ਪਾਣੀ ਵਰਗੇ ਸੁਭਾਅ ਦਾ ਮਾਲਕ ਐ ਸੁੱਖਾ ਅਰਾਈਆਂ ਵਾਲਾ।

Art- Sukha araiyan wala

ਸਖਤ ਮਿਹਨਤ ਅਤੇ ਲਗਨ ਆਦਮੀ ਨੂੰ ਜੋ ਮੁਕਾਮ ਬਖਸ਼ਦੀ ਹੈ, ੳੁਹ ਮੁਕਾਮ ਜੁਗਾੜਲਾਊ ਲੋਕਾਂ ਦੇ ਹਿੱਸੇ ਨਹੀਂ ਆਉਂਦਾ। ਨਿਸ਼ਕਾਮ ਮਿਹਨਤ ਦੁਆਰਾ ਲੋਕ ਦਿਲਾਂ ਵਿੱਚ ਬਣੀ ਹੋਈ ਜਗ੍ਹਾ ਹੀ ਸਭ ਤੋਂ ਵੱਡਾ ਸਨਮਾਨ ਹੋ ਨਿੱਬੜਦੀ ਹੈ। ਇਸ ਰੰਗ ਰੰਗੀਲੀ ਦੁਨੀਆ ਵਿੱਚ ਹਰ ਕੋਈ ਕਿਸੇ ਨਾ ਕਿਸੇ ਰੰਗ ਵਿੱਚ ਰੰਗੇ ਜਾਣਾ ਪਸੰਦ ਕਰਦੈ ਪਰ ਇੱਕ ਨੌਜਵਾਨ ਅਜਿਹਾ ਵੀ ਹੈ ਜੋ ਪਾਣੀ ਵਰਗੇ ਸੁਭਾਅ ਦਾ ਧਾਰਨੀ ਹੋਣ ਕਰਕੇ ਹਰ ਰੰਗ ‘ਚ ਖੁਦ ਬ ਖੁਦ ਰੰਗਿਆ ਜਾਂਦੈ……… ਉਹ ਹੈ ਸੁੱਖਾ ਅਰਾਈਆਂ ਵਾਲਾ।
“ਸੁੱਖਾ ਅਰਾਈਆਂ ਵਾਲਾ, ਇੱਕ ਗੀਤਕਾਰ ਹੀ ਨਹੀਂ, ‘ਸੱਜਰਾ ਗਾਇਕ’ ਹੀ ਨਹੀਂ ਸਗੋਂ ਇੱਕ ਨਾਟ-ਲੇਖਕ, ਅਦਾਕਾਰ, ਮੰਚ-ਸੰਚਾਲਕ ਵਜੋਂ ਵੀ ਇੱਕੋ ਸਮੇਂ ਸੇਵਾਵਾਂ ਨਿਭਾ ਰਿਹਾ ਹੈ। ਪਾਣੀ ਵਾਂਗ ਜਿਸ ਮਰਜੀ ਰੰਗ ‘ਚ ਰੰਗ ਲਓ ਸੁੱਖੇ ਨੂੰ, ਉਸੇ ਰੰਗ ਦੇ ਝਲਕਾਰੇ ਪੈਣ ਲਗਦੇ ਹਨ। ਪ੍ਰਸਿੱਧ ਗੀਤਕਾਰ ਅਤੇ ਵੀਡੀਓ ਡਾਇਰੈਕਟਰ ਗੁਰਚਰਨ ਵਿਰਕ ਦਾ ਗਰਾਈਂ ਸੁੱਖੇ ਦਾ ਜਨਮ ਅਠਾਰਾਂ ਅਪ੍ਰੈਲ 1984 ਨੂੰ ਹੋਇਆ। ਬਚਪਨ ਤੋਂ ਹੀ ਕੋਮਲ ਕਲਾਵਾਂ ਨਾਲ ਮੋਹ ਰੱਖਣ ਵਾਲਾ ਸੁੱਖਾ ਕਦ ਗੀਤਕਾਰ ਬਣ ਗਿਆ, ਉਸ ਨੂੰ ਖੁਦ ਵੀ ਪਤਾ ਨਾ ਲੱਗਾ। ਪਿੰਡ ਤੋਂ ਹੀ ਮੁੱਢਲੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਫੂਡ ਪ੍ਰੋਸੈਸਿੰਗ ਦਾ ਕੋਰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤਾ। ਗੀਤਕਾਰ ਦੇ ਖੇਤਰ ‘ਚ ਆਪਣਾ ਉਸਤਾਦ ਗੀਤਕਾਰ ਬੰਟੀ ਹਿੰਮਤਪੁਰੀ ਨੂੰ ਮੰਨਦੈ। ਜਿੱਥੇ ਸੁੱਖੇ ਦੇ ਲਿਖੇ ਅਨੇਕਾਂ ਗੀਤ ਵੱਖ ਵੱਖ ਆਵਾਜ਼ਾਂ ਰਾਹੀਂ ਲੋਕਾਂ ਦੇ ਰੂਬਰੂ ਹੋਏ ਉੱਥੇ ਉਸਦੇ ਲਿਖੇ ਨਾਟਕ “ਭਰੂਣ ਹੱਤਿਆ ਪਾਖੰਡਵਾਦ” ਨੂੰ ਵੱਖ ਵੱਖ ਸਕੂਲਾਂ ਕਾਲਜਾਂ ‘ਚ 52 ਪੇਸ਼ਕਾਰੀਆਂ ਦਾ ਮਾਣ ਵੀ ਮਿਲਿਆ ਹੈ।
ਅਦਾਕਾਰੀ ਦੇ ਖੇਤਰ ਵਿੱਚ ਉਸਤਾਦ ਮੰਗਾ ਘੋਲੀਆ, ਜਸਵਿੰਦਰ ਕੌਰ ਘੋਲੀਆ ਅਤੇ ਗਾਇਨ ਖੇਤਰ ‘ਚ ਗਾਇਕ ਜੀ. ਐੱਸ਼. ਬਿੱਲਾ ਜੀ ਦੇ ਸਾਥ ਨੂੰ ਦਿਲੋਂ ਸਤਿਕਾਰਦਾ ਹੈ ਸੁੱਖਾ ਅਰਾਈਆਂ ਵਾਲਾ। ਉਮੀਦ ਕਰਦੇ ਹਾਂ ਕਿ ਉਹ ਸਮਾਜ ਦੀ ਬਿਹਤਰੀ, ਲੋਕ ਹਿਤਾਂ ਨੂੰ ਪ੍ਰਣਾਈ ਲੇਖਣੀ ਦਾ ਹਮੇਸ਼ਾ ਮੁਦਈ ਬਣਕੇ ਵਿਚਰਦਾ ਰਹੇ।

ਮਿੰਟੂ ਖੁਰਮੀ ਹਿੰਮਤਪੁਰਾ

Install Punjabi Akhbar App

Install
×