ਸੁਖਬੀਰ ਵਲੋਂ 5 ਖੇਡ ਸ਼੍ਰੇਣੀਆਂ ਵਿਚ ‘ਪੰਜਾਬ ਲੀਗ’ ਸ਼ੁਰੂ ਕਰਨ ਦਾ ਐਲਾਨ

ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚ ਹੇਠਲੇ ਪੱਧਰ ‘ਤੇ ਖੇਡ ਸੱਭਿਆਚਾਰ ਵਿਕਸਤ ਕਰਨ ਲਈ 5 ਖੇਡ ਸ਼੍ਰੇਣੀਆਂ ਹਾਕੀ, ਫੁੱਟਬਾਲ, ਬਾਸਕਿਟਬਾਲ, ਹੈਂਡਬਾਲ ਤੇ ਵਾਲੀਬਾਲ ਵਿਚ ਲੋਕਲ ਪੰਜਾਬ ਲੀਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਬ੍ਰਾਜੀਲ ਦੇ ਸ਼ਹਿਰ ਰੀਓ ਵਿਚ 2016 ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੀ ਸਭ ਤੋਂ ਵੱਧ ਭਾਗੀਦਾਰੀ ਨਿਸ਼ਚਤ ਕੀਤੀ ਜਾ ਸਕੇ।

ਅੱਜ ਇੱਥੇ ਇਕ ਉੰਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਹਫਤੇ ਦੇ ਸ਼ਨੀਵਾਰ ਤੇ ਐਤਵਾਰ ਨੂੰ ਸਾਰੇ 22 ਜਿਲਿਆਂ ਦੀਆਂ ਟੀਮਾਂ 5 ਵੱਖ-ਵੱਖ ਸ਼੍ਰੇਣੀਆਂ ਵਿਚ ਖਿਤਾਬ ਲਈ ਭਿੜਿਆ ਕਰਨਗੀਆਂ। ਖਿਡਾਰੀਆਂ ਨੂੰ ਆਵਾਜਾਈ ਖਰਚ ਤੇ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਆਗਾਮੀ ਕਬੱਡੀ ਵਿਸ਼ਵ ਕੱਪ ਦੇ ਪ੍ਰੋਗਰਾਮ ਨੂੰ ਵੀ ਸ. ਬਾਦਲ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਤਹਿਤ ਕਬੱਡੀ ਦਾ ਮਹਾਂਕੁੰਭ 29 ਨਵੰਬਰ ਨੂੰ ਸ਼ੁਰੂ ਹੋਵੇਗਾ ਤੇ 13 ਦਸੰਬਰ ਨੂੰ ਖਤਮ ਹੋਵੇਗਾ। ਉਪ ਮੁੱਖ ਮੰਤਰੀ ਨੇ ਖੇਡ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹੀਦ ਭਗਤ ਸਿੰਘ ਖੇਡ ਮੁਕਾਬਲੇ ਹਰ ਸਾਲ ਕਰਵਾਏ ਜਾਣ ਅਤੇ ਇਸ ਸਾਲ ਇਹ ਮੁਕਾਬਲੇ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਜਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਕਰਵਾਏ ਜਾਣਗੇ।

ਸ. ਬਾਦਲ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਉਲੰਪਿਕ ਖੇਡਾਂ ਵਿਚ ਤਗਮੇ ਜਿੱਤਣ ਲਈ ਸ਼ੂਟਿੰਗ ਤੇ ਕੁਸ਼ਤੀ ਵੱਲ ਵੱਧ ਧਿਆਨ ਦੇਣ ਕਿਉਂ ਜੋ ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਖਿਡਾਰੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਤੇ ਬਠਿੰਡਾ ਵਿਖੇ ਵਿਸ਼ਵ ਪੱਧਰੀ ਸ਼ੂਟਿੰਗ ਰੇਂਜਾਂ ਸਥਾਪਿਤ ਕਰਨ ਤੋਂ ਇਲਾਵਾ ਖਿਡਾਰੀਆਂ ਨੂੰ ਮੁਫਤ ਸਿਖਲਾਈ ਦੇ ਨਾਲ-ਨਾਲ ਹਥਿਆਰ, ਕਾਰਤੂਸ ਵੀ ਦਿੱਤੇ ਜਾਣਗੇ। ਉਨ੍ਹਾਂ ਐਨ.ਆਈ.ਐਸ. ਪਟਿਆਲਾ ਤੇ ਆਰਮੀ ਇੰਸਟੀਚਿਊਟ ਆਫ ਪੁਣੇ ਦੇ ਮਾਹਿਰਾਂ ਦੀਆਂ ਸੇਵਾਵਾਂ ਲੈਣ ‘ਤੇ ਵੀ ਜ਼ੋਰ ਦਿੱਤਾ।

ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੇ ਹੈਡਕੁਆਟਰ ਨੂੰ ਮੁਹਾਲੀ ਦੇ ਸੈਕਟਰ 78 ਵਿਖੇ ਸਥਾਪਿਤ ਕਰਨ ਨੂੰ ਵੀ ਉਪ ਮੁੱਖ ਮੰਤਰੀ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਇਸ ਸੰਸਥਾ ਲਈ ਡਾਇਰੈਕਟਰ ਜਰਨਲ ਦੀ ਨਿਯੁਕਤੀ ਅਗਲੇ ਮਹੀਨੇ ਦੇ ਅੰਤ ਤੱਕ ਹਰ ਹਾਲ ਕਰਨ ਲਈ ਵੀ ਵਿਭਾਗੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਹਾਲ ਹੀ ਵਿਚ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਦੱਖਣੀ ਕੋਰੀਆ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੇ ਨਾਲ ਹੀ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਵਰਤਮਾਨ ਸਮੇਂ ਖਿਡਾਰੀ ਏਸ਼ੀਅਨ ਖੇਡਾਂ ਦੀ ਤਿਆਰੀ ਵਿਚ ਲੱਗੇ ਹਨ।

Install Punjabi Akhbar App

Install
×