ਸ਼ਾਬਾਸ਼! ਦਿੰਦੇ ਹਾਂ ਦਾਦ -ਬਚਾ ਲਈ ਜਾਨ -ਡੁੱਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿੱਤਾ ਵਿਸ਼ੇਸ਼ ਪ੍ਰਸ਼ੰਸਾ ਪੱਤਰ

ਪਿੰਡ ਖੁਰਦਪੁਰ ਦਾ ਰੌਸ਼ਨ ਕੀਤਾ ਨਾਂਅ

(ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਉਪਰੰਤ ਪੁਲਿਸ ਟੀਮ ਨਾਲ ਸੁਖਵਿੰਦਰ ਸਿੰਘ )

ਔਕਲੈਂਡ :ਵਲਿੰਗਟਨ ਸ਼ਹਿਰ ਤੋਂ ਲਗਪਗ 21 ਕਿਲੋਮੀਟਰ ਦੂਰ ਸ਼ਹਿਰ ਪੋਰੀਰੁਆ ਦੀ ਪੁਲਿਸ ਨੂੰ ਉਸ ਵੇਲੇ ਇਕ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਪਿੰਡ ਖੁਰਦਪੁਰ, ਨੇੜੇ ਆਦਮਪੁਰ (ਸਪੁੱਤਰ ਸ. ਇਕਬਾਲ ਸਿੰਘ ਤੇ ਸ੍ਰੀਮਤੀ ਰੇਸ਼ਮ ਕੌਰ) ਨੂੰ ਦਾਦ ਦੇਣੀ ਪਈ ਜਦੋਂ ਉਸਨੇ ਪਿਛਲੇ ਮਹੀਨੇ ਨੇੜੇ ਹੀ ਇਕ ‘ਤਤਾਹੀ’ ਨਾਂਅ ਦੇ ਬੀਚ’ ਉਤੇ ਇਕ ਡੁੱਬ ਰਹੇ 34-35 ਸਾਲਾ ਵਿਅਕਤੀ ਨੂੰ ਆਪਣੀ ਜਾਨ ’ਤੇ ਖੇਡ ਕੇ ਬਚਾ ਲਿਆ। ਘਟਨਾ ਵੇਲੇ ਸੁਖਵਿੰਦਰ ਸਿੰਘ ਅਤੇ ਉਸਦੀ ਪਤਨੀ ਓਰੀਨਾਹ ਕੌਰ ਉਸ ਵੇਲੇ ਬੀਚ ਉਤੇ ਗਏ ਹੋਏ ਸਨ, ਠੰਡ ਦਾ ਮੌਸਮ ਸੀ ਅਤੇ ਉਹ ਕਾਰ ਦੇ ਵਿਚ ਬੈਠ ਕੇ ਹੀ ਕੁਝ ਖਾਅ ਪੀ ਰਹੇ ਸਨ। ਐਨੇ ਨੂੰ ਇਕ ਵਿਅਕਤੀ ਜੋ ਕਿ ਨਸ਼ੇ ਦੀ ਹਾਲਤ ਵਿਚ ਸੀ, ਟਹਿਲਦਾ ਹੋਇਆ ਸਮੁੰਦਰ ਦੇ ਵਿਚ ਵੜ ਗਿਆ, ਜ਼ੋਰਦਾਰ ਛੱਲਾਂ ਦਾ ਜ਼ੋਰ ਸੀ, ਉਹ ਵਿਅਕਤੀ ਕੁਝ ਮਿੰਟ ਹੀ ਪਾਣੀ ਉਤੇ ਤੈਰਿਆ ਅਤੇ ਫਿਰ ਸਮੁੰਦਰੀ ਲਹਿਰਾਂ ਦੇ ਨਾਲ ਉਪਰ ਥੱਲੇ ਹੋਣ ਲੱਗਾ। ਸੁਖਵਿੰਦਰ ਸਿੰਘ ਸਾਹਮਣੇ ਬੈਠਾ ਹੋਣ ਕਰਕੇ ਇਹ ਸਾਰੀ ਕੁਝ ਵੇਖ ਰਿਹਾ ਸੀ, ਕਿਉਂਕਿ ਉਸਨੂੰ ਪਹਿਲਾਂ ਹੀ ਥੋੜ੍ਹੀ ਸ਼ੱਕ ਹੋ ਗਈ ਸੀ, ਉਸਨੇ ਤੁਰੰਤ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਪੁਲਿਸ ਨੂੰ ਫੋਨ ਕਰ ਮੈਂ ਉਸਨੂੰ ਬਚਾਉਣ ਦੀ ਕੋਸ਼ਿਸ ਕਰਦਾ। ਆਪਣੇ ਬੂਟ ਆਦਿ ਉਤਾਰ ਕੇ ਉਹ ਲੱਕ-ਲੱਕ ਪੱਧਰ ਦੇ ਪਾਣੀ ਤੱਕ ਸਮੁੰਦਰ ਅੰਦਰ ਵੜ ਗਿਆ ਅਤੇ ਉਸਨੂੰ ਕਿਸੀ ਤਰ੍ਹਾਂ ਫੜ ਕੇ ਬਚਾ ਲਿਆ। ਉਸ ਨੌਜਵਾਨ ਨੇ ਮੂੰਹ ਉਤੇ ਕੱਪੜਾ ਬੰਨਿ੍ਹਆ ਹੋਇਆ ਸੀ, ਜਿਸ ਨੂੰ ਸੁਖਵਿੰਦਰ ਨੇ ਉਤਾਰ ਦਿੱਤਾ ਤਾਂ ਕਿ ਸਾਹ ਸੌਖਾ ਆ ਸਕੇ। ਇਸ ਭਾਰੀ ਭਰਕਮ ਬੰਦੇ ਨੂੰ ਉਹ ਹੌਲੀ-ਹੌਲੀ ਕਰਕੇ ਕੰਢੇ ਉਤੇ ਲੈ ਆਇਆ। ਉਸਨੇ ਕੁਝ ਲੋਕਾਂ ਨੂੰ ਆਵਾਜ਼ ਮਾਰੀ ਪਰ ਉਹ ਵੀਡੀਓ ਤਾਂ ਜਰੂਰ ਬਨਾਉਣ ਲੱਗ ਪਏ ਪਰ ਪਾਣੀ ਅੰਦਰ ਕੋਈ ਨਾ ਆਇਆ। ਕੰਢੇ ਉਤੇ ਉਸ ਵਿਅਕਤੀ ਦੇ ਆਉਣ ਵੇਲੇ ਕੁਝ ਲੋਕ ਜਰੂਰ ਸਹਾਇਤਾ ਲਈ ਪਹੁੰਚੇ। ਐਨੇ ਨੂੰ ਪੁਲਿਸ ਅਤੇ ਐਂਬੂਲੈਂਸ ਪਹੁੰਚ ਗਈ ਜਿਨ੍ਹੰ ਨੇ ਆ ਕੇ ਸੀ. ਪੀ. ਆਰ ਦਿੱਤਾ ਅਤੇ ਉਸਨੂੰ ਹਸਪਤਾਲ ਲੈ ਗਏ।
ਇਸ ਨੌਜਵਾਨ ਦੀ ਇਸ ਬਹਾਦਰੀ ਭਰੇ ਹੌਂਸਲੇ ਦੀ ਅਤੇ ਕਿਸੀ ਅਣਜਾਣ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਪੁਲਿਸ ਨੇ ਉਸ ਨਾਲ ਰਾਬਤਾ ਕਾਇਮ ਰੱਖਿਆ ਅਤੇ ਰਸਮੀ ਬੇਨਤੀ ਕੀਤੀ ਕਿ ਉਹ ਉਸਨੂੰ ਵਿਸ਼ੇਸ਼ ਪ੍ਰਸੰਸ਼ਾ ਪੱਤਰ ਦੇਣਾ ਚਾਹੁੰਦੇ ਹਨ। ਐਕਟਿੰਗ ਏਰੀਆ ਕਮਾਂਡਰ ਇੰਸਪੈਕਟਰ ਨਿੱਕ ਥੌਮ ਨੇ ਵਿਸ਼ੇਸ਼ ਤੌਰ ’ਤੇ ਇਕ ਸੰਖੇਪ ਸਮਾਗਮ ਕਰਕੇ ਇਸ ਨੌਜਵਾਨ ਨੂੰ ਪ੍ਰਸੰਸ਼ਾ ਪੱਤਰ ਭੇਟ ਕੀਤਾ ਤੇ ਪੁਲਿਸ ਟੀਮ ਨੇ ਫੋਟੋ ਖਿਚਵਾਈ। ਸੁਖਵਿੰਦਰ ਸਿੰਘ 2015 ਦੇ ਵਿਚ ਔਕਲੈਂਡ ਵਿਖੇ ਪੜ੍ਹਨ ਆਇਆ ਸੀ ਤੇ ਇਸਨੇ ਬਿਜ਼ਨਸ ਦੇ ਵਿਚ ਪ੍ਰਾਜੈਕਟ ਮੈਨੇਜਮੈਂਟ ਲੈਵਲ-7 ਦਾ ਕੋਰਿਸ ਕੀਤਾ ਹੈ। 2018 ਦੇ ਵਿਚ ਉਹ ਵਲਿੰਗਟਨ ਵਿਖੇ ਵਿਆਹ ਤੋਂ ਬਾਅਦ ਚਲੇ ਗਈ ਸਨ। ਇਸ ਵੇਲੇ ‘ਡਿਲਵਰ ਈਜ਼ੀ’ ਕੰਪਨੀ ਅਤੇ ਇਕ ਕੰਸਟਰਕਸ਼ਨ ਕੰਪਨੀ ਦੇ ਨਾਲ ਕੰਮ ਕਰਦਾ ਹੈ। ਇਸ ਨੌਜਵਾਨ ਨੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ ਤੇ ਇਸ ਨੂੰ ਬਹੁਤ ਬਹੁਤ ਵਧਾਈ।

Welcome to Punjabi Akhbar

Install Punjabi Akhbar
×
Enable Notifications    OK No thanks