ਇਟਲੀ ਤੋਂ ਆਇਆ ਇੱਕ ਸੁੱਖ ਦਾ “ਸੁਨੇਹਾ”

Art- Suneha

ਵਤਨੋਂ ਬੇਵਤਨੇ ਹੋ ਕੇ ਰਹਿਣਾ ਸੌਖਾ ਨਹੀਂ ਹੁੰਦਾ। ਜਿੱਥੇ ਕਰਮਭੂਮੀ ‘ਤੇ ਵਿਚਰਦਿਆਂ ਕੰਮ ਧੰਦਿਆਂ ਦੇ ਫਿਕਰ ਪਲ ਪਲ ਲਸੂੜੇ ਦੀ ਗਿਟਕ ਵਾਂਗ ਖਹਿੜਾ ਨਹੀਂ ਛੱਡਦੇ ਉੱਥੇ ਜਨਮਭੂਮੀ ‘ਤੇ ਵਸਦੇ ਬਾਕੀ ਪਰਿਵਾਰ ਦੇ ਭਲੇ ਦਿਨ ਲਿਆਉਣ ਦੀ ਖਾਹਿਸ਼ ਆਰਾਂ ਮਾਰਦੀ ਰਹਿੰਦੀ ਹੈ। ਪਿਛਲਿਆਂ ਦਾ ਮੋਹ ਮਨ ‘ਚ ਵਸਾ ਕੇ ਵਿਚਰਨ ਵਾਲੇ ਲੋਕ ਹਮੇਸ਼ਾ ਹੀ ਆਪਣੇ ਅੰਦਰ ਓਹੀ ਪੰਜਾਬ ਵਸਾਈ ਰੱਖਦੇ ਹਨ ਜਿਸ ਨੂੰ ਕਦੇ ਸਿੱਲ੍ਹੀਆਂ ਅੱਖਾਂ ਤੇ ਵਿਰ ਵਿਰ ਕਰਦੇ ਦਿਲ ਨਾਲ ਛੱਡ ਕੇ ਆਏ ਸਨ। ਵਿਦੇਸ਼ਾਂ ਦੀ ਧਰਤੀ ‘ਤੇ ਬੇਸ਼ੱਕ ਦੂਜੀਆਂ ਬੋਲੀਆਂ ਬੋਲਣ ਦਾ ‘ਹੁਨਰ’ ਹੋਣਾ ਬੁਰੀ ਗੱਲ ਨਹੀਂ ਓਥੇ ਆਪਣੀ ਮਾਤ-ਭਾਸ਼ਾ ਨੂੰ ਵੀ ਬਣਦਾ ਮਾਣ ਸਤਿਕਾਰ ਦਿੰਦੇ ਰਹਿਣ ਵਾਲੇ ਲੋਕਾਂ ਦੀਆਂ ਕੋਸ਼ਿਸ਼ਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਮੁੱਠੀ ਕੁ ਜਿੰਨੇ ਦਿਲ ਮਾਤ ਭੁਮੀ ਪ੍ਰਤੀ ਸਤਿਕਾਰ ਦਾ ਕਿੰਨਾ ਵੱਡਾ ਸਮੁੰਦਰ ਵਗ ਰਿਹਾ ਹੁੰਦਾ ਹੈ। ਅਜਿਹੇ ਹੀ ਸਾਰਥਿਕ ਕੋਸ਼ਿਸ਼ਕਾਰਾਂ ਵਿੱਚ ਇਟਲੀ ਵਸਦੇ ਪੰਜਾਬੀ ਭਾਈਚਾਰੇ ਦੇ ਕਲਮਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਨਾਂ ਉੱਘੜਵਾਂ ਆਉਂਦਾ ਹੈ ਜਿਹਨਾਂ ਵੱਲੋਂ ਇਸ ਸੇਵਾ ਹਿਤ ਪਾਇਆ ਤਿਲ-ਫੁੱਲ ਅੱਜ ਅੰਬਾਰ ਬਣ ਕੇ ਦਿਸ ਰਿਹਾ ਹੈ। ਅਜੇ ਕੱਲ੍ਹ ਦੀ ਗੱਲ ਹੈ ਜਦੋਂ ਨੌਜ਼ਵਾਨ ਲੇਖਕ ਬਲਵਿੰਦਰ ਚਾਹਲ ਮਾਧੋਝੰਡਾ, ਲੇਖਕ ਤੇ ਗੀਤਕਾਰ ਰਾਜੂ ਹਠੂਰੀਆ ਅਤੇ ਹੋਰ ਸੁਹਿਰਦ ਮਿੱਤਰਾਂ ਵੱਲੋਂ ਕਲਿੰਗੜੀ ਪਾ ਕੇ ਸਾਹਿਤ ਸੁਰ ਸੰਗਮ ਸਭਾ (ਇਟਲੀ) ਨਾਮ ਦੀ ਸੰਸਥਾ ਦਾ ਗਠਨ ਕੀਤਾ ਗਿਆ ਸੀ। ਇਹਨਾਂ ਸਾਹਿਤ ਪ੍ਰੇਮੀ ਮਿੱਤਰਾਂ ਵੱਲੋਂ ਇਟਲੀ ਦੀ ਧਰਤੀ ‘ਤੇ ਲਾਈ ਇੱਕ ਫੋਟ ਨੂੰ ਭਰਵਾਂ ਬ੍ਰਿਖ ਬਣਦਿਆਂ ਦੇਖ ਕੇ ਫ਼ਖਰ ਮਹਿਸੂਸ ਹੁੰਦਾ ਹੈ। ਜਿਆਦਾਤਰ ਦੇਖਣ ਵਿੱਚ ਆਇਆ ਹੈ ਕਿ ਅਕਸਰ ਹੀ ਸਾਹਿਤ ਸਭਾਵਾਂ ਪ੍ਰਧਾਨਗੀਆਂ ਸਕੱਤਰੀਆਂ ਹਾਸਲ ਕਰਕੇ “ਅਖ਼ਬਾਰੀ ਸ਼ੇਰ” ਬਣਨ ਵਾਲੇ ਜੁਗਾੜਲਾਊ ਲੋਕਾਂ ਦੀਆਂ ਚਾਲਾਂ ‘ਚ ਆ ਕੇ ਸਿਰਫ ਚੁਗਲੀ-ਚੱਪਿਆਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਜਿਹੜਾ ਨਾ-ਖੁਸ਼ ਹੁੰਦਾ ਹੈ ਓਹ ਤੀਜੇ ਦਿਨ ਕੋਈ ਨਾ ਕੋਈ ਨਵਾਂ ਵੰਝ ਗੱਡ ਕੇ ਬਹਿ ਜਾਂਦਾ ਹੈ। ਅਕਸਰ ਹੀ ਮਾਂ-ਬੋਲੀ ਦੀ ਸੇਵਾ ਦੇ ਨਾਂਅ ‘ਤੇ ਮਾਂ ਬੋਲੀ ਦਾ ਝਾਟਾ ਸ਼ਰ੍ਹੇ-ਬਾਜ਼ਾਰ ਖਿਲਾਰਿਆ ਜਾਂਦਾ ਹੈ। ਸਮਾਜਿਕ ਤਬਦੀਲੀ ਦੀਆਂ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਹਨ ਪਰ ਅਕਸਰ ਹੀ ਬੀਅਰ ਦੇ ਡੱਬੇ ਜਾਂ ਵਿਸਕੀ ਦੇ ਪੈੱਗ ਤਬਦੀਲੀ ਲਿਆਉਣ ਵਾਲਿਆਂ ਦੇ ਗਿੱਟਿਆਂ ਨੂੰ ਨਾਗਵਲ ਮਾਰ ਬਹਿੰਦੇ ਹਨ।
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪਿਛਲੇ ਤਿੰਨ ਵਰ੍ਹਿਆਂ ‘ਚ ਕੀਤੀਆਂ ਸਰਗਰਮੀਆਂ ਸ਼ਬਾਸ਼ ਕਹਿਣ ਲਈ ਮਜ਼ਬੂਰ ਹੀ ਨਹੀਂ ਕਰਦੀਆਂ ਸਗੋਂ ਨਿਹੋਰੇ ਵੀ ਮਾਰਦੀਆਂ ਪ੍ਰਤੀਤ ਹੁੰਦੀਆਂ ਕਿ ਕਿਉਂ ਨਹੀਂ ਆਪਸੀ ਵੈਰ ਵਿਰੋਧ ਤਿਆਗ ਕੇ ਸਾਂਝੇ ਯਤਨ ਕੀਤੇ ਜਾਂਦੇ? ਕਿਉਂ ਪਾਟੋਧਾੜ ਹੋ ਕੇ ਆਪਣਾ ਮੌਜੂ ਖੁਦ ਉਡਾਉਣ ਦੇ ਨਾਲ ਮਾਂ ਬੋਲੀ ਦੀਆਂ ਨੀਹਾਂ ‘ਚ ਰੇਹੀ ਪਾਈ ਜਾਂਦੀ ਹੈ। ਸਭਾ ਦੀ ਮੁੱਖ ਪ੍ਰਾਪਤੀ ਇਸ ਗੱਲ ਤੋਂ ਹੀ ਆਂਕੀ ਜਾ ਸਕਦੀ ਹੈ ਕਿ ਇਟਲੀ ਵਸਦੇ ਸਮੂਹ ਲੇਖਕ ਵੀਰਾਂ ਨੂੰ ਇੱਕ ਮੰਚ ‘ਤੇ ਲਿਆ ਕੇ ਉਹਨਾਂ ਦੀਆਂ ਰਚਨਾਵਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਉਣੀਆਂ। ਜਿਕਰ ਕਰਨਾ ਚਾਹਾਂਗਾ ਕਿ 2011 ‘ਚ ਸਭਾ ਵੱਲੋਂ 29 ਲੇਖਕਾਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ ਸਫ਼ਰ” ਅਤੇ 2013 ‘ਚ 55 ਲੇਖਕਾਂ ਦੀਆਂ ਰਚਨਾਵਾਂ ਨੂੰ “ਸਾਂਝ ਸੁਨੇਹੇ” ਕਾਵਿ ਸੰਗ੍ਰਹਿ ਰਾਹੀਂ ਪਾਠਕਾਂ ਦੀ ਝੋਲੀ ਪਾਉਣ ਦਾ ਨਿੱਗਰ ਉਪਰਾਲਾ ਕੀਤਾ ਗਿਆ। ਇਟਲੀ ਵਸਦੇ ਇਹਨਾਂ ਮਿੱਤਰਾਂ ਵੱਲੋਂ ਸਮੂਹ ਪੰਜਾਬੀਆਂ ਦੇ ਨਾਂ ਭੇਜੇ ਜਿਸ ਸੁਨੇਹੇ ਦਾ ਜ਼ਿਕਰ ਉੱਪਰ ਸਿਰਲੇਖ ਵਿੱਚ ਕੀਤਾ ਹੈ, ਉਹ ਹਾਲ ਹੀ ਵਿੱਚ ਵੱਖ ਵੱਖ ਗੀਤਕਾਰਾਂ ਦੇ ਰਚੇ ਗੀਤਾਂ ਦੀ ਸੰਗੀਤਕ ਐਲਬਮ ਦੇ ਰੂਪ ਵਿੱਚ ਹੈ। ਅਜੋਕੀ ਗਾਇਕੀ ਵਿੱਚ ਸੋਚ ਵਿਹੂਣੇ ਗਾਇਕਾਂ ਗੀਤਕਾਰਾਂ ਦੇ ਝੁੰਡ ਫਿਰਦੇ ਹਨ। ਸਿਰਫ ‘ਤੇ ਸਿਰਫ ਕੁੜੀਆਂ, ਕਾਲਜਾਂ, ਹਥਿਆਰਾਂ ਜਾਂ ਨਸ਼ਿਆਂ ਨੂੰ ਮੁੱਖ ਰੱਖ ਕੇ ਹੀ ਗੀਤਾਂ ਦੇ ਮੁੱਖੜੇ ਰਚੇ ਤੇ ਗਾਏ ਜਾ ਰਹੇ ਹਨ। ਪੰਜਾਬ ਤੋਂ ਦੂਰ ਬੈਠਿਆਂ ਵੀ ਅਜਿਹੇ ਰੁਝਾਨ ਨੂੰ ਪੰਜਾਬ ਦੇ ਭਵਿੱਖ ਲਈ ਖਤਰਨਾਕ ਮੰਨਦਿਆਂ ਇਟਲੀ ਵਸਦੇ ਗੀਤਕਾਰਾਂ ਬਲਵਿੰਦਰ ਚਾਹਲ ਮਾਧੋਝੰਡਾ (ਗੀਤ ਦਸਤਾਰ, ਗਾਇਕਾ ਮੀਨੂੰ ਸਿੰਘ), ਸੁਖਰਾਜ ਬਰਾੜ (ਗੀਤ- ਮਿੱਟੀ, ਗਾਇਕ ਜੇ ਬੱਬੂ), ਰਾਜੂ ਹਠੂਰੀਆ (ਗੀਤ- ਗੱਲ, ਗਾਇਕ ਸਾਬਰ ਅਲੀ), ਪਾਲ ਇਆਲੀ ਵਾਲਾ (ਗੀਤ- ਸੇਵਾ, ਗਾਇਕ ਹਰਨਾਮ ਜੋਗੀ), ਤਾਰੀ ਚੱਠਾ (ਗੀਤ- ਲਲਕਾਰ, ਗਾਇਕ ਕੁਲਵਿੰਦਰ ਸੁੰਨਰ), ਰਾਣਾ ਅਠੌਲਾ (ਗੀਤ-ਦਾਦੀ, ਗਾਇਕ ਗੁਰਬਖਸ਼ ਸ਼ੌਂਕੀ), ਰਣਜੀਤ ਗਰੇਵਾਲ (ਗੀਤ- ਪਿਆਰ, ਗਾਇਕ ਅਮਨ ਮਹਿਰਾ), ਗਾਇਕ ਤੇ ਗੀਤਕਾਰ ਅਮਨ ਸੋਹੀ (ਗੀਤ- ਯਾਰੀ), ਗੀਤਕਾਰ ਬਿੰਦੂ ਹਠੂਰ (ਗੀਤ- ਕਾਵਾਂ, ਗਾਇਕਾ ਮੀਨੂੰ ਸਿੰਘ), ਬਿੰਦਰ ਕੋਲਿਆਂਵਾਲ (ਗੀਤ ਹੋਣੀ, ਗਾਇਕ ਅੰਮ੍ਰਿਤਪਾਲ ਅੰਮ੍ਰਿਤ), ਪ੍ਰੀਤ ਲਿਖਾਰੀ (ਲੋਕ ਤੱਥ, ਗਾਇਕ ਦਵਿੰਦਰ ਸੋਨੀ ਤੇ ਸਰਬਜੀਤ ਲਵਲੀ) ਦੀਆਂ ਕਲਮਾਂ ਨੇ ਸਮੇਂ ਦਾ ਸੱਚ ਬਿਆਨਣ ਦੀ ਕੋਸ਼ਿਸ਼ ਬਾਖੂਬੀ ਕੀਤੀ ਹੈ। ਇਸ ਸੰਗੀਤਕ ਖਜ਼ਾਨੇ ਨੂੰ ਸੁਣਦਿਆਂ ਹਰ ਵਾਰ ਹੀ ਇਹ ਗੱਲ ਵਾਰ ਵਾਰ ਜਿਹਨ ਵਿੱਚ ਆਉਂਦੀ ਹੈ ਕਿ ਜਿੰਨੀ ਦੇਰ ਅਜਿਹੀ ਪਾਕ ਪਵਿੱਤਰ ਸੋਚ ਵਾਲੇ ਕਲਮਕਾਰ, ਗਾਇਕ ਮੈਦਾਨ ‘ਚ ਹਨ, ਓਨੀ ਦੇਰ ਪੰਜਾਬੀ ਸੱਭਿਆਚਾਰ ਦੇ ਹਰਿਆਲੇ ਬੂਟੇ ਨੂੰ ਕੋਈ ਖਤਰਾ ਨਹੀਂ ਹੈ। ਮੌਸਮੀ ਕੀਟ ਪਤੰਗੇ ਆਉਂਦੇ ਰਹਿੰਦੇ ਹਨ, ਜੇਕਰ ਅਜਿਹੇ ਨਿੱਗਰ ਸੋਚ ਵਾਲੇ ਬੋਲਾਂ ਦਾ ਨਿਰੰਤਰ ਛਿੜਕਾਅ ਇਸ ਬੂਟੇ ਉੱਪਰ ਹੁੰਦਾ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਕੀਟ-ਪਤੰਗੇ ਆਪਣਾ ਰਸਤਾ ਬਦਲ ਲੈਣਗੇ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਬਾਤ ਪਾਉਂਦੀ ਅਣਥੱਕ ਤੇ ਨਿਸ਼ਕਾਮ ਕੋਸ਼ਿਸ਼ ਇਸ ਐਲਬਮ ਨੂੰ ਸੁਣਨ ਦੀ ਪੁਰਜ਼ੋਰ ਬੇਨਤੀ ਕਰਦੇ ਹੋਏ ਇਹੀ ਕਹਿਣਾ ਚਾਹਾਂਗੇ ਕਿ ਬੁਰਿਆਂ ਨੂੰ ਭੰਡਣ ਨਾਲੋਂ ਚੰਗਿਆਂ ਦੇ ਚੰਗੇ ਕੰਮਾਂ ਨੂੰ ਸਲਾਹੁਣ ਦਾ ਗੁਣ ਵੀ ਆਪਣੇ ਸੁਭਾਅ ਦਾ ਹਿੱਸਾ ਬਣਾਈਏ ਤਾਂ ਜੋ ਚੰਗਿਆਂ ਦੀ ਚੰਗਿਆਈ ਦਾ ਕੱਦ ਹੀ ਇੰਨਾ ਵਡੇਰਾ ਹੋ ਜਾਵੇ ਕਿ ਬੁਰਿਆਂ ਦੀ ਬੁਰਿਆਈ ਬੌਣੀ ਨਜ਼ਰ ਆਉਣ ਲੱਗੇ। ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਦ ਰਸਤਿਉਂ ਭਟਕੇ ਵੀ ਖੁਦ ਮਹਿਸੂਸ ਕਰਨਗੇ ਕਿ ਉਹਨਾਂ ਦਾ ਰਾਹ ਵਾਕਿਆ ਹੀ ਗਲਤ ਸੀ। ਜਿੱਥੇ ਇਸ ਐਲਬਮ ਦਾ ਹਰ ਗੀਤ ਸ਼ਬਦ ਚੋਣ, ਵਿਸ਼ੇ, ਗਾਇਕੀ ਤੇ ਲੇਖਣੀ ਪੱਖੋਂ ਆਪਣੇ ਆਪ ਵਿੱਚ ਵਿਲੱਖਣ ਹੈ ਉੱਥੇ ਗੀਤ ਦਸਤਾਰ ਇਸ ਐਲਬਮ ਹੀ ਨਹੀਂ ਸਗੋਂ ਅਜੋਕੇ ਦੌਰ ‘ਚ ਚੱਲ ਰਹੇ ਗੀਤਾਂ ਤੋਂ ਬਿਲਕੁਲ ਹਟਵਾਂ ਗੀਤ ਹੋਣ ਦਾ ਮਾਣ ਹਾਸਲ ਕਰਨ ਦਾ ਹੱਕਦਾਰ ਹੈ। ਸ੍ਰੋਤਿਆਂ ਦੇ ਨਾਲ ਨਾਲ ਗਾਇਕੀ ਤੇ ਗੀਤਕਾਰੀ ਦੀ ਮੱਸ ਰੱਖਣ ਵਾਲੇ ਸਮੂਹ ਸੱਜਣਾਂ ਨੂੰ ਬੇਨਤੀ ਕਰਾਂਗੇ ਕਿ ਇਸ ਕਾਰਜ ‘ਤੇ ਝਾਤੀ ਜਰੂਰ ਮਾਰਨ ਤਾਂ ਜੋ ਵਿਦੇਸ਼ ਵਸਦਿਆਂ ਵੀ ਸਾਹਿਤ ਸੁਰ ਸੰਗਮ ਇਟਲੀ ਦੇ ਸਮੂਹ ਮੈਂਬਰਾਨ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਮੋਹ ਸ਼ਬਦਾਂ ਰਾਹੀਂ ਵਹਿੰਦਾ ਦੇਖਿਆ ਜਾ ਸਕੇ।

Install Punjabi Akhbar App

Install
×