ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦੇਣ ਵਾਲਾ ਸਫ਼ਲ ਕਿਸਾਨ ਹੈ ਗੁਰਤੇਜ ਮਛਾਣਾ

3

ਬਠਿੰਡਾ/ 10 ਜੂਨ/ — ਖੇਤੀ ਵਿਭਿੰਨਤਾ ਨੂੰ ਅਪਨਾਉਂਦੇ ਹੋਏ ਹਰ ਸਾਲ ਆਪਣੀ ਜਮੀਨ ਵਿਚ ਕੁਝ ਨਵਾਂ ਕਰਨ ਦੀ ਚਾਹ ਰੱਖਣ ਵਾਲੇ ਪਿੰਡ ਮਛਾਣਾ ਦੇ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਨੇ ਇਸ ਵਾਰ ਪਪੀਤੇ ਦੇ 200 ਰੁੱਖ ਲਗਾਏ ਹਨ। ਬਾਗਬਾਨੀ ਵਿਭਾਗ ਬਠਿੰਡਾ ਮੁਤਾਬਿਕ ਕਿਸਾਨ ਗੁਰਤੇਜ ਸਿੰਘ ਉਨ੍ਹਾਂ ਚੰਦ ਕਿਸਾਨਾਂ ਵਿਚੋਂ ਹੈ ਜਿਸਨੇ ਜ਼ਿਲ੍ਹੇ ‘ਚ ਪਹਿਲੀ ਵਾਰ ਪਪੀਤੇ ਦੇ ਬੂਟੇ ਲਗਾ ਕੇ ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦਿੱਤਾ ਹੈ। ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਗੁਰਤੇਜ ਸਿੰਘ ਵੱਲੋਂ ਇਸ ਫਲ ਦੀ ਕਾਮਯਾਬ ਖੇਤੀ ਆਸ-ਪਾਸ ਦੇ ਇਲਕਿਆਂ ਦੇ ਕਿਸਾਨਾਂ ਲਈ ਵੀ ਰਾਹ ਦੁਸੇਰਾ ਬਣੇਗੀ।

ਉਨ੍ਹਾਂ ਦੱਸਿਆ ਕਿ ਗੁਰਤੇਜ ਨੇ ਤਕਰੀਬਨ ਚਾਰ ਕਨਾਲ ਜਮੀਨ ਵਿੱਚ ਪਪੀਤੇ ਦੇ ਰੁੱਖਾਂ ਦੀ ਬਿਜਾਈ ਕੀਤੀ ਹੈ ਜਿਨ੍ਹਾਂ ਤੋਂ ਉਹ ਚੰਗੀ ਕਮਾਈ ਕਰਨ ਦੀ ਉਮੀਦ ਨਾਲ ਇਨ੍ਹਾਂ ਪੌਦਿਆਂ ਦੀ ਸੁਚੱਜੀ ਦੇਖ-ਭਾਲ ਕਰ ਰਿਹਾ ਹੈ। ਇਨ੍ਹਾਂ ਰੁੱਖਾਂ ਨੂੰ ਉਚੇਚੇ ਤੌਰ ‘ਤੇ ਵੇਖਣ ਪਹੁੰਚੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਦਰਸ਼ਨ ਪਾਲ ਅਤੇ ਬਾਗਬਾਨੀ ਅਫਸਰਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਪੀਤੇ ਦੇ ਰੁੱਖ ਲਗਾਉਣ ਵਾਲਾ ਕਿਸਾਨ ਗੁਰਤੇਜ ਸਿੰਘ ਇੱਕ ਅਗਾਂਹਵਧੂ ਕਿਸਾਨ ਹੈ ਜਿਸਨੇ ਆਪਣੇ ਖੇਤ ਵਿੱਚ ਫਸਲਾਂ, ਫਲਾਂ, ਸਬਜ਼ੀਆਂ, ਬਾਗ ਤੋਂ ਇਲਾਵਾ ਬੱਕਰੀਆਂ ਅਤੇ ਮੁਰਗੀਆਂ ਵੀ ਬੜੇ ਵਧੀਆ ਅਤੇ ਵਿਗਿਆਨਕ ਤਰੀਕੇ ਨਾਲ ਪਾਲੀਆਂ ਹੋਈਆਂ ਹਨ।

ਗੁਰਤੇਜ ਸਿੰਘ ਨੇ ਦੱਸਿਆ ਕਿ ਉਸਦੇ ਚਾਰ ਕਨਾਲ ਪੌਲੀਹਾਊਸ ਵਿਚ ਪਿਛਲੇ ਕੁਝ ਸਮੇਂ ਤੋਂ ਸਬਜ਼ੀਆਂ ਲਗਾਈਆਂ ਜਾ ਰਹੀਆਂ ਸਨ, ਪਰ ਸਬਜ਼ੀ ਨੂੰ ਤੋੜਨਾ ਅਤੇ ਤਕਰੀਬਨ ਹਰ ਰੋਜ਼ ਬਜ਼ਾਰ ਵਿਚ ਲੈ ਕੇ ਜਾਣਾ ਅਤੇ ਵੇਚਣ ਤੋਂ ਛੁਟਕਾਰਾ ਪਾਉਣ ਲਈ ਉਸਨੇ ਇਸ ਵਾਰ ਪਪੀਤੇ ਦੀ ਬਿਜਾਈ ਕੀਤੀ ਹੈ। ਉਸ ਨੇ ਦੱਸਿਆ ਕਿ ਪੱਕਣ ਵਾਲੀ ਪਪੀਤੇ ਦੀ ਫ਼ਸਲ ਨੂੰ ਉਹ ਇੱਕ ਜਾਂ ਦੋ ਵਾਰ ‘ਚ ਬਜ਼ਾਰ ‘ਚ ਵੇਚ ਕੇ ਇੱਕਮੁਸ਼ਤ ਕਮਾਈ ਕਰ ਸਕੇਗਾ।

ਕਿਸਾਨ ਗੁਰਤੇਜ ਨੇ ਦੱਸਿਆ ਕਿ ਉਸਨੇ ਇਸ ਫ਼ਲ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆਂਦੇ ਹਨ। ਉਨ੍ਹਾਂ ਦੱਸਿਆ ਕਿ ਚਾਰ ਕਨਾਲ ਵਿਚ ਜਦਕਿ 600 ਬੂਟੇ ਲੱਗ ਸਕਦੇ ਹਨ ਪਰ ਉਸਨੇ 200 ਹੀ ਲਗਾਏ ਹਨ ਤਾਂ ਜੋ ਇਨ੍ਹਾਂ ਬੂਟਿਆਂ ਤੋਂ ਫਲ ਲੈਣ ਦੀ ਰੋਟੇਸ਼ਨ ਬਣੀ ਰਹੇ। ਉਸਨੇ ਦੱਸਿਆ ਕਿ ਉਹ 200 ਬੂਟਾ ਜੁਲਾਈ ਵਿਚ ਅਤੇ ਫਿਰ ਇਨ੍ਹੇ ਹੀ ਬੂਟੇ ਸਤੰਬਰ ਮਹੀਨੇ ਵਿਚ ਲਗਾਵੇਗਾ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×