
ਕੁਈਨਜ਼ਲੈਂਡ ਤੋਂ ਮੁੱਖ ਸਿਹਤ ਅਧਿਕਾਰੀ ਜੈਨੇਟ ਯੰਗ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮਾਲਡੀਵਜ਼ ਤੋਂ ਕੇਅਰਨਜ਼ ਆਈ ਸੁਪਰਯਾਚ ਦੇ ਇੱਕ ਕਰੂ ਮੈਂਬਰ (20ਵਿਆਂ ਸਾਲਾਂ ਵਿਚਲੀ ਮਹਿਲਾ) ਦਾ ਕਰੋਨਾ ਟੈਸਟ ਪਾਜ਼ਿਟਿਵ ਆਇਆ ਹੈ ਪਰੰਤੂ ਕਰੂ ਮੈਂਬਰ ਇਸ ਪ੍ਰਤੀ ਬੇਰੁਖੀ ਅਪਣਾ ਰਹੇ ਹਨ ਅਤੇ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕਰ ਰਹੇ ਅਤੇ ਇਸ ਨਾਲ ਕਰੋਨਾ ਫੈਲਣ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੈ। ਅਧਿਕਾਰੀ ਹਾਲ ਦੀ ਘੜੀ ਇਹ ਜਾਣਨ ਵਿੱਚ ਵੀ ਨਾਕਾਮ ਰਹੇ ਹਨ ਕਿ ਇਹ ਕਰੋਨਾ ਦਾ ਇਨਫੈਕਸ਼ਨ ਕਿੱਥੋਂ ਅਤੇ ਕਦੋਂ ਆਇਆ ਹੈ ਜੋ ਕਿ ਜਾਣਨਾ ਬਹੁਤ ਹੀ ਜ਼ਰੂਰੀ ਹੈ। ਵੈਸੇ ਇਸ ਯਾਚ ਵਿੱਚ ਆਉਣ ਵਾਲੇ ਸਾਰੇ ਦੇ ਸਾਰੇ ਯਾਤਰੀ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤੇ ਗਏ ਹਨ ਪਰੰਤੂ ਯਾਚ ਦੇ 6 ਕਰੂ ਮੈਂਬਰ ਜਹਾਜ਼ ਤੇ ਹੀ ਹਨ ਅਤੇ ਅਧਿਕਾਰੀਆਂ ਨੇ ਇਨ੍ਹਾਂ ਉਪਰ ਪੂਰਨ ਨਜ਼ਰ ਟਿਕਾਈ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਪੁਲਿਸ ਸਿੱਧੀ ਤੌਰ ਤੇ ਇਨ੍ਹਾਂ ਕਰੂ ਮੈਂਬਰਾਂ ਨਾਲ ਗੱਲਬਾਤ ਕਰਨ ਵਿੱਚ ਰੁੱਝੀ ਹੋਈ ਹੈ ਅਤੇ ਸਾਰਾ ਦਾਰੋਮਦਾਰ ਹੁਣ ਪੁਲਿਸ ਦੀ ਕਾਰਗੁਜ਼ਾਰੀ ਉਪਰ ਹੀ ਛੱਡਿਆ ਗਿਆ ਹੈ। ਕੁਈਨਜ਼ਲੈਂਡ ਵਿੱਚਲਾ ਇੱਕ ਹੋਰ ਮਾਮਲਾ ਜਿਹੜਾ ਕਿ ਇੱਕ 40ਵਿਆਂ ਸਾਲਾਂ ਵਿੱਚਲੇ ਵਿਅਕਤੀ ਦਾ ਹੈ ਅਤੇ ਉਕਤ ਵਿਅਕਤੀ ਵੀ ਸਿਡਨੀ ਦੇ ਉਤਰੀ ਬੀਚਾਂ ਉਪਰ ਘੁੰਮ-ਫਿਰ ਕੇ ਆਇਆ ਸੀ ਅਤੇ ਕਰੋਨਾ ਪਾਜ਼ਿਟਿਵ ਹੋ ਗਿਆ ਸੀ, ਨੂੰ ਬ੍ਰਿਸਬੇਨ ਦੇ ਪ੍ਰਿੰਸੇਸ ਅਲੈਕਜ਼ੈਂਡਰਾ ਹਸਪਤਾਲ ਅੰਦਰ ਭਰਤੀ ਕਰਵਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਬੀਤੇ ਦੋ ਦਿਨਾਂ ਅੰਦਰ ਹੀ ਕੁਈਨਜ਼ਲੈਂਡ ਅੰਦਰ 20,000 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ ਅਤੇ ਕੁੱਝ ਕੁ ਸ਼ਿਕਾਇਤਾਂ ਅਜਿਹੀਆਂ ਵੀ ਆ ਰਹੀਆਂ ਹਨ ਕਿ ਕੁੱਝ ਲੋਕਾਂ ਨੂੰ ਕਾਫੀ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ ਅਤੇ ਇਸ ਵਾਸਤੇ ਉਹ ਕਰੋਨਾ ਟੈਸਟਾਂ ਨੂੰ ਨਕਾਰ ਵੀ ਰਹੇ ਹਨ।