ਸੁਖਦੇਵ ਸੰਗਰ ਦਾ ਸਨਮਾਨ, ਸੰਧੂਰਦਾਨੀ ਲੋਕ ਅਰਪਣ ਅਤੇ ਸੁਰਿੰਦਰ ਸਿਦਕ ਰੂ-ਬ-ਰੂ ਆਯੋਜਿਤ

IMG-20180611-WA0024

ਆਸਟ੍ਰੇਲੀਆ ਦੀ ਸਾਹਿਤਿਕ ਪਿੜ ਵਿੱਚ ਕਾਰਜਸ਼ੀਲ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵੱਲੋਂ ਇਸ ਮਹੀਨੇ ਦੇ ਸਾਹਿਤਕ ਸਮਾਗਮ ਵਿੱਚ ਐਡੀਲੇਡ ਨਾਲ ਸੰਬੰਧਿਤ ਅਤੇ ਪਿਛਲੇ ਵੀਹ ਸਾਲ ਤੋਂ ਰੰਗ-ਮੰਚ ਨੂੰ ਸਮਰਪਿਤ ਕਲਾਕਾਰ ਅਤੇ ਨਿਰਦੇਸ਼ਕ ਮਹਿੰਗਾ ਸਿੰਘ ਸੰਗਰ ਨੂੰ ਸਨਮਾਨਿਤ ਕੀਤਾ ਗਿਆ, ਜੋ ਕਿ ਕਲਾ ਦੀ ਦੁਨੀਆਂ ਵਿੱਚ ਸੁਖਦੇਵ ਸੰਗਰ ਦੇ ਨਾਮ ਨਾਲ ਜਾਣੇ ਜਾਂਦੇ ਹਨ। ਪ੍ਰਧਾਨਗੀ ਮੰਡਲ ਵਿੱਚ ਮਹਿੰਗਾ ਸਿੰਘ ਸੰਗਰ ਤੋਂ ਇਲਾਵਾ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਸ਼ਾਇਰਾ ਸੁਰਿੰਦਰ ਸਿਦਕ,ਅਤੇ ਪੰਜਾਬ ਤੋਂ ਆਏ ਲਛਮਣ ਸਿੰਘ ਸਿੱਧੂ ਬਿਰਾਜਮਾਨ ਹੋਏ।
ਸਮਾਗਮ ਦਾ ਆਗਾਜ਼ ਸਭਾ ਦੇ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਦੇ ਸੰਖੇਪ ਭਾਸ਼ਨ ਨਾਲ ਹੋਇਆ, ਜਿਸ ਵਿੱਚ ਉਨ੍ਹਾਂ ਨੇ ਆਏ ਹੋਏ ਪ੍ਰਹੁਣਿਆਂ ਨੂੰ ਜੀ ਆਇਆਂ ਕਿਹਾ ਅਤੇ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੇ ਹੁਣ ਤੱਕ ਦੇ ਸਫ਼ਰ ਦੀ ਵਾਰਤਾ ਪੇਸ਼ ਕੀਤੀ। ਰਚਨਾਵਾਂ ਦੀ ਸ਼ੁਰੂਆਤ ਸੁਰਜੀਤ ਸੰਧੂ ਦੇ ਖੂਬਸੂਰਤ ਗੀਤ ਨਾਲ ਹੋਈ, ਇਸ ਉਪਰੰਤ ਹਰਮਨਦੀਪ ਗਿੱਲ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਹਰਜੀਤ ਸੰਧੂ, ਪਾਲ ਰਾਊਕੇ ਨੇ ਆਪਣੀਆਂ ਰਚਨਾਵਾਂ ਨਾਲ ਚੰਗਾ ਮਾਹੌਲ ਬੰਨਿਆਂ।
ਦੂਸਰੇ ਦੌਰ ਵਿੱਚ ਸਰਬਜੀਤ ਸੋਹੀ ਨੇ ਖੂਬਸੂਰਤ ਸ਼ਬਦਾਂ ਨਾਲ ਸ਼ਾਇਰਾ ਸੁਰਿੰਦਰ ਸਿਦਕ ਦਾ ਤੁਆਰਫ਼ ਹਾਜ਼ਰੀਨ ਸਰੋਤਿਆਂ ਨਾਲ ਕਰਵਾਇਆ ਅਤੇ ਸੁਰਿੰਦਰ ਸਿਦਕ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਸ਼ਾਇਰ ਰੁਪਿੰਦਰ ਸੋਜ਼ ਨੇ ਅੱਜ ਲੋਕ ਅਰਪਣ ਹੋ ਰਹੇ ਪ੍ਰੋ ਗੁਰਭਜਨ ਗਿੱਲ ਦੇ ਰੁਬਾਈ ਸੰਗ੍ਰਹਿ “ਸੰਧੂਰਦਾਨੀ” ਬਾਰੇ ਆਪਣਾ ਪਰਚਾ ਪੜ੍ਹਿਆ ਅਤੇ ਕੁੱਝ ਰੁਬਾਈਆਂ ਵੀ ਸਰੋਤਿਆਂ ਦੇ ਸਨਮੁੱਖ ਕੀਤੀਆਂ। ਅੰਤ ਵਿਚ ਹਰਮਨਦੀਪ ਗਿੱਲ ਨੇ ਸਨਮਾਨ ਸਮਾਰੋਹ ਤੇ ਵਿਸ਼ੇਸ਼ ਆਰਟੀਕਲ ਰਾਹੀਂ ਮਹਿੰਗਾ ਸਿੰਘ ਸੰਗਰ ਦੇ ਜੀਵਨ ਅਤੇ ਰੰਗ-ਮੰਚ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਮੁੱਖ ਮਹਿਮਾਨ ਮਹਿੰਗਾ ਸਿੰਘ ਸੰਗਰ ਨੂੰ ਐਵਾਰਡ ਆਫ਼ ਆਨਰ, ਸ਼ਾਇਰਾ ਸੁਰਿੰਦਰ ਸਿਦਕ ਨੂੰ ਗੈਸਟ ਆਫ ਆਨਰ ਅਤੇ ਤਰਕਸ਼ੀਲ ਵਿਚਾਰਧਾਰਿਕ ਲਛਮਣ ਸਿੰਘ ਸਿੱਧੂ ਨੂੰ ਸਨਮਾਨ ਪੱਤਰ ਨਾਲ ਨਿਵਾਜਿਆ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।

Install Punjabi Akhbar App

Install
×