11ਵੀਂ ਜਮਾਤ ਦੀ ਹੁਸ਼ਿਆਰ ਵਿਦਿਆਰਥਣ ਨੂੰ ਸਰਾਂ ਪਰਿਵਾਰ ਨੇ ਲਿਆ ਗੋਦ!

ਕੋਟਕਪੂਰਾ:- ‘ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ’ ਵਲੋਂ ਨੇੜਲੇ ਪਿੰਡ ਵਾਂਦਰ ਜਟਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀ/ਵਿਦਿਆਰਥਣਾ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਪਿੰਡ ਵਾਂਦਰ ਜਟਾਣਾ ਦੇ ਜੰਮਪਲ ਤੇ ਸੇਵਾਮੁਕਤ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ 2100 ਰੁਪਿਆ ਸਕੂਲ ਦੇ ਵਿਕਾਸ ਲਈ ਫੰਡ ਵੀ ਜਮਾ ਕਰਵਾਇਆ ਅਤੇ ਪ੍ਰਿੰਸੀਪਲ ਮੈਡਮ ਗੁਰਮੇਲ ਕੌਰ ਦੀ ਸਿਫਾਰਸ਼ ‘ਤੇ ਇਕ 11ਵੀਂ ਜਮਾਤ ਦੀ ਹੁਸ਼ਿਆਰ ਲੜਕੀ ਜੋਤੀ ਕੌਰ ਨੂੰ ਗੋਦ ਲੈਣ ਦਾ ਐਲਾਨ ਕੀਤਾ। ਉਨਾ ਆਖਿਆ ਕਿ ਉਕਤ ਲੜਕੀ ਨੂੰ ਚੰਗੀ ਸਿੱਖਿਆ ਦਿਵਾ ਕੇ ਚੰਗਾ ਇਨਸਾਨ ਬਣਾਉਣ ਦੀ ਜਿੰਮੇਵਾਰੀ ਹੁਣ ਸਰਾਂ ਪਰਿਵਾਰ ਦੀ ਹੈ। ਰਜਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਪਿਛਲੇ 10 ਸਾਲਾਂ ਤੋਂ ਇਹ ਪ੍ਰੋਗਰਾਮ ਕਰਦੇ ਆ ਰਹੇ ਹਨ। ਆਪਣੇ ਸੰਬੋਧਨ ਦੌਰਾਨ ਪ੍ਰਿੰਸੀਪਲ ਮੈਡਮ ਗੁਰਮੇਲ ਕੌਰ, ਦਰਸ਼ਨ ਸਿੰਘ ਸਹੋਤਾ ਉਪ ਚੇਅਰਮੈਨ ਜਿਲਾ ਪ੍ਰੀਸ਼ਦ ਫਰੀਦਕੋਟ, ਗੁਰਿੰਦਰ ਸਿੰਘ ਮਹਿੰਦੀਰੱਤਾ, ਇਕਬਾਲ ਸਿੰਘ ਮੰਘੇੜਾ, ਰਛਪਾਲ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਕਾਕਾ, ਵਿਜੈ ਦੇਵਗਨ ਸਮੇਤ ਅਨੇਕਾਂ ਹੋਰ ਬੁਲਾਰਿਆਂ ਨੇ ਵੱਖ ਵੱਖ ਕਿਸਮ ਦੀਆਂ ਉਦਾਹਰਨਾ ਅਤੇ ਮਿਸਾਲਾਂ ਦੇ ਕੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ। ਉਨਾ ਦਾਅਵਾ ਕੀਤਾ ਕਿ ਨਾਮਵਰ ਵਕੀਲ, ਜੱਜ ਜਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਵਾਲੀਆਂ ਸ਼ਖਸ਼ੀਅਤਾਂ ਨੇ ਸਰਕਾਰੀ ਸਕੂਲਾਂ ਵਿੱਚੋਂ ਹੀ ਸਿੱਖਿਆ ਹਾਸਲ ਕੀਤੀ ਹੈ। ਅੰਤ ਵਿੱਚ ਸੁਸਾਇਟੀ ਦੇ ਸੰਸਥਾਪਕ ਮਾ ਸੋਮਇੰਦਰ ਸਿੰਘ ਸੁਨਾਮੀ ਵਲੋਂ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਰਜਿੰਦਰ ਸਿੰਘ ਸਰਾਂ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਉਕਤ ਸਕੂਲ ਵਿੱਚ ਪੜਦੇ ਕੇਸਾਧਾਰੀ ਬੱਚਿਆਂ ਨੂੰ 100-100 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਅੰਤ ‘ਚ ਸੁਸਾਇਟੀ ਨੇ ਮੁੱਖ ਮਹਿਮਾਨ ਰਜਿੰਦਰ ਸਿੰਘ ਸਰਾਂ ਅਤੇ ਪ੍ਰਿੰਸੀਪਲ ਮੈਡਮ ਗੁਰਮੇਲ ਕੌਰ ਦਾ ਯਾਦਗਾਰੀ ਸਨਮਾਨ ਚਿੰਨਾਂ ਨਾਲ ਸਨਮਾਨ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਸਮੇਤ ਪਿੰਡ ਦੀਆਂ ਕੁਝ ਉੱਘੀਆਂ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ।
29 ਜੀ ਐਸ ਸੀ ਐਫ ਡੀ ਕੇ 1ਸਬੰਧਤ ਤਸਵੀਰ।