ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦਾ 33ਵਾਂ ਸਲਾਨਾ ਇਜਲਾਸ 9 ਅਗਸਤ ਨੂੰ-ਨਵੇਂ ਪ੍ਰਧਾਨ ਦੀ ਵੀ ਹੋਵੇਗੀ ਚੋਣ

NZ PIC 20 July-1
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਅਤੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦਾ ਪ੍ਰਬੰਧ ਚਲਾਉਣ ਵਾਲੀ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦਾ (1982 ਵਿਚ ਬਣੀ) 33ਵਾਂ ਸਲਾਨਾ ਇਜਲਾਸ 9 ਅਗਸਤ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਗੁਰਦੁਆਰਾ ਸਾਹਿਬ ਟਾਕਾਨੀਨੀ ਦੇ ਮੁੱਖ ਹਾਲ ਦੇ ਬੀ-ਭਾਗ ਵਿਚ ਰੱਖਿਆ ਗਿਆ ਹੈ। ਸੁਸਾਇਟੀ ਦੇ ਵਿਚ ਇਸ ਵੇਲੇ 500 ਤੋਂ ਜਿਆਦਾ ਵਿੱਤੀ ਮੈਂਬਰ ਹਨ ਅਤੇ ਇਹ ਸੰਸਥਾ ਹਰ ਸਾਲ ਆਪਣੇ ਸਲਾਨਾ ਇਜਲਾਸ ਤੋਂ ਪਹਿਲਾਂ ਸੁਸਾਇਟੀ ਦੀਆਂ ਪ੍ਰਾਪਤੀਆਂ ਦਰਸਾਉਂਦਾ ਇਕ ਸ਼ਾਨਦਾਰ ਰੰਗਦਾਰ ਮੈਗਜ਼ੀਨ ਸਾਰੇ ਮੈਂਬਰ ਸਾਹਿਬਾਨਾਂ ਨੂੰ ਪੋਸਟ ਕਰਦੀ ਹੈ। ਇਸ ਮੈਗਜ਼ੀਨ ਦੇ ਵਿਚ ਅਕਾਊਂਟੈਟ, ਚਾਰਟਡ ਅਕਾਊਂਟੈਂਟ, ਔਡੀਟਰ ਸਮੇਤ ਹੋਰ ਵੀ ਕਈ ਰਿਪੋਰਟਾਂ ਦੀ ਫੋਟੋਕਾਪੀ ਛਾਪੀ ਜਾਂਦੀ ਹੈ ਤਾਂ ਕਿ ਸਾਰੇ ਮੈਂਬਰ ਆਪਣਾ-ਆਪਣਾ ਸੁਝਾਓ ਸਲਾਨਾ ਇਜਲਾਸ ਦੇ ਵਿਚ ਪੇਸ਼ ਕਰ ਸਕਣ। 124 ਸਫਿਆਂ ਦੇ ਇਸ ਰੰਗਦਾਰ ਮੈਗਜ਼ੀਨ ਦੇ ਵਿਚ ਸਾਰੇ ਸਾਲ ਦੀਆਂ ਗਤੀਵਿਧਆਂ, ਖੇਡਾਂ, ਰਾਗੀ ਸਿੰਘਾਂ ਦੀਆਂ ਤਸਵੀਰਾਂ, ਲੰਗਰ ਤਿਆਰ ਕਰਦੀਆਂ ਬੀਬੀਆਂ, ਪ੍ਰਧਾਨ ਮੰਤਰੀ ਅਤੇ ਕੈਬਿਨਿਟ ਮੰਤਰੀ ਦੀ ਫੇਰੀ ਦੀਆਂ ਤਸਵੀਰਾਂ, ਸਿੱਖ ਚਿਲਡਰਨ ਡੇਅ ਦੀਆਂ ਤਸਵੀਰਾਂ  ਅਤੇ ਹੋਰ ਬਹੁਤ ਜਾਣਕਾਰੀ ਛਾਪੀ ਗਈ ਹੈ।
ਸੁਸਾਇਟੀ ਵੱਲੋਂ ਪੇਸ਼ ਕੀਤਾ ਜਾ ਰਿਹਾ ਇਸ ਵਾਰ ਦਾ ਬਜਟ ਪਿਛਲੇ ਸਾਲ ਨਾਲੋਂ 1 ਮਿਲੀਅਨ ਤੋਂ ਜਿਆਦਾ ਹੈ। ਮੈਗਜ਼ੀਨ ਦੇ ਵਿਚ ਨਵੀਂ ਖਰੀਦੀ ਗਈ ਜ਼ਮੀਨ ਅਤੇ ਉਤਾਰੇ ਗਏ ਕਰਜ਼ ਬਾਰੇ ਵੀ ਵਿਸਤ੍ਰਿਤ ਰਿਪੋਟ ਪੇਸ਼ ਕੀਤੀ ਜਾ ਰਹੀ ਹੈ। ਸੁਸਾਇਟੀ ਦੇ ਅਨੁਸਾਰ ਇਸ ਵੇਲੇ ਪਾਰਟ ਟਾਈਮ, ਫੁੱਲ ਟਾਈਮ ਅਤੇ ਰਾਗੀ ਜੱਥਿਆਂ ਨੂੰ ਮਿਲਾ ਕੇ 34 ਦੇ ਕਰੀਬ ਸਟਾਫ ਹੈ ਜਿਸ ਨੂੰ ਤਨਖਾਹ ਮੁਹੱਈਆ ਕਰਵਾਈ ਜਾ ਰਹੀ ਹੈ। ਸੁਸਾਇਟੀ ਦੇ ਕੋਲ ਇਸ ਵੇਲੇ 12 ਮਿਲੀਅਨ ਦੇ ਮੁੱਲ ਬਰਾਬਰ ਜਾਇਦਾਦ ਹੈ। ਇਸ ਸਾਲ ਸੁਸਾਇਟੀ ਨੂੰ ਕੁੱਲ ਆਮਦਨ 25 ਲੱਖ 77 ਹਜ਼ਾਰ 723 ਡਾਲਰ ਹੋਈ ਹੈ ਜਿਸ ਦੇ ਵਿਚ 17 ਲੱਖ, 49 ਹਜ਼ਾਰ 656 ਡਾਲਰ ਗ੍ਰਾਂਟਾਂ ਅਤੇ ਸਪਾਂਸਰਸ਼ਿਪਾਂ ਦੇ ਰੂਪ ਵਿਚ ਸਹਾਇਤਾ ਰਾਸ਼ੀ ਪ੍ਰਾਪਤ ਹੋਈ ਹੈ। ਸੁਸਾਇਟੀ ਵੱਲੋਂ ਪਿਛਲੇ ਸਾਲ 11 ਲੱਖ, 76 ਹਜ਼ਾਰ ਅਤੇ 896 ਡਾਲਰ ਦਾ ਵੱਖ-ਵੱਖ ਪ੍ਰਾਜੈਕਟਾਂ ਦੇ ਉਤੇ ਖਰਚਾ ਕੀਤਾ ਗਿਆ ਦਿਖਾਇਆ ਗਿਆ ਹੈ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਪ੍ਰਧਾਨਦੀ ਦੀ ਮਿਆਲ ਦੋ ਸਾਲ ਰੱਖੀ ਹੋਈ ਹੈ ਜੋ ਕਿ ਇਸ ਵਾਰ ਮੌਜੂਦਾ ਪ੍ਰਧਾਨ ਸ. ਬਰਿੰਦਰ ਸਿੰਘ ਜਿੰਦਰ ਦੀ ਪੂਰੀ ਹੋ ਰਹੀ ਹੈ ਅਤੇ ਨਵੇਂ ਪ੍ਰਧਾਨ ਦੀ ਚੋਣ ਵੀ ਇਸ ਵਾਰ ਸਰਬ ਸੰਮਤੀ ਨਾਲ ਕੀਤੀ ਜਾਵੇਗੀ।

Install Punjabi Akhbar App

Install
×