ ਰਾਣਾ ਅੰਦਰਲੀ ਕੁਛ ਕਰ ਗੁਜ਼ਰਨ ਦੀ ਇੱਛਾ ਨੂੰ ਜਰੂਰ ਹੁਲਾਰਾ ਦਿੱਤਾ ਹੈ। ਇਸੇ ਗੀਤ ਨੂੰ ਬੋਲ ਵੀ ਬਬਲੀ ਰਾਣਾ ਦੇ ਵੱਡੇ ਪੁੱਤਰ ਰਾਣਾ ਚੱਬੇਵਾਲੀਆ ਵੱਲੋਂ ਦਿੱਤੇ ਗਏ। ਰਾਣਾ ਭਰਾਵਾਂ ਦੀ ਇਸ ਜੋੜੀ ਦੀ ਮਾਂ ਸ਼੍ਰੀਮਤੀ ਮੰਜੂ ਵੀ ਇਨ੍ਹਾਂ ਦੀ ਮਾਂ ਹੋਣ ਤੇ ਫਕਰ ਮਹਿਸੂਸ ਕਰਦੀ ਹੈ।

ਸੂਰਜ ਰਾਣਾ ਮੁਤਾਬਿਕ ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ ਪਰ ਹੁਣ ਉਹ ਇਸੇ ਸ਼ੋੌਕ ਨੂੰ ਆਪਣਾ ਕਰਮ ਸਮਝਦਿਆਂ ਪੰਜਾਬੀ ਜਗਤ ਦੀ ਹਰਮਨ ਪਿਆਰੀ ਆਵਾਜ਼ ਨੁਸਰਤ ਫਤਿਹ ਅਲੀ ਖਾਨ ਨੂੰ ਆਪਣਾ ਆਦਰਸ਼ ਮੰਨਦਿਆਂ ਵੱਡੇ ਤੜਕੇ ਤੋਂ ਉੱਠ ਕੇ ਸੰਗੀਤ ਸਾਧਨਾ ਕਰ ਰਿਹਾ ਹੈ। ਆਪਣੇ ਗੀਤ “ਇਜ਼ਹਾਰ ” ਦੀ ਐਲਬਮ ਨੂੰ ਰਿਲੀਜ਼ ਕਰਵਾਉਣ ਵਿੱਚ ਆਈਆ ਮੁਸ਼ਕਲਾਂ ਸੰਬੰਧੀ ਉਹ ਦੱਸਦਾ ਹੈ ਕਿ ਨਵੇਂ ਉੱਭਰ ਰਹੇ ਕਲਾਕਾਰਾਂ ਲਈ ਵੀਡੀਓ ਡਾਇਰੈਕਟਰ ਅਤੇ ਇਸ ਖੇਤਰ ਨਾਲ ਜੁੜੇ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਉਨ੍ਹਾਂ ਦੀ ਆਰਥਿਕ ਪੱਖੋ ਲੁੱਟ ਕਰਕੇ ਉਨ੍ਹਾਂ ਦੀ ਚਮੜੀ ਉਦੇੜ੍ਹਨ ਤੱਕ ਜਾਂਦੇ ਹਨ। ਇਸ ਸਭ ਕੁਝ ਹੰਡਾਉਣ ਦੇ ਬਾਵਯੂਦ ਵੀ ਸੂਰਜ ਰਾਣਾ ਦਾ ਗੀਤ ਇੰਟਰਨੈੱਟ ਰਾਹੀਂ ਲੋਕ ਮਨਾਂ ਅੰਦਰ ਪਿਆਰ ਦੀ ਦਸਤਕ ਦੇ ਰਿਹਾ ਹੈ। ਇਸ ਸਫਰ ਨੂੰ ਨਿਰੰਤਰ ਜਾਰੀ ਰੱਖਣ ਅਤੇ ਇਸ ਵਿੱਚ ਹੋਰ ਨਿਖਾਰ ਲਿਆਉਣ ਖਾਤਰ ਉਹ ਲਗਾਤਾਰ ਸ਼ਿਵ ਕੁਮਾਰ ਬਟਾਲਵੀ , ਅੰਮ੍ਰਿਤਾ ਪ੍ਰੀਤਮ, ਹੀਰ ਵਾਰਿਸ ਸ਼ਾਹ ਦਾ ਅਧਿਐਨ ਕਰ ਰਿਹਾ ਹੈ। ਜਿਨ੍ਹਾਂ ਵਿੱਚੋਂ ਦੀ ਗੁਜ਼ਰਦਿਆਂ ਉਹ ਆਪਣੀ ਲਗਨ ਮਿਹਨਤ ਅਤੇ ਸਾਧਨਾ ਨਾਲ ਸੰਗੀਤ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਉਣ ਲਈ ਯਤਨਸ਼ੀਲ ਹੈ। ਸੰਗੀਤ ਦੇ ਖੇਤਰ ਵਿੱਚ ਕੁਝ ਵੱਖਰਾ ਕਰਨ ਦੀ ਇੱਛਾ ਰੱਖਦਾ ਹੋਇਆ ਸੂਰਜ ਰਾਣਾ ਆਖਦਾ ਹੈ ਕਿ ਮੈਂ ਭਵਿੱਖ ਵਿੱਚ ਵੀ ਸ਼੍ਰੀ ਨਰੇਸ਼ ਗਰਗ, ਸਤਿਕਾਰਤ ਮਾਤਾ ਪਿਤਾ ਅਤੇ ਦੋਸਤਾਂ ਦੇ ਸਹਿਯੋਗ ਸਦਕਾ ਸੱਭਿਆਚਾਰਕ ਗੀਤਾਂ ਰਾਹੀਂ ਆਪਣੇ ਵੱਡਮੁੱਲੇ ਫਰਜ਼ ਅਦਾ ਕਰਦਿਆ ਆਪਣੀ ਮਾਂ ਬੋਲੀ ਨੂੰ ਨਤਮਸਤਕ ਹੁੰਦਾ ਰਹਾਂਗਾ।

(ਅਵਤਾਰ ਲੰਗੇਰੀ)
avtarlangeri44@gmail.com

Install Punjabi Akhbar App

Install
×