ਕਿਰਨ ਸਿੰਗਲਾ ਰਚਿਤ ਕਾਵਿ ਸੰਗ੍ਰਹਿ ‘ਸੁੱਚੇ ਮੋਤੀਆਂ ਦੀ ਗਾਗਰ’ ਉਪਰ ਚਰਚਾ

ਕਾਵਿ ਸੰਗ੍ਰਹਿ ਸਮਾਜਕ ਚੇਤਨਾ ਜਗਾਉਂਦਾ ਹੈ -ਡਾ. ਦਰਸ਼ਨ ਸਿੰਘ ‘ਆਸ਼ਟ’

(ਪਟਿਆਲਾ) -ਕਿਰਨ ਸਿੰਗਲਾ ਦੀਆਂ ਕਵਿਤਾਵਾਂ ਨਸ਼ਾਖ਼ੋਰੀ,ਅਨਪੜ੍ਹਤਾ,ਪ੍ਰਦੂਸ਼ਣ ਅਤੇ ਹਊਮੈਂ ਦਾ ਤਿਆਗ ਕਰਨ ਦੀ ਪ੍ਰੇਰਣਾ ਪੈਦਾ ਕਰਦੀਆਂ ਹਨ। ਇਹਨਾਂ ਵਿਚ ਸਮਾਜਕ ਚੇਤਨਾ ਨੂੰ ਜਗਾਉਣ ਦੀ ਊਰਜਾ ਹੈ।” ਬੀਤੇ ਦਿਨੀਂ ਇਹ ਬੋਲ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ’ ਨੇ ਸਭਾ ਵੱਲੋਂ ਭਾਸ਼ਾ ਵਿਭਾਗ,ਪੰਜਾਬ ਪਟਿਆਲਾ ਵਿਖੇ ਪੰਜਾਬੀ ਕਵਿੱਤਰੀ ਕਿਰਨ ਸਿੰਗਲਾ ਰਚਿਤ ਪਲੇਠੇ ਕਾਵਿ ਸੰਗ੍ਰਹਿ ਸੁੱਚੇ ਮੋਤੀਆਂ ਦੀ ਗਾਗਰ’ ਉਪਰ ਹੋਈ ਵਿਚਾਰ ਚਰਚਾ ਦੌਰਾਨ ਸਾਂਝੇ ਕੀਤੇ। ਡਾ. ਆਸ਼ਟ ਨੇ ਕਿਹਾ ਕਿ ਮੈਡਮ ਸਿੰਗਲਾ ਦੀ ਸ਼ਾਇਰੀ ਵਿਚ ਪੰਜਾਬੀ ਸਭਿਆਚਾਰ ਅਤੇ ਮਾਤ ਭਾਸ਼ਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਬਾਖ਼ੂਬੀ ਪ੍ਰਗਟ ਹੁੰਦਾ ਹੈ।ਡਾ. ਬਲਵਿੰਦਰ ਕੌਰ ਬਰਾੜ ਦਾ ਕਹਿਣਾ ਸੀ ਕਿ ਔਰਤ ਕੋਲ ਕਲਮ ਰਾਹੀਂ ਗੱਲ ਆਖਣ ਦੀ ਸਮਰੱਥਾ ਹੈ। ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਭਾਸ਼ਾਵਾਂ ਨਾਲ ਸੰਬੰਧਤ ਵਿਭਾਗਾਂ ਵਿਚ ਔਰਤ ਦੀ ਮਾਨਸਿਕ ਅਤੇ ਬੌਧਿਕ ਸਥਿਤੀ ਵੱਖ ਵੱਖ ਰੂਪਾਂ ਵਿਚ ਖੋਜ ਕਾਰਜਾਂ ਦਾ ਅਹਿਮ ਹਿੱਸਾ ਬਣ ਰਹੀ ਹੈ। ਚੜ੍ਹਦੀ ਕਲਾ ਪ੍ਰਕਾਸ਼ਨ ਸਮੂਹ ਦੇ ਡਾਇਰੈਕਟਰ ਡਾ. ਇੰਦਰਪ੍ਰੀਤ ਕੌਰ ਦਰਦੀ ਦਾ ਮਤ ਸੀ ਕਿ ਨਾਰੀ ਲੇਖਣ ਦੀ ਚਰਚਾ ਕਰਨ ਤੋਂ ਬਿਨਾਂ ਪੰਜਾਬੀ ਕਾਵਿ ਖੇਤਰ ਦਾ ਇਤਿਹਾਸ ਅਧੂਰਾ ਹੈ। ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ ਦੀ ਧਾਰਣਾ ਸੀ ਕਿ ਮੈਡਮ ਕਿਰਨ ਸਿੰਗਲਾ ਕੋਲ ਆਪਣੀ ਗੱਲ ਕਾਵਿ ਰੂਪ ਵਿਚ ਕਰਨ ਦਾ ਹੁਨਰ ਹੈ।ਉਘੇ ਵਿਦਵਾਨ ਅਤੇ ਚਿੰਤਕ ਡਾ. ਗੁਰਬਚਨ ਸਿੰਘ ਰਾਹੀ ਨੇ ਔਰਤ ਨੂੰ ਸਮਰਪਿਤ ਭਾਵਪੂਰਤ ਨਜ਼ਮ ਸਾਂਝੀ ਕੀਤੀ। ਇਸ ਸਮਾਗਮ ਵਿਚ ਵੱਖ ਵੱਖ ਕਵੀਆਂ ਨੇ ਹਿੱਸਾ ਲਿਆ ਅਤੇ ਅੰਤ ਵਿਚ ਕਵੀਆਂ ਅਤੇ ਕਵਿਤਰੀਆਂ ਦਾ ਸਨਮਾਨ ਵੀ ਕੀਤਾ ਗਿਆ।ਮੰਚ ਸੰਚਾਲਨ ਜਨਰਲ ਸਕੱਤਰ ਮੈਡਮ ਵਿਜੇਤਾ ਭਾਰਦਵਾਜ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।