ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ

sukhpal singh khaira

ਪਿਛਲੇ ਦਿਨੀਂ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰ ਸੁਖਪਾਲ ਸਿੰਘ ਖਹਿਰਾ ਅਪਣੇ ਸਾਥੀ ਵਿਧਾਇਕਾਂ ਤੇ ਪਾਰਟੀ ਵਰਕਰਾਂ ਨਾਲ ਬਰਗਾੜੀ ਵਿਖੇ ਇਨਸਾਫ ਮੋਰਚੇ ਵਿੱਚ ਗਏ ਸਨ ਤਾਂ ਉਹਨਾਂ ਨੇ ਓਥੇ ਸਿਖ ਮੁੱਦਿਆਂ ਦੀ ਗੱਲ ਕੀਤੀ ਸੀ, ਸਿੱਖਾਂ ਨਾਲਾ ਹੁੰਦੇ ਵਿਤਕਰੇ ਦੀ ਗੱਲ ਕੀਤੀ ਸੀ, 84 ਦੀ ਗੱਲ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬੀ ਸੂਬਾ ਬਨਾਉਣ ਵੇਲੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਕੇ ਲੰਗੜਾ ਲੂਲ੍ਹਾ ਸੂਬਾ ਦੇਣ ਦੀ ਗੱਲ ਕੀਤੀ,ਭਾਵ ਖਹਿਰੇ ਨੇ ਪੰਜਾਬ ਦੀਆਂ ਉਹਨਾਂ ਸਮੂੰਹ ਹੱਕੀ ਮੰਗਾਂ ਦੀ ਗੱਲ ਕੀਤੀ ਜਿੰਨਾਂ ਦੀ ਗੱਲ ਹਰ ਸੱਚੇ ਸਿੱਖ ਨੂੰ ਹੀ ਨਹੀ ਬਲਕਿ ਹਰ ਸੱਚੇ ਪੰਜਾਬੀ ਨੂੰ ਕਰਨੀ ਬਣਦੀ ਹੈ, ਪ੍ਰੰਤੂ ਖਹਿਰੇ ਵੱਲੋਂ ਸਿੱਖ ਹਿਤਾਂ ਦੀ ਗੱਲ ਦਾ ਸਿਆਸੀ ਹਲਕਿਆਂ ਵਿੱਚ ਐਨਾ ਰੌਲਾ ਪਿਆ ਜਿਹੜਾ ਠੱਲਣ ਦਾ ਨਾਮ ਨਹੀ ਲੈ ਰਿਹਾ। ਕਾਂਗਰਸ, ਅਕਾਲੀ ਦਲ ਵੱਲੋਂ ਖਹਿਰੇ ਨੂੰ ਖੂਬ ਕੋਸਿਆ ਗਿਆ। ਖਹਿਰੇ ਦੀ ਅਪਣੀ ਪਾਰਟੀ ਦੇ ਪੰਜਾਬ ਦੇ ਆਗੂਆਂ ਵੱਲੋਂ ਬਹੁਤ ਬੁਰਾ ਭਲਾ ਕਿਹਾ ਗਿਆ। ਕੇਜਰੀਵਾਲ ਤੋਂ ਕਾਰਵਾਈ ਦੀ ਮੰਗ ਕਰਨ ਵਾਲਿਆਂ ਵਿੱਚ ਅਕਾਲੀ ਕਾਂਗਰਸੀਆਂ ਤੋਂ ਇਲਾਵਾ ਉਹਦੀ ਪਾਰਟੀ ਵਾਲੇ ਵੀ ਸ਼ਾਮਲ ਹਨ। ਇਥੋਂ ਤੱਕ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਨੇ ਤਾਂ ਸੰਪਾਦਕੀ ਵਿੱਚ ਖਹਿਰੇ ਸਬੰਧੀ ਸਿੱਧੇ ਤੌਰ ਤੇ ਇਹ ਲਿਖਿਆ ਕਿ ਉਹਨੇ ਸਿੱਖਾਂ ਨਾਲ ਵਿਤਕਰੇ ਦੀ ਗੱਲ ਕੀਤੀ ਹੀ ਕਿਉਂ। ਹੁਣ ਵਧੇਰੇ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਖਹਿਰੇ ਦੇ ਸਿੱਖਾਂ ਦੇ ਵਿਤਕਰੇ ਦੀ ਗੱਲ ਦਾ ਕਾਂਗਰਸ ਬੁਰਾ ਮਨਾਵੇ ਤਾਂ ਸਮਝ ਪੈਂਦੀ ਹੈ, ਭਾਰਤੀ ਜਨਤਾ ਪਾਰਟੀ ਬੁਰਾ ਮਨਾਵੇ ਉਹ ਵੀ ਸੌਖਿਆਂ ਹੀ ਸਮਝ ਪੈਂਦੀ ਹੈ, ਉਹਦੀ ਪਾਰਟੀ ਦੀ ਹਾਈਕਮਾਂਡ ਬੁਰਾ ਮਨਾਵੇ ਉਹ ਵੀ ਸਮਝ ਪੈਂਦੀ ਹੈ, ਕਿਉਕਿ ਹੈ ਤਾਂ ਉਹ ਵੀ ਉਸ ਰਸ਼ਟਰ ਦੀ ਨੁਮਾਇੰਦਾ ਪਾਰਟੀ ਜਿਹੜੇ ਰਾਸ਼ਟਰ ਵਿੱਚ ਘੱਟ ਗਿਣਤੀਆਂ ਨੂੰ ਉਹਨਾਂ ਦੇ ਮੁਢਲੇ ਅਧਿਕਾਰਾਂ ਦੀ ਕੋਈ ਵਿਵੱਸਥਾ ਨਹੀ ਹੈ, ਪਰ ਜਦੋਂ ਵਿਰੋਧ ਸਿੱਖਾਂ ਨੇ ਕੀਤਾ, ਖਾਸ ਕਰਕੇ ਅਕਾਲੀਆਂ ਨੇ ਕੀਤਾ ਤਾਂ ਕਾਲਜੇ ਿੱਚ ਅਸਹਿ ਪੀੜਾ ਅਨੁਭਵ ਹੋਈ, ਭਾਂਵੇਂ ਇਹ ਬਹੁਤ ਚੰਗੀ ਤਰਾਂ ਜਾਣਦੇ ਤੇ ਸਮਝਦੇ ਵੀ ਹਾਂ ਕਿ ਜਿੰਨੀ ਦੇਰ ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਹੈ ਓਨੀ ਦੇਰ ਅਕਾਲੀ ਦਲ ਦਾ ਸਿੱਖ ਹਿਤਾਂ ਦੀ ਗੱਲ ਕਰਨ ਦਾ ਸਆਲ ਹੀ ਪੈਦਾ ਨਹੀ ਹੁੰਦਾ, ਕਿਉਂਕਿ ਜਿਸ ਬੰਦੇ ਦੀ ਡਿਉਟੀ ਅਗਲਿਆਂ ਨੇ ਲਾਈ ਹੀ ਪੰਜਾਬ ਚੋਂ ਸਿੱਖੀ ਦਾ ਨਾਮੋ ਨਿਸਨ ਖਤਮ ਕਰਨ ਦੀ ਹੈ, ਜਿਸ ਦੇ ਬਦਲੇ ਮੋਟੀਆਂ ਨਿੱਜੀ ਜਾਇਦਾਦਾਂ ਤੋਂ ਇਲਾਵਾ ਪੰਜਾਬ ਦੀ ਪੰਜ ਵਾਰੀ ਸੁਬੇਦਾਰੀ ਦੇਣੀ ਸ਼ਾਮਿਲ ਹੈ, ਉਹ ਵਿਅਕਤੀ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਿਆਂ ਨੂੰ ਕਿਵੇਂ ਬਰਦਾਸਤ ਕਰ ਸਕਦਾ ਹੈ।ਫਿਰ ਵੀ ਦੁੱਖ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਅਕਾਲੀ ਐਨਾ ਕੁੱਝ ਬਰਬਾਦ ਕਰਵਾ ਕੇ ਵੀ ਕਿਉਂ ਨੀ ਸਮਝ ਰਹੇ।

ਇਸੇ ਤਰਾਂ ਆਮ ਆਦਮੀ ਪਾਰਟੀ ਪੰਜਾਬ ਵਾਲਿਆਂ ਤੇ ਵੀ ਤਰਸ ਆਉਂਦਾ ਹੈ ਕਿ ਤੁਹਾਡੇ ਦਿੱਲੀ ਵਾਲੇ ਬੋਲਣ ਸਮਝ ਆਉਂਦੀ ਹੈ ਪਰ ਤੁਸੀ ਖਹਿਰੇ ਖਿਲਾਫ ਬੋਲਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਇਹ ਮੈ ਪਹਿਲਾਂ ਵੀ ਇੱਕ ਨਹੀ ਕਈ ਵਾਰੀ ਲਿਖਿਆ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਹੀ ਇਹ ਹੈ ਕਿ ਪੰਜਾਬ ਦੇ ਰਾਜਨੀਤਕ ਲੋਕ ਪਹਿਲਾਂ ਅਪਣੇ ਆਪ ਨੂੰ ਸਿੱਖ ਉਸ ਤੋਂ ਬਾਅਦ ਪੰਜਾਬੀ ਅਤੇ ਉਸ ਤੋਂ ਬਾਅਦ ਪਾਰਟੀ ਪ੍ਰਤੀ ਵਫਾਦਾਰ ਮੰਨ ਕੇ ਸਿਆਸਤ ਨਹੀ ਕਰਦੇ ਬਲਕਿ ਪਹਿਲਾਂ ਪਾਰਟੀ ਉਸ ਤੋਂ ਬਾਅਦ ਪੰਜਾਬੀ, ਸਿੱਖੀ ਵਾਲੀ ਤਾਂ ਗੱਲ ਉਹਨਾਂ ਵਿੱਚੋਂ ਤੀਜੇ ਨੰਬਰ ਤੇ ਵੀ ਜਾਕੇ ਮਨਫੀ ਹੀ ਰਹਿੰਦੀ ਹੈ। ਇਹਨਾਂ ਸਿਆਸਤ ਦੇ ਕਾਗਜੀ ਮਰਜੀਵੜਿਆਂ ਵਿੱਚੋਂ ਕੋਈ ਟਾਵਾਂ ਟਾਂਵਾਂ ਹੀ ਹੁੰਦਾ ਹੈ ਜਿਹੜਾ ਅਪਣੇ ਆਪ ਨੂੰ ਪਹਿਲਾਂ ਸਿੱਖ ਜਾਂ ਪੰਜਾਬੀ ਸਮਝਦਾ ਹੋਵੇ, ਜਿਹੜੇ ਇਸ ਔਖੇ ਮਾਰਗ ਤੇ ਚੱਲਣ ਦੀ ਥੋੜੀ ਬਹੁਤੀ ਜੁਰਅਤ ਵੀ ਕਰਦੇ ਹਨ ਉਹਨਾਂ ਦਾ ਹਾਲ ਮੈ ਵੀਰ ਦਵਿੰਦਰ ਸਿੰਘ ਅਤੇ ਜਗਮੀਤ ਸਿੰਘ ਬਰਾੜ ਦੇ ਰੂਪ ਵਿੱਚ ਦੇਖਿਆ ਹੈ। ਰਹੀ ਗੱਲ ਸੁਖਪਾਲ ਸਿੰਘ ਖਹਿਰੇ ਦੀ, ਇਹਨਾਂ ਨੇ ਵੀ ਕਾਂਗਰਸ ਪਾਰਟੀ ਵਿੱਚ ਹੁੰਦਿਆਂ ਸਿੱਖ ਹਿਤਾਂ ਦੀ ਗੱਲ ਕੀਤੀ, ਫੌਜੀ ਹਮਲੇ ਅਤੇ ਕੇ ਪੀ ਐਸ ਬੇਅੰਤ ਸਿੰਘ ਦੇ ਸਮੇ ਸਿੱਖ ਜੁਆਨੀ ਦੇ ਹੋਏ ਘਾਣ ਦੀ ਗੱਲ ਕੀਤੀ, ਅਖੀਰ ਵਿੱਚ ਇਹਨਾਂ ਨੇ ਬਰਗਾੜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਭੋਗ ਤੇ ਹਾਜਰੀ ਭਰੀ ਅਤੇ ਸਭ ਤੋਂ ਵੱਡੀ ਗੱਲ ਖਹਿਰੇ ਨੇ ਕਾਂਗਰਸ ਵਿੱਚ ਹੁੰਦਿਆਂ ਸਰਬੱਤ ਖਾਲਸਾ ਵਿੱਚ ਵੀ ਸਿਰਕਤ ਕੀਤੀ।ਸਰਬੱਤ ਖਾਲਸਾ ਵਿੱਚ ਜਾਣਾ ਭਾਵੇਂ ਪਾਰਟੀਵਾਜੀ ਤੋਂ ਉੱਪਰ ਉੱਠ ਕੇ ਇੱਕ ਸਿੱਖ ਦੇ ਤੌਰ ਤੇ ਸਭਨਾਂ ਦਾ ਹੀ ਫਰਜ ਸੀ ਪਰ ਅਸੀ ਦੇਖਿਆ ਹੈ ਕਿ ਅਪਣਾ ਇਹ ਫਰਜ ਕਿੰਨੇ ਕੁ ਸਿੱਖਾਂ ਨੇ ਹੋਰ ਪਾਲਿਆ ਜਿਹੜੇ ਅਕਾਲੀ ਦਲ ਭਾਜਪਾ ਕੋਮਨਿਸਟ ਜਾਂ ਕਾਂਗਰਸ ਆਦਿ ਪਾਰਟੀਆਂ ਦੇ ਮੈਂਬਰ ਹਨ।ਖਹਿਰੇ ਨੂੰ ਵੀ ਜਗਮੀਤ ਸਿੰਘ ਬਰਾੜ ਅਤੇ ਵੀਰ ਦਵਿੰਦਰ ਸਿੰਘ ਵਾਲੀ ਤਰਾਸਦੀ ਦਾ ਹੀ ਸ਼ਿਕਾਰ ਹੋਣਾ ਪਿਆ, ਉਹ ਵੱਖਰੀ ਗੱਲ ਹੈ ਕਿ ਉਹ ਅਪਣੀ ਕਾਬਲੀਅਤ ਨਾਲ ਆਮ ਆਦਮੀ ਪਾਰਟੀ ਵਿੱਚ ਭਾਰੀ ਵਿਰੋਧ ਦੇ ਬਾਵਜੂਦ ਵੀ ਅਪਣੀ ਜਿਕਰਯੋਗ ਥਾ ਬਨਾਉਣ ਵਿੱਚ ਕਾਮਯਾਬ ਹੋ ਗਿਆ। ਹੁਣ ਜਦੋਂ ਉਹਨੇ ਅਪਣੀ ਜ਼ਮੀਰ ਦੀ ਅਵਾਜ਼ ਅਨੁਸਾਰ ਬਰਗਾੜੀ ਵਿਖੇ ਜਾ ਕੇ ਸਿੱਖਾਂ ਨਾਲ ਹੁੰਦੇ ਧੱਕੇ ਦੀ ਗੱਲ ਕੀਤੀ ਹੈ ਤਾਂ ਸਾਰੀਆਂ ਹੀ ਪਾਰਟੀਆਂ ਨੂੰ ਜਿਵੇਂ ਕੋਈ ਬਹੁਤ ਵੱਡਾ ਮੁੱਦਾ ਮਿਲ ਗਿਆ ਹੋਵੇ।ਬੇਸਰਮੀ ਦੀਆਂ ਹੱਦਾਂ ਪਾਰ ਕਰਕੇ ਖਹਿਰੇ ਦਾ ਵਿਰੋਧ ਕੀਤਾ ਹੈ।

ਕਿਆ ਇਤਫਾਕ ਹੈ ਕਿ ਜਿਹੜੀਆਂ ਗੱਲਾਂ ਨਾ ਕਰਨ ਕਰਕੇ ਸਿਆਸੀ ਲੋਕਾਂ ਦਾ ਵਿਰੋਧ ਹੋਣਾ ਚਾਹੀਦਾ ਹੈ, ਉਹ ਤਾਂ ਹੋ ਨਹੀ ਰਿਹਾ ਸਗੋ ਜਿਹੜੇ ਕੰਮ ਦੀ ਸਭ ਨੂੰ ਪਰਸੰਸਾ ਕਰਨੀ ਬਣਦੀ ਹੈ ਜਾਂ ਜੇ ਪਰਸੰਸਾ ਨਹੀ ਵੀ ਕਰਨੀ, ਕਿਉਕਿ ਰਾਜਨੀਤਕ ਇੱਕ ਦੂਜੇ ਦੀ ਪਰਸੰਸਾ ਤਾ ਕਰ ਹੀ ਨਹੀ ਸਕਦੇ,ਤਾਂ ਘੱਟੋ ਘੱਟ ਚੁੱਪ ਤਾਂ ਕਰ ਜਾਣ ਅਤੇ ਇਸ ਗੱਲ ਤੇ ਬੇਸਰਮੀ ਦੀ ਹੱਦ ਪਾਰ ਕਰਕੇ ਸਿਆਸਤ ਕਰ ਰਹੇ ਹਨ ਉਹ ਵੀ ਅਪਣੇ ਹੀ ਸਿੱਖ ਭਾਈਚਾਰੇ ਦੀ ਕੋਈ ਵੀ ਪਰਵਾਹ ਕੀਤੇ ਬਗੈਰ। ਇਹ ਸਾਰਾ ਵਰਤਾਰਾ ਦੇਖ ਸਮਝ ਕੇ ਜਾਪਦਾ ਹੈ ਕਿ ਪੰਜਾਬ ਦੀ ਹੋਣੀ ਦਾ ਅਕਾਲ ਪੁਰਖ ਖੁਦ ਹੀ ਰਾਖਾ ਹੈ। ਹੁਣ ਜੇ ਗੱਲ ਸਿੱਧੀ ਸੁਖਪਾਲ ਸਿੰਘ ਖਹਿਰਾ ਦੀ ਕੀਤੀ ਜਾਵੇ ਤਾਂ ਮੈ ਉਹਨਾਂ ਨੂੰ ਇਹ ਸਲਾਹ ਦੇਵਾਂਗਾ ਕਿ ਅਪਣੀ ਜ਼ਮੀਰ ਨੂੰ ਜਿਉਂਦੀ ਰੱਖਣ,ਅਪਣੇ ਲੋਕਾਂ ਖਾਤਰ ਅਪਣੇ ਧਰਮ ਖਾਤਰ ਜੇਕਰ ਵਿਰੋਧੀ ਧਿਰ ਦੀ ਕੁਰਸੀ ਨੂੰ ਲੱਤ ਵੀ ਮਾਰਨੀ ਪਵੇ ਤਾਂ ਇੱਕ ਨਹੀ ਸੌ ਠੇਡੇ ਮਾਰ ਦੇਣ, ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ, ਇਸ ਦੇ ਨਾਲ ਹੀ ਉਹਦੀ ਪਾਰਟੀ ਦੇ ਬਾਕੀ ਸਿੱਖ ਵਿਧਾਇਕਾਂ ਨੂੰ ਵੀ ਅਪਣੀ ਜਮੀਰ ਨੂੰ ਜਗਾਉਣਾ ਚਾਹੀਦਾ ਹੈ, ਦਿੱਲੀ ਦੇ ਪਿਛਲੱਗ ਬਣਕੇ ਕੁਰਸੀ ਲੈਣ ਵਾਲੀ ਸੋਚ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ,ਬਹੁਗਿਣਤੀ ਵਿਧਾਇਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਵਿਧਾਇਕੀ ਕਿਸੇ ਕਾਬਲੀਅਤ ਕਰਕੇ ਨਹੀ ਬਲਕਿ ਸਮੇਂ ਦੀ ਸਰਕਾਰ ਦੇ ਵਿਰੋਧ ਚੋਂ ਮਿਲੀ ਹੈ।ਜੇਕਰ ਲੋਕਾਂ ਨੇ ਤੁਹਾਡੇ ਵਿੱਚ ਵਿਸ਼ਵਾਸ ਪਰਗਟ ਕੀਤਾ ਹੈ ਤਾਂ ਤੁਹਾਡਾ ਇਹ ਫਰਜ ਬਣਦਾ ਹੈ ਕਿ ਤੁਸੀ ਲੋਕ ਭਾਵਨਾਵਾਂ ਤੇ ਖਰੇ ਉਤਰਨ ਲਈ ਯਤਨਸ਼ੀਲ ਰਹੋਂ।ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਸੱਤਾ ਦੀ ਦੌੜ ਚ ਲੱਗੇ ਲੋਕ ਕਦੀ ਇਤਿਹਾਸ ਨਹੀ ਸਿਰਜ ਸਕਦੇ,ਸਗੋਂ ਇਤਿਹਾਸ ਸਿਰਜਣ ਲਈ ਤਾਂ ਵੱਡੇ ਜਿਗਰੇ ਨਾਲ ਅਪਣੇ ਲੋਕਾਂ,ਅਪਣੀ ਕੌਂਮ ਅਤੇ ਅਪਣੇ ਧਰਮ ਦੀ ਰਾਖੀ ਲਈ ਦ੍ਰਿੜਤਾ ਨਾਲ ਅੜਨਾ, ਖੜਨਾ ਤੇ ਲੜਨਾ ਪੈਂਣਾ ਹੈ।

Install Punjabi Akhbar App

Install
×