ਲਾਹੌਰ ‘ਚ ਆਤਮਘਾਤੀ ਬੰਬ ਧਮਾਕਾ-69 ਮੌਤਾਂ

9ਪਾਕਿਸਤਾਨ ਦੇ ਲਾਹੌਰ ‘ਚ ਇਕ ਆਤਮਘਾਤੀ ਹਮਲਾਵਰ ਵੱਲੋਂ ਜਨਤਕ ਪਾਰਕ ਗੁਲਸ਼ਨ-ਏ-ਇਕਬਾਲ ਵਿਚ ਕੀਤੇ ਗਏ ਬੰਬ ਧਮਾਕੇ ਨਾਲ ਔਰਤਾਂ ਅਤੇ ਬੱਚਿਆਂ ਸਮੇਤ 69 ਲੋਕਾਂ ਦੀ ਮੌਤ ਹੋ ਗਈ ਜਦਕਿ 300 ਲੋਕ ਜ਼ਖਮੀ ਹੋ ਗਏ | ਜਿਸ ਸਮੇਂ ਧਮਾਕਾ ਹੋਇਆ ਉਸ ਸਮੇ ਪਾਰਕ ਵਿਚ ਈਸਟਰ ਦੀ ਛੁੱਟੀ ਹੋਣ ਕਰਕੇ ਈਸਾਈ ਭਾਈਚਾਰੇ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ | ਸ਼ਹਿਰ ਦੇ ਪੋਸ਼ ਇਲਾਕੇ ‘ਚ ਸਥਿਤ ਗੁਲਸ਼ਨ-ਏ-ਇਕਬਾਲ ਪਾਰਕ ਦੇ ਵਿਚ ਇਹ ਧਮਾਕਾ ਹੋਇਆ | ਇਸ ਦੌਰਾਨ ਤਾਲਿਬਾਨ ਨਾਲ ਸਬੰਧਿਤ ਅੱਤਵਾਦੀ ਧੜੇ ਜਮਾਤ-ਉਲ-ਅਹਰਾਰ ਨੇ ਆਤਮਘਾਤੀ ਹਮਲੇ ਦੀ ਆਪਣੇ ਸਿਰ ਜ਼ਿੰਮੇਵਾਰੀ ਲਈ ਹੈ | ਲਾਹੌਰ ਪੁਲਿਸ ਦੇ ਡੀ. ਆਈ. ਜੀ. ਹੈਦਰ ਅਸ਼ਰਫ ਨੇ ਦੱਸਿਆ ਕਿ ਇਹ ਇਕ ਸ਼ਕਤੀਸ਼ਾਲੀ ਧਮਾਕਾ ਸੀ | ਇਹ ਸ਼ੱਕ ਜਤਾਈ ਜਾ ਰਹੀ ਹੈ ਕਿ ਆਤਮਘਾਤੀ ਹਮਲਾਵਰ ਨੇ ਪਾਰਕ ਦੇ ਮੁੱਖ ਗੇਟ ਸਾਹਮਣੇ ਆਪਣੇ ਆਪ ਨੂੰ ਉਡਾ ਲਿਆ | ਇਸ ਆਤਮਘਾਤੀ ਹਮਲਾਵਰ ਦੀ ਉਮਰ 20 ਸਾਲ ਦੇ ਆਸਪਾਸ ਹੋਵੇਗੀ | ਧਮਾਕੇ ਵਿਚ 10 ਤੋਂ 15 ਕਿਲੋਗ੍ਰਾਮ ਦੇ ਕਰੀਬ ਧਮਾਕਾਖੇਜ ਸਮੱਗਰੀ ਇਸਤੇਮਾਲ ਕਰਨ ਦਾ ਸ਼ੱਕ ਹੈ | ਜ਼ਿਕਰਯੋਗ ਹੈ ਕਿ ਇਸੇ ਸ਼ਹਿਰ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਘਰ ਹੈ ਤੇ ਇਸ ਨੂੰ ਸ਼ਾਂਤ ਇਲਾਕਾ ਮੰਨਿਆ ਜਾਂਦਾ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਪਾਰਕ ਨੂੰ ਬੜੀ ਆਸਾਨੀ ਨਾਲ ਨਿਸ਼ਾਨਾ ਬਣਾ ਲਿਆ ਪੰਜਾਬ ਪ੍ਰਾਂਤ ਦੇ ਮੰਤਰੀ ਬਿਲਾਲ ਯਾਸਿਨ ਨੇ ਹਮਲੇ ‘ਚ 69 ਲੋਕਾਂ ਦੇ ਮਾਰੇ ਜਾਣ ਅਤੇ ਕਰੀਬ 300 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ | ਪੰਜਾਬ ਐਮਰਜੈਂਸੀ ਬਚਾਓ ਸੇਵਾ ਦੀ ਬੁਲਾਰਨ ਦੀਬਾ ਸ਼ਹਿਨਾਜ਼ ਨੇ ਕਿਹਾ ਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ | 100 ਤੋਂ ਵੱਧ ਜ਼ਖਮੀਆਂ ਨੂੰ ਲਾਹੌਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ | ਡਾਕਟਰਾਂ ਅਨੁਸਾਰ ਮਿ੍ਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ | ਸ਼ਹਿਰ ਦੇ ਸਾਰੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ, ਲੋਕਾਂ ਨੂੰ ਜ਼ਖਮੀਆਂ ਵਾਸਤੇ ਖੂਨ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ | ਪ੍ਰਤੱਖਦਰਸ਼ੀਆਂ ਅਨੁਸਾਰ ਧਮਾਕੇ ਤੋਂ ਬਾਅਦ ਹਰ ਪਾਸੇ ਖੂਨ ਹੀ ਖੂਨ ਹੋ ਗਿਆ ਅਤੇ ਹਰ ਪਾਸ਼ੇ ਲਾਸ਼ਾਂ ਹੀ ਵਿਖਾਈ ਦੇ ਰਹੀਆਂ ਸਨ | ਸੂਤਰਾਂ ਅਨੁਸਾਰ ਐਤਵਾਰ ਦੀ ਸ਼ਾਮ ਹੋਣ ਕਰਕੇ ਪਾਰਕ ਵਿਚ ਵੱਡੀ ਗਿਣਤੀ ‘ਚ ਪਰਿਵਾਰ ਖਾਸ ਕਰਕੇ ਔਰਤਾਂ ਅਤੇ ਬੱਚੇ ਮੌਜੂਦ ਸਨ | ‘ਡਾਨ’ ਨੇ ਇਕ ਪ੍ਰਤੱਖਦਰਸ਼ੀ ਦੇ ਹਵਾਲੇ ਨਾਲ ਦੱਸਿਆ ਕਿ ਈਸਟਰ ਦਾ ਤਿਉਹਾਰ ਹੋਣ ਕਰਕੇ ਇਥੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ | ਇਲਾਕੇ ਦੇ ਐਸ. ਪੀ. ਮੁਸਤਾਨਸਰ ਫਿਰੋਜ਼ ਨੇ ਦੱਸਿਆ ਕਿ ਧਮਾਕਾ ਬੱਚਿਆਂ ਦੇ ਝੂਲਿਆਂ ਤੋਂ ਮਹਿਜ ਕੁਝ ਮੀਟਰ ਦੀ ਦੂਰੀ ‘ਤੇ ਹੋਇਆ | ਇਕ ਪੀੜਤ ਸਲੀਮ ਸ਼ਾਹਿਦ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਮੇਰੇ ਦੋ ਬੱਚੇ ਝੂਲਾ ਝੂਲ ਰਹੇ ਸਨ | ਧਮਾਕੇ ਤੋਂ ਬਾਅਦ ਮੈ ਤੇ ਬੱਚੇ ਡਿੱਗ ਪਏ | ਜਦੋ ਮੈਨੂੰ ਥੋੜੀ ਹੋਸ਼ ਆਈ ਤਾਂ ਮੈ ਆਪਣੇ ਬੱਚਿਆਂ ਨੂੰ ਲੱਭਣ ਲਈ ਦੌੜਿਆ ਤੇ ਖੁਸ਼ਕਿਸਮਤੀ ਨਾਲ ਉਹ ਵਾਲ-ਵਾਲ ਬਚ ਗਏ | ਉਨ੍ਹ ਾਂ ਦੇ ਸਿਰ ‘ਤੇ ਹਲਕੀ ਸੱਟ ਲੱਗੀ | ਜਾਣਕਾਰੀ ਅਨੁਸਾਰ ਪਾਰਕ ਦੇ ਅੰਦਰ ਅਤੇ ਇਸਦੇ ਦੁਆਲੇ ਕੋਈ ਸੁਰੱਖਿਆ ਨਹੀਂ ਸੀ | ਧਮਾਕੇ ਤੋਂ ਬਾਅਦ ਬਚਾਓ ਦਲ ਦੀਆਂ ਟੀਮਾਂ ਅਤੇ ਪੁਲਿਸ ਘਟਨਾ ਸਥਾਨ ‘ਤੇ ਪੁੱਜ ਗਈ | ਵੱਡੀ ਗਿਣਤੀ ‘ਚ ਪੁਲਿਸ ਬਲਾਂ ਵੱਲੋਂ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ |
ਮੋਦੀ ਵੱਲੋਂ ਸ਼ਰੀਫ਼ ਨੂੰ ਫ਼ੋਨ ਧਮਾਕਿਆਂ ਦੀ ਕੀਤੀ ਨਿਖੇਧੀ
ਨਵੀਂ ਦਿੱਲੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਰ ਰਾਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਫ਼ੋਨ ਕਰਕੇ ਲਾਹੌਰ ਦੇ ਪਾਰਕ ਵਿਚ ਹੋਏ ਆਤਮਘਾਤੀ ਧਮਾਕਿਆਂ ‘ਤੇ ਅਫ਼ਸੋਸ ਜਾਹਰ ਕੀਤਾ ਅਤੇ ਇਸ ਘਿਨੋਣੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ | ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ | ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਲਾਹੌਰ ਧਮਾਕੇ ਬਾਰੇ ਸੁਣਿਆ, ਮੈ ਇਸਦੀ ਕੜੀ ਨਿੰਦਾ ਕਰਦਾ ਹਾਂ |
ਤਾਲਿਬਾਨ ਨਾਲ ਸੰਬੰਧਿਤ ਧੜੇ ਨੇ ਜ਼ਿੰਮੇਵਾਰੀ ਲਈ
ਇਸ ਦੌਰਾਨ ਅੱਤਵਾਦੀ ਜਥੇਬੰਦੀ ਤਾਲਿਬਾਨ ਨਾਲ ਸਬੰਧਿਤ ਜਮਾਤ-ਉਲ-ਅਹਰਾਰ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ ਕਿ ਉਸ ਨੇ ਮੁਸਲਿਮ ਦੇਸ਼ ਪਾਕਿਸਤਾਨ ਵਿਚ ਘੱਟ ਗਿਣਤੀ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ | ਜਥੇਬੰਦੀ ਦੇ ਬੁਲਾਰੇ ਇਹਸਾਨਉਲਾ ਐਹਸਨ ਨੇ ਕਿਹਾ, ‘ਸਾਡਾ ਨਿਸ਼ਾਨਾ ਈਸਾਈ ਲੋਕ ਸਨ | ਅਸੀਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਲਾਹੌਰ ਵਿਚ ਦਾਖ਼ਲ ਹੋ ਗਏ ਹਾਂ | ਅਸੀਂ ਜੋ ਚਾਹੁੰਦੇ ਹਾਂ,ਕਰਾਂਗੇ ਸਾਨੂੰ ਕੋਈ ਨਹੀਂ ਰੋਕ ਸਕਦਾ |’

Install Punjabi Akhbar App

Install
×