ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ 13 ਤੋਂ 16 ਜਨਵਰੀ ਤੱਕ ਚਾਰ ਦਿਨਾਂ ‘ਸੱਮਰ ਗੁਰਮਤਿ ਕੈਂਪ’ ਦਾ ਆਯੋਜਿਨ ਕੀਤਾ ਗਿਆ। ਇਸ ਗੁਰਮਤਿ ਕੈਂਪ ਦੇ ਵਿਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਬੱਚਿਆਂ ਨੂੰ ਤਿੰਨ ਉਮਰ ਵਰਗਾਂ 8-11, 12-15 ਅਤੇ 16-21 ਸਾਲ ਦੇ ਵਿਚ ਵੰਡਿਆ ਗਿਆ ਸੀ। ਗੁਰਮਤਿ ਕੈਂਪ ਦਾ ਮੁੱਖ ਉਦੇਸ਼ ਸਿੱਖ ਧਰਮ ਪ੍ਰਤੀ ਵੱਖ-ਵੱਖ ਦਿਲਚਸਪੀ ਭਰੀਆਂ ਸਰਗਰਮੀਆਂ ਨਾਲ ਰੁਚੀ ਪੈਦਾ ਕਰਨਾ, ਕੀਰਤਨ ਕਰਨ ਨੂੰ ਉਤਸ਼ਾਹਿਤ ਕਰਨਾ, ਸਿੱਖ ਇਤਿਹਾਸ ਅਤੇ ਬਾਹਰੀ ਸਮਾਜਿਕ ਗਤੀਵਿਧੀਆਂ ਨੂੰ ਬਰਕਰਾਰ ਰੱਖਣਾ ਸੀ। ਬੱਚਿਆਂ ਨੂੰ ਬੁਨਿਆਦੀ ਸਿੱਖਿਆ ਲੇਕਚਰ ਦੇਣ ਵਾਸਤੇ ਮਲੇਸ਼ੀਆ ਤੋਂ ਭਾਈ ਕੁਲਵਿੰਦਰ ਸਿੰਘ ਐਲ. ਐਲ.ਬੀ. ਯੂ.ਕੇ, ਭਾਈ ਮਨਵੀਰ ਸਿੰਘ ਅਤੇ ਬੀਬੀ ਸੁਨਾਇਨਾ ਕੌਰ ਪਹੁੰਚੇ ਹੋਏ ਸਨ। ਸਥਾਨਿਕ ਪੱਧਰ ਤੋਂ ਬੀਬੀ ਅਮ੍ਰਿਤਾ ਕੌਰ, ਡਾ. ਕੰਵਲਜੀਤ ਸਿੰਘ, ਸ. ਹਰੀ ਸਿੰਘ ਅਤੇ ਭਾਈ ਯਾਦਵਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕੀਤਾ। ਚਾਰਾਂ ਸਾਹਿਬਜ਼ਾਦਿਆਂ ਦੇ ਨਾਂਅ ਉਤੇ ਚਾਰ ਗਰੁੱਪ ਬਣਾਏ ਗਏ ਸਨ। ਹਰੇਕ ਜੱਥੇ ਦੇ ਮੁਖੀ ਨੂੰ ਇਕ ਖਾਸ ਹੈਂਪਰ ਤੇ ਸੌਗਾਤਾਂ ਦਿੱਤੀਆਂ ਗਈਆਂ ਅਤੇ ਸਾਰੇ ਬੱਚਿਆਂ ਨੂੰ ਵੀ ਗੁਰਦੁਆਰਾ ਕਮੇਟੀ ਵੱਲੋਂ ਸੌਗਾਤਾਂ ਭੇਟ ਕੀਤੀਆਂ ਗਈਆਂ। ਇਕ ਖਾਸ ਸਰਗਰਮੀ ਜਿਸ ਨੂੰ ‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ’ ਦਾ ਨਾਂਅ ਦਿੱਤਾ ਗਿਆ ਸੀ, ਦੇ ਵਿਚ ਨਿਤਨੇਮ, ਸਿਮਰਨ, ਸਮੂਹਿਕ ਗਤੀ-ਵਿਗਿਆਨ, ਸਕਿਟੱ ਡਰਾਮਾ ਅਤੇ ਖੇਡ ਸਰਗਰਮੀਆ ਦਾ ਬੱਚਿਆਂ ਨੇ ਅਨੰਦ ਮਾਣਿਆ। ਕੈਂਪ ਆਯੋਜਕਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਕੈਂਪ ਵਿਚ ਭਾਗ ਲੈਣ ਵਾਲਿਆਂ ਬੱਚਿਆਂ, ਸੇਵਾਦਾਰਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।