ਸੁਪਰੀਮ ਸਿੱਖ ਸੁਸਾਇਟੀ ਅਤੇ ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਦੇ ਬਿਆਨ ਦਾ ਤਿੱਖਾ ਵਿਰੋਧ

ਬੀਤੇ ਕੱਲ੍ਹ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਜਿੱਤੇ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਬਿਆਨ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ ਅਤੇ ਜ਼ੇਲ੍ਹਾਂ ਵਿਚ ਬੰਦ ਅਤਵਾਦੀਆਂ ਨੂੰ ਭਾਰਤ ਸਰਕਾਰ ਕਾਨੂੰਨ ਮੁਤਾਬਿਕ ਰੱਖੇ ਅਤੇ ਪੰਜਾਬ ਦੇ ਦੁਬਾਰਾ ਹਲਾਤ ਖਰਾਬ ਨਾ ਹੋਣ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਸੰਤਾਪ ਭੋਗ ਚੁੱਕਾ ਹੈ। ਕੁੱਲ ਮਿਲਾ ਕੇ ਰਵਨੀਤ ਬਿੱਟੂ ਦਾ ਬਿਆਨ ਅਸਿੱਧੇ ਤੌਰ ‘ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਦੇ ਉਲਟ ਜਾ ਰਿਹਾ ਸੀ, ਜਿਸ ਦਾ ਪੂਰੇ ਪੰਜਾਬ ਦੇ ਵਿਚ ਵਿਰੋਧ ਰੋ ਰਿਹਾ ਹੈ।

ਨਿਊਜ਼ੀਲੈਂਡ ਤੋਂ ਸੁਪਰੀਮ ਸਿੱਖ ਸੁਸਾਇਟੀ ਅਤੇ ਸੁਪਰੀਮ ਸਿੱਖ ਕੌਂਸਿਲ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਸਿੱਖਾਂ ਦੇ ਨਾਲ ਧ੍ਰੋਹ ਕਮਾਇਆ ਹੈ ਅਤੇ ਕਮਾ ਰਹੀ ਹੈ। ਸ. ਰਵਨੀਤ ਸਿੰਘ ਬਿੱਟੂ ਦੇ ਬਿਆਨ ਦੀ ਕਰੜੇ ਸ਼ਬਦਾਂ ਦੇ ਵਿਚ ਉਨ੍ਹਾਂ ਵਿਰੋਧਤਾ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿਚ ਅੱਤਵਾਦ ਕਾਂਗਰਸ ਦੀ ਆਪਣੀ ਦੇਣ ਸੀ, ਉਸਦੇ ਦਾਦਾ ਨੇ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਮਾਰ ਦਿੱਤਾ ਸੀ, ਕੀ ਉਨ੍ਹਾਂ ਨੇ ਕੋਈ ਸੰਤਾਪ ਨਹੀਂ ਹੰਢਾਇਆ। ਹੁਣ ਜੇਕਰ ਕੋਈ ਕੌਮੀ ਹੱਕਾਂ ਦੀ ਖਾਤਿਰ ਲੜਦਿਆਂ ਸਜ਼ਾ ਪ੍ਰਾਪਤ ਕਰ ਚੁੱਕਾ ਹੈ, ਤਾਂ ਉਸਦੀ ਸਜ਼ਾ ਦੇ ਬਾਅਦ ਉਸਨੂੰ ਜ਼ੇਲ੍ਹ ਤੋਂ ਰਿਹਾਅ ਹੋਣਾ ਉਸਦਾ ਹੱਕ ਬਣਦਾ ਹੈ। ਮਨੁੱਖਤਾ ਨੂੰ ਪਿਆਰ ਕਰਨ ਵਾਲਾ ਕੋਈ ਵੀ ਇਹ ਨਹੀਂ ਚਾਹੇਗਾ ਕਿ ਜੇਕਰ ਕੋਈ ਆਪਣੀ ਸਜ਼ਾ ਪੂਰੀ ਕਰ ਲੈਂਦਾ ਹੈ ਉਹ ਆਮ ਜ਼ਿੰਦਗੀ ਜੀਅ ਸਕਦਾ ਹੈ। ਸੁਸਾਇਟੀ ਵੱਲੋਂ ਕਿਹਾ ਗਿਆ ਕਿ ਜੇਕਰ ਰਵਨੀਤ ਸਿੰਘ ਬਿੱਟੂ ਨੇ ਆਪਣਾ ਜਾਰੀ ਬਿਆਨ ਵਾਪਿਸ ਨਹੀਂ ਲਿਆ ਤਾਂ ਉਸਦਾ ਹਰ ਥਾਂ ਵਿਰੋਧ ਕੀਤਾ ਜਾਵੇਗਾ।